ਖਾਟੂ ਸ਼ਿਆਮ-ਸਾਲਾਸਰ ਬਾਲਾਜੀ, ਮਥੁਰਾ-ਵ੍ਰਿੰਦਾਵਨ ਅਤੇ ਹਰਿਦੁਆਰ-ਰਿਸ਼ੀਕੇਸ਼ ਲਈ ਹੋਵੇਗੀ ਤੀਰਥ ਯਾਤਰਾ, 12 ਅਗਸਤ ਨੂੰ ਪਹਿਲੀ ਬੱਸ ਹਰਿਦੁਆਰ-ਰਿਸ਼ੀਕੇਸ਼ ਲਈ ਹੋਵੇਗੀ ਰਵਾਨਾ : ਰਮਨ ਬਹਿਲ
ਗੁਰਦਾਸਪੁਰ, 9 ਅਗਸਤ (ਸਰਬਜੀਤ ਸਿੰਘ)– ਗੁਰਦਾਸਪੁਰ ਦੇ ਹਲਕਾ ਇੰਚਾਰਜ ਰਮਨ ਬਹਿਲ ਦੇ ਯਤਨਾਂ ਸਦਕਾ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਾਸੀਆਂ ਨੂੰ ‘ਮੁੱਖ ਮੰਤਰੀ ਤੀਰਥ ਯਾਤਰਾ’ ਤਹਿਤ ਤਿੰਨ ਹੋਰ ਨਵੇਂ ਤੀਰਥ ਯਾਤਰਾ ਰੂਟ ਮਿਲੇ ਹਨ। ਇਨ੍ਹਾਂ ਵਿੱਚ ਸ੍ਰੀ ਖਾਟੂ ਸ਼ਿਆਮ ਜੀ-ਸਾਲਾਸਰ ਬਾਲਾਜੀ, ਮਥੁਰਾ-ਵ੍ਰਿੰਦਾਵਨ ਅਤੇ ਹਰਿਦੁਆਰ-ਰਿਸ਼ੀਕੇਸ਼ ਦੇ ਰੂਟ ਸ਼ਾਮਲ ਹਨ। ਇਨ੍ਹਾਂ ਨਵੇਂ ਰੂਟਾਂ ਨੂੰ ਲੈ ਕੇ ਸ਼ਹਿਰ ਅਤੇ ਇਲਾਕੇ ਦੀ ਸੰਗਤ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਰਮਨ ਬਹਿਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ “ਮੁੱਖ ਮੰਤਰੀ ਤੀਰਥ ਯਾਤਰਾ” ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਯਾਤਰਾ ਤਹਿਤ ਗੁਰਦਾਸਪੁਰ ਵਿਧਾਨ ਸਭਾ ਹਲਕੇ ਤੋਂ ਹਰ ਮਹੀਨੇ 10 ਬੱਸਾਂ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੁੰਦੀਆਂ ਹਨ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਗੁਰਦਾਸਪੁਰ ਵਿਧਾਨ ਸਭਾ ਹਲਕੇ ਤੋਂ 47 ਬੱਸਾਂ ਤੀਰਥ ਯਾਤਰਾ ’ਤੇ ਜਾ ਚੁੱਕੀਆਂ ਹਨ। ਇਨ੍ਹਾਂ ਬੱਸਾਂ ਰਾਹੀਂ ਸੰਗਤਾਂ ਨੂੰ ਸ੍ਰੀ ਆਨੰਦਪੁਰ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਵਿਰਾਸਤ-ਏ-ਖਾਲਸਾ, ਸ੍ਰੀ ਕੀਰਤਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਸਮੇਤ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ।
ਰਮਨ ਬਹਿਲ ਨੇ ਕਿਹਾ ਕਿ ਤੀਰਥ ਯਾਤਰਾ ਤੋਂ ਵਾਪਸ ਆਉਣ ਵਾਲੀਆਂ ਸੰਗਤਾਂ ਦੇ ਚਿਹਰਿਆਂ ’ਤੇ ਖੁਸ਼ੀ ਅਤੇ ਸੰਤੁਸ਼ਟੀ ਦੇਖਣ ਨੂੰ ਮਿਲਦੀ ਹੈ। ਸੰਗਤਾਂ ਵੱਲੋਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਇਸ ਲਈ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਾਸੀਆਂ ਲਈ ਹੁਣ ਤਿੰਨ ਹੋਰ ਨਵੇਂ ਰੂਟ ਮਨਜ਼ੂਰ ਕੀਤੇ ਗਏ ਹਨ। ਇਨ੍ਹਾਂ ਰੂਟਾਂ ਰਾਹੀਂ ਸੰਗਤਾਂ ਨੂੰ ਸ੍ਰੀ ਖਾਟੂ ਸ਼ਿਆਮ ਜੀ ਅਤੇ ਸਾਲਾਸਰ ਬਾਲਾਜੀ, ਮਥੁਰਾ-ਵ੍ਰਿੰਦਾਵਨ ਅਤੇ ਹਰਿਦੁਆਰ-ਰਿਸ਼ੀਕੇਸ਼ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਨਵੇਂ ਰੂਟਾਂ ਵਿੱਚੋਂ ਹਰਿਦੁਆਰ -ਰਿਸ਼ੀਕੇਸ਼ ਲਈ ਪਹਿਲੀ ਬੱਸ 12 ਅਗਸਤ ਨੂੰ ਗੁਰਦਾਸਪੁਰ ਵਿਧਾਨ ਸਭਾ ਹਲਕੇ ਤੋਂ ਰਵਾਨਾ ਹੋਵੇਗੀ। ਇਸ ਯਾਤਰਾ ਲਈ ਹੁਣ ਤੱਕ 33 ਯਾਤਰੀਆਂ ਦੇ ਨਾਮ ਦਰਜ ਹੋ ਚੁੱਕੇ ਹਨ। ਇਸ ਯਾਤਰਾ ਦਾ ਵਿਸਥਾਰਪੂਰਵਕ ਸ਼ਡਿਊਲ ਆਉਣ ਵਾਲੇ ਸਮੇਂ ਵਿੱਚ ਸਾਂਝਾ ਕੀਤਾ ਜਾਵੇਗਾ। ਫਿਲਹਾਲ ਇਹ ਯਾਤਰਾ ਦੋ ਰਾਤਾਂ ਅਤੇ ਤਿੰਨ ਦਿਨਾਂ ਦੀ ਹੋਵੇਗੀ।
ਰਮਨ ਬਹਿਲ ਨੇ ਇਸ ਸ਼ੁਭ ਮੌਕੇ ’ਤੇ ਸਮੂਹ ਗੁਰਦਾਸਪੁਰ ਵਾਸੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਿਆਂ ਅਪੀਲ ਕੀਤੀ ਕਿ ਉਹ ‘ਮੁੱਖ ਮੰਤਰੀ ਤੀਰਥ ਯਾਤਰਾ’ ਤਹਿਤ ਸ਼ੁਰੂ ਕੀਤੇ ਗਏ ਇਨ੍ਹਾਂ ਨਵੇਂ ਰੂਟਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਜਿਹੜੇ ਸ਼ਰਧਾਲੂ ਇਨ੍ਹਾਂ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੇ ਹਨ, ਉਹ ਆਪਣੀਆਂ ਸੀਟਾਂ ਵਿਰਾਸਤ ਸੇਵਾ ਸੰਗਠਨ ਗੁਰਦਾਸਪੁਰ ਦੇ ਕੋਆਰਡੀਨੇਟਰ ਗਗਨ ਮਹਾਜਨ ਨਾਲ ਸੰਪਰਕ ਕਰਕੇ ਬੁੱਕ ਕਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਸੰਗਤਾਂ ਨੂੰ ਵੱਖ-ਵੱਖ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਦਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਇਸ ਰਾਹੀਂ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ ਅਤੇ ਸੰਗਤਾਂ ਵਿੱਚ ਇਸ ਯਾਤਰਾ ਨੂੰ ਲੈ ਕੇ ਭਾਰੀ ਉਤਸ਼ਾਹ ਹੈ।
ਇਸ ਮੌਕੇ ਵਿਰਾਸਤ ਸੇਵਾ ਸੰਗਠਨ ਗੁਰਦਾਸਪੁਰ ਦੇ ਕੋਆਰਡੀਨੇਟਰ ਗਗਨ ਮਹਾਜਨ ਅਤੇ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਟਰੱਸਟੀ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਿਤੇਸ਼ ਮਹਾਜਨ ਵੀ ਮੌਜੂਦ ਸਨ।


