ਵੱਡੇ ਪਸ਼ੂਆਂ ਅਤੇ ਇੱਕ ਮਹੀਨੇ ਤੋਂ ਉੱਪਰ ਦੇ ਬੱਚਿਆਂ ਨੂੰ ਮੂੰਹ-ਖ਼ੁਰ ਦੇ ਟੀਕੇ ਜਰੂਰ ਲਗਵਾਏ ਜਾਣ
ਗੁਰਦਾਸਪੁਰ, 6 ਦਸੰਬਰ (ਸਰਬਜੀਤ ਸਿੰਘ)– ਦਸੰਬਰ ਮਹੀਨਾਂ ਸ਼ੁਰੂ ਹੁੰਦਿਆਂ ਹੀ ਠੰਡ ਵੀ ਵੱਧਣ ਲੱਗ ਪਈ ਹੈ। ਠੰਡ ਦੇ ਇਸ ਮੌਸਮ ਵਿਚ ਪਸ਼ੂਆਂ ਦੀ ਸਾਂਭ-ਸੰਭਾਲ ਵੱਲ ਹੋਰ ਧਿਆਨ ਦੇਣ ਦੀ ਲੋੜ ਹੈ। ਪਸ਼ੂ ਪਾਲਣ ਵਿਭਾਗ ਨੇ ਪਸ਼ੂ ਪਾਲਕਾਂ ਨੂੰ ਠੰਡ ਦੇ ਮੌਸਮ ਦੇ ਮੱਦੇਨਜ਼ਰ ਕੁਝ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ ਤਾਂ ਜੋ ਸਰਦੀ ਦੇ ਮੌਸਮ ਵਿੱਚ ਪਸ਼ੂ ਠੰਡ ਤੋਂ ਬਚੇ ਰਹਿਣ।
ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸ਼ਾਮ ਸਿੰਘ ਨੇ ਪਸ਼ੂ ਪਾਲਕਾਂ ਨੂੰ ਸਲਾਹ ਦਿੱਤੀ ਹੈ ਕਿ ਪਸ਼ੂਆਂ ਨੂੰ ਸੁੱਕੀ ਥਾਂ ’ਤੇ ਬੰਨਿਆ ਜਾਵੇ। ਜੇਕਰ ਪਸ਼ੂਆਂ ਥੱਲੇ ਵਿਛਾਈ ਸੁੱਕ ਗਿੱਲੀ ਹੋ ਜਾਵੇ ਤਾਂ ਬਦਲ ਦਿੱਤੀ ਜਾਵੇ। ਉਨਾਂ ਕਿਹਾ ਕਿ ਨਵਜੰਮੇ/ਕੱਟੜੂ-ਵੱਛੜੂ ਠੰਡ ਵਿੱਚ ਜਲਦੀ ਨਮੂਨੀਏ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜ਼ਿਆਦਾ ਮੌਤਾਂ ਇਸ ਕਾਰਨ ਹੀ ਹੁੰਦੀਆਂ ਹਨ। ਉਨਾਂ ਨੂੰ ਸਾਫ਼-ਸੁਥਰੀ ਸੁੱਕੀ ਜਗਾ ਉਤੇ ਰੱਖੋ। ਰਾਤ ਨੂੰ ਪਸ਼ੂਆਂ ਨੂੰ ਅੰਦਰ ਰੱਖਿਆ ਜਾਵੇ ਅਤੇ ਦਿਨੇ ਧੁੱਪ ਵਿੱਚ ਬੰਨੋ। ਜੇ ਲੋੜ ਪਵੇ ਤਾਂ ਸ਼ੈੱਡ ਦੇ ਪਾਸਿਆਂ ਉਤੇ ਪੱਲੀ ਵੀ ਲਾਈ ਜਾ ਸਕਦੀ ਹੈ। ਉਨਾਂ ਕਿਹਾ ਕਿ ਜ਼ਿਆਦਾ ਠੰਡ ਵਿੱਚ ਪਸ਼ੂਆਂ ਉਪਰ ਝੁੱਲ ਵੀ ਪਾਏ ਜਾ ਸਕਦੇ ਹਨ।
ਡਾ. ਸ਼ਾਮ ਸਿੰਘ ਨੇ ਕਿਹਾ ਕਿ ਪਸ਼ੂਆਂ ਨੂੰ ਸਵੇਰੇ-ਸ਼ਾਮ ਦੁੱਧ ਚੋਣ ਵੇਲੇ ਦੇਖਣਾ ਚਾਹੀਦਾ ਹੈ, ਜੇ ਪਸ਼ੂ ਤਾਰਾਂ ਕਰਦਾ ਹੋਵੇ ਤਾਂ ਉਸ ਨੂੰ ਗਰਭਦਾਨ ਦਾ ਟੀਕਾ ਲਗਵਾਉਣਾ ਚਾਹੀਦਾ ਹੈ। ਪਸ਼ੂਆਂ ਦਾ ਦੁੱਧ ਚੋਣ ਤੋਂ ਬਾਅਦ ਥਣਾਂ ਉਪਰ ਦੁੱਧ ਨਾ ਲਗਾਓ। ਫਟੇ ਹੋਏ ਜਾਂ ਜਖਮੀ ਥਣਾਂ ਨੂੰ ਗਲਿਸਰੀਨ ਅਤੇ ਬੀਟਾਡੀਨ (1: 4) ਦੇ ਘੋਲ ਵਿੱਚ ਡੋਬਾ ਦੇ ਕੇ ਠੀਕ ਕੀਤਾ ਜਾ ਸਕਦਾ ਹੈ।
ਡਾ. ਸ਼ਾਮ ਸਿੰਘ ਨੇ ਕਿਹਾ ਕਿ ਸਿਆਲ ਦੇ ਦਿਨਾਂ ਵਿੱਚ ਪਸ਼ੂਆਂ ਨੂੰ ਐਨਰਜੀ ਭਰਪੂਰ ਖ਼ੁਰਾਕ ਦੇਣੀ ਚਾਹੀਦੀ ਹੈ। ਪਸ਼ੂਆਂ ਨੂੰ ਅਫ਼ਾਰੇ ਤੋਂ ਬਚਾਉਣ ਲਈ ਕੁਤਰੀ ਹੋਈ ਬਰਸੀਮ ਵਿੱਚ ਤੂੜੀ ਰਲਾ ਕੇ ਖੁਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਇਕੱਲੀ ਪਰਾਲੀ ਨਾ ਪਾਓ ਕਿਉਂਕਿ ਪਰਾਲੀ ਵਿੱਚ ਮਿੱਟੀ ਹੋਣ ਕਰਕੇ ਪਸੂਆਂ ਨੂੰ ਮੋਕ ਵੀ ਲੱਗ ਸਕਦੀ ਹੈ। ਡਾ. ਸ਼ਾਮ ਸਿੰਘ ਨੇ ਕਿਹਾ ਕਿ ਪਸ਼ੂ ਨੂੰ ਰੋਜ਼ਾਨਾਂ 50 ਗ੍ਰਾਂਮ ਮਿਨਰਲ ਮਿਕਚਰ (ਧਾਤਾਂ ਦਾ ਚੂਰਾ) ਜ਼ਰੂਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਵੱਡੇ ਪਸ਼ੂਆਂ ਅਤੇ ਇੱਕ ਮਹੀਨੇ ਤੋਂ ਉੱਪਰ ਦੇ ਬੱਚਿਆਂ ਨੂੰ ਮੂੰਹ-ਖ਼ੁਰ ਦੇ ਟੀਕੇ ਜਰੂਰ ਲਗਵਾਏ ਜਾਣ।


