ਗੁਰਦਾਸਪੁਰ, 17 ਅਕਤੂਬਰ (ਸਰਬਜੀਤ ਸਿੰਘ)–
ਫਰਜ਼ ਜਦੋਂ ਕਾਮਰੇਡ ਕਹਿੰਦੇ ਸੀ
ਦੇਸ਼ ਦੇ ਲੀਡਰਾਂ ਨੇ
ਗੈਟ ਸਮਝੌਤੇ ਤੇ
ਦਸਤਖ਼ਤ ਕਰਕੇ
ਆਪਣੇ ਹੱਥ ਵਢਾ ਲਏ,
ਡੰਕਲ ਤਜਵੀਜਾਂ,
ਨਿੱਜੀਕਰਨ,
ਵਪਾਰੀਕਰਨ ਦੇ
ਬੜੇ ਮਾਰੂ ਪ੍ਰਭਾਵ ਪੈਣਗੇ
ਸਾਨੂੰ ਉਹ ਗੱਲਾਂ
ਫਜ਼ੂਲ ਲਗਦੀਆਂ।
ਜਦੋਂ ਤਸਲੀਮਾ ਨਸਰੀਨ ਨੂੰ
ਜਲਾਵਤਨੀ ਕੱਟਣੀ ਪਈ
ਅਰੁੰਧਤੀ ਰਾਏ ਨੂੰ
ਤਸ਼ੱਦਦ ਸਹਿਣਾ ਪਿਆ
ਅਸੀਂ ਚੁੱਪ ਚਾਪ
ਤਮਾਸ਼ਾ ਦੇਖਦੇ ਰਹੇ।
ਜਦੋਂ ਜੰਮੂ ਕਸ਼ਮੀਰ ਦੇ
ਹਰ ਘਰ ਨੂੰ
ਜੇਲ੍ਹ ਵਿੱਚ ਬਦਲ ਦਿੱਤਾ ਗਿਆ
ਅਸੀਂ ਅਜ਼ਾਦੀ ਦਿਵਸ ਮਨਾਉਂਦੇ ਰਹੇ।
ਜਦੋਂ ਨਿੱਜੀਕਰਨ ਦੀ ਆੜ ਵਿੱਚ
ਸਾਡੇ ਬੱਚਿਆਂ ਦਾ
ਸਿਰਫ ਰੋਟੀ ਬਦਲੇ
ਸ਼ੋਸ਼ਣ ਸ਼ੁਰੂ ਹੋਇਆ
ਅਸੀਂ ਬਾਹਰ ਵੱਲ
ਵਹੀਰਾਂ ਘੱਤ ਲਈਆਂ।
ਜਦੋਂ ਰੇਲਾਂ ਵੇਚੀਆਂ ਗਈਆਂ
ਸੜਕਾਂ ਵੇਚੀਆਂ ਗਈਆਂ
ਹਵਾਈ ਅੱਡੇ ਵੇਚੇ ਗਏ
ਬੈਂਕ ਵੇਚੇ ਗਏ
ਪਹਾੜ ਵੇਚੇ ਗਏ
ਦਰਿਆ ਵੇਚੇ ਗਏ
ਜੰਗਲ਼ ਵੇਚੇ ਗਏ
……….
ਸਾਨੂੰ ਇਹ ਵਿਸ਼ੇ
ਆਪਣੇ ਹੀ ਨਹੀਂ ਲੱਗੇ।
ਜਦੋਂ ਜਾਗਰੂਕ ਲੋਕ
ਸ਼ਹਿਰ ਦੀਆਂ ਸੜਕਾਂ ਉੱਤੇ
ਥੋੜੀ ਜਿਹੀ ਗਿਣਤੀ ਵਿੱਚ
ਰੋਸ ਮੁਜ਼ਾਹਰੇ ਕੱਢਦੇ
ਸਾਨੂੰ ਉਹ ਵਿਹਲੜ ਜਾਪਦੇ।
ਆਖਰ ਓਹੀ ਹੱਥ
ਸਾਡੇ ਗਲਮਿਆਂ ਤੱਕ
ਪੁੱਜ ਚੁੱਕੇ ਹਨ।
ਆਓ ਹੁਣ ਆਪਾਂ
ਲੜਦੇ ਹਾਂ
ਇੱਕਜੁੱਟ ਹੋ ਕੇ
ਆਪਣੇ ਹਿੱਸੇ ਦੀ ਲੜਾਈ
ਇਤਿਹਾਸ ਗਵਾਹ ਹੈ
ਲੜਨ ਵਾਲਿਆਂ ਦੀ ਜਿੱਤ
ਯਕੀਨਨ ਹੁੰਦੀ ਹੈ।


