10 ਅਗਸਤ ਦੇ ‘ਜੇਲ੍ਹ ਭਰੋ ਅੰਦੋਲਨ’ ਦੀਆਂ ਤਿਆਰੀਆਂ  ਮੁਕੰਮਲ- ਕਾਮਰੇਡ ਰਾਜਵਿੰਦਰ ਰਾਣਾ

ਮਾਲਵਾ

ਕੋਰਪੋਰੇਟ ਪੱਖੀ ਤੇ ਮਜ਼ਦੂਰ ਕਿਸਾਨ ਵਿਰੋਧੀ ਨੀਤੀਆਂ ਚਲਾਉਣ ਵਾਲੀ ਮੋਦੀ ਸਰਕਾਰ ਨੂੰ  ਚਲਦਾ ਕਰਨਾ ਜ਼ਰੂਰੀ: ਮਜ਼ਦੂਰ ਆਗੂ

ਮਾਨਸਾ, ਗੁਰਦਾਸਪੁਰ, 9 ਅਗਸਤ (ਸਰਬਜੀਤ ਸਿੰਘ)–  ਦੇਸ਼ ਦੀਆਂ ਕੇਂਦਰੀ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ 10 ਅਗਸਤ (ਸੋਮਵਾਰ) ਨੂੰ ਦਿੱਤੇ ਗਏ ਦੇਸ਼-ਵਿਆਪੀ ‘ਜੇਲ੍ਹ ਭਰੋ ਅੰਦੋਲਨ’ ਦੇ ਸੱਦੇ ਦੀਆਂ ਤਿਆਰੀਆਂ ਵਜੋਂ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਮਜ਼ਦੂਰਾਂ ਦੀ ਵਿਆਪਕ ਲਾਮਬੰਦੀ ਕਰਨ ਅਤੇ ਅੰਦੋਲਨ ਨੂੰ ਇਤਿਹਾਸਕ ਬਣਾਉਣ ਦਾ ਦ੍ਰਿੜ੍ਹ ਸੰਕਲਪ ਲਿਆ ਗਿਆ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਏਕਟੂ ਦੇ ਪ੍ਰਧਾਨ ਕਾਮਰੇਡ ਰਾਜਵਿੰਦਰ ਰਾਣਾ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਗੁਰਸੇਵਕ ਮਾਨ, ਇਨਕਲਾਬੀ ਨੌਜਵਾਨ ਸਭਾ ਦੇ ਆਗੂ ਹੈਪੀ ਮਾਨ, ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਪ੍ਰਧਾਨ ਜਸਵੀਰ ਸੀਰਾ, ਕੁਲਵਿੰਦਰ ਧਲੇਵਾਂ ਅਤੇ ਗੁਰਦੇਵ ਸਿੰਘ ਦਲੇਲ ਸਿੰਘ ਵਾਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਨੇ ਮਿਹਨਤਕਸ਼ ਲੋਕਾਂ ਦਾ ਜੀਵਨ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਭਰ ਵਿੱਚ ਇੱਕਜੁੱਟਤਾ ਦਿਖਾ ਕੇ ਇਸ ਮਜ਼ਦੂਰ ਵਿਰੋਧੀ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਜਾਵੇ।

ਯੂਨੀਅਨ ਆਗੂਆਂ ਨੇ ਕਿਹਾ ਕਿ ਅਮਰੀਕਾ ਮੁਕਤ ਵਪਾਰ ਸਮਝੌਤਾ ਅਤੇ ਅਸਮਾਨ ਟੈਰਿਫ ਨੀਤੀਆਂ ਭਾਰਤੀ ਕਿਸਾਨਾਂ ਦੇ ਹਿੱਤਾਂ ‘ਤੇ ਸਿੱਧਾ ਹਮਲਾ ਹਨ। ਇਸ ਸਮਝੌਤੇ ਨੂੰ ਤੁਰੰਤ ਰੱਦ ਕੀਤਾ ਜਾਵੇ। ਮਜ਼ਦੂਰ ਵਿਰੋਧੀ ਕਾਨੂੰਨ ਰੱਦ ਕੀਤੇ ਜਾਣ: ਚਾਰ ਲੇਬਰ ਕੋਡਾਂ ਅਤੇ ਵੀ.ਬੀ.-ਗ੍ਰਾਮ-ਜੀ ਕਾਨੂੰਨ ਨੂੰ ਤੁਰੰਤ ਰੱਦ ਕੀਤਾ ਜਾਵੇ। ਨਿੱਜੀਕਰਨ ‘ਤੇ ਰੋਕ: ਜਨਤਕ ਖੇਤਰ ਦੇ ਅੰਧਾਧੁੰਦ ਨਿੱਜੀਕਰਨ ਨੂੰ ਬੰਦ ਕੀਤਾ ਜਾਵੇ। ਪੱਕਾ ਰੁਜ਼ਗਾਰ ਤੇ ਉਜਰਤ: ਕੱਚੇ ਕਾਮਿਆਂ ਲਈ ਸਥਾਈ ਰੁਜ਼ਗਾਰ ਦਾ ਸਥਾਈ ਪ੍ਰਬੰਧ ਕੀਤਾ ਜਾਵੇ ਅਤੇ ਘੱਟੋ-ਘੱਟ ਉਜਰਤ 42,000 ਰੁਪਏ ਪ੍ਰਤੀ ਮਹੀਨਾ ਲਾਗੂ ਕੀਤੀ ਜਾਵੇ। ਆਗੂਆਂ ਨੇ ਕਿਹਾ ਦਿਨ-ਬ-ਦਿਨ ਵਧ ਰਹੀ ਬੇਲਗਾਮ ਮਹਿੰਗਾਈ ‘ਤੇ ਤੁਰੰਤ ਰੋਕ ਲਗਾਈ ਜਾਵੇ। ਸੰਵਿਧਾਨ ਤੇ ਲੋਕਤੰਤਰ ਦੀ ਰਾਖੀ: ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨਕ ਹੱਕਾਂ ‘ਤੇ ਹੋ ਰਹੇ ਹਮਲਿਆਂ ਨੂੰ ਬੰਦ ਕੀਤਾ ਜਾਵੇ।

ਮੀਟਿੰਗ ਦੌਰਾਨ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਆਗੂਆਂ ਨੇ ਐਲਾਨ ਕੀਤਾ ਕਿ 10 ਅਗਸਤ ਦੇ ਇਸ ਦੇਸ਼-ਵਿਆਪੀ ‘ਜੇਲ੍ਹ ਭਰੋ ਅੰਦੋਲਨ’ ਵਿੱਚ ਪੱਲੇਦਾਰ ਵਰਕਰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ ਅਤੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਦਾ ਮੂੰਹ-ਤੋੜ ਜਵਾਬ ਦੇਣਗੇ।

Leave a Reply

Your email address will not be published. Required fields are marked *