ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਸੋਹਲ ਵਿਚ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ
ਗੁਰਦਾਸਪੁਰ, 21 ਮਈ (ਸਰਬਜੀਤ ਸਿੰਘ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਸਾਉਣੀ ਮੁਹਿੰਮ ਤਹਿਤ ਬਲਾਕ ਧਾਰੀਵਾਲ ਦੇ ਪਿੰਡ ਸੋਹਲ ਵਿਖੇ ਸਥਿਤ ਖੇਤੀਬਾੜੀ ਦਫ਼ਤਰ ਵਿਚ ਬਲਾਕ ਪੱਧਰੀ ਕਿਸਾਨ ਜਾਗਰੁਕਤਾ ਕੈਂਪ ਦਾ ਅਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ ਜ਼ਿਲ੍ਹਾ ਸਿਖਲਾਈ ਅਫ਼ਸਰ ਨੇ ਕੀਤੀ। ਇਸ ਮੌਕੇ ਡਾ. ਦਿਲਰਾਜ ਸਿੰਘ, ਡਾ. ਪਰਮਿੰਦਰ ਕੁਮਾਰ ਖੇਤੀਬਾੜੀ ਵਿਕਾਸ ਅਫਸਰ, ਡਾ. ਸੰਦੀਪ ਸਿੰਘ ਪੀ ਡੀ ਆਤਮਾ, ਰਵਿੰਦਰ ਕੌਰ, ਯਾਦਵਿੰਦਰ ਸਿੰਘ, ਅਰਜਿੰਦਰ ਸਿੰਘ ਖੇਤੀ ਵਿਸਥਾਰ ਅਫਸਰ, ਦਿਲਬਾਗ ਸਿੰਘ ਬੀ ਟੀ ਐਮ, ਵਰਿੰਦਰ ਸਿੰਘ ਖੇਤੀ ਉੱਪ ਨਿਰੀਖਕ, ਮੱਖਣ ਸਿੰਘ ਨਗੀਨਾ ਸਮੇਤ ਕਿਸਾਨ ਮਿੱਤਰ ਅਤੇ ਕਿਸਾਨ ਹਾਜ਼ਰ ਸਨ।
ਕੈਂਪ ਵਿਚ ਹਾਜ਼ਰ ਕਿਸਾਨਾਂ ਨੂੰ ਜ਼ਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨਾਲ ਭਵਿੱਖ ਦੀ ਖੇਤੀ ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਕੁਝ ਕਿਸਾਨਾਂ ਵਲੋਂ ਪਹਿਲਾਂ ਕਣਕ ਦੇ ਨਾੜ੍ਹ ਨੂੰ ਅੱਗ ਲਗਾ ਕੇ ਸਾੜ ਕੇ ਜ਼ਮੀਨ ਨੂੰ ਗਰਮ ਕੀਤਾ ਜਾਂਦਾ ਹੈ ਬਾਅਦ ਵਿੱਚ ਬਿਜਲੀ ਵਾਲੇ ਟਿਊਬਵੈੱਲ ਚਲਾ ਕੇ ਜ਼ਮੀਨਾਂ ਨੂੰ ਠੰਢਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਜ਼ਮੀਨ ਹੇਠਲੇ ਪਾਣੀ ਅਤੇ ਬਿਜਲੀ ਦੀ ਬਰਬਾਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਣਕ ਦੇ ਨਾੜ੍ਹ ਨੂੰ ਤਵੀਆਂ, ਰੋਟਾਵੇਟਰ ਜਾਂ ਪਲਟਾਵੀਂ ਹੱਲ ਨਾਲ ਖੇਤ ਵਿਚ ਵਾਹ ਦੇਣਾ ਚਾਹੀਦਾ ਹੈ ਅਤੇ ਅੱਗ ਨਹੀਂ ਲਗਾਉਣੀ ਚਾਹੀਦੀ।
ਉਨ੍ਹਾਂ ਕਿਹਾ ਕਿ ਬਾਸਮਤੀ ਦੀ ਫ਼ਸਲ ਦੇ ਉਤਪਾਦਨ ਵਿੱਚ ਪੈਰਾਂ ਦੇ ਗਲਣ ਦਾ ਰੋਗ (ਝੰਡਾ ਰੋਗ) ਦੀ ਬਿਮਾਰੀ ਬਾਸਮਤੀ ਉਤਪਾਦਕਾਂ ਲਈ ਵੱਡੀ ਸਿਰ ਦਰਦੀ ਬਣਦੀ ਜਾ ਰਹੀ ਹੈ ਕਈ ਵਾਰ ਤਾਂ ਇਹ ਸਮੱਸਿਆ ਇੰਨੀ ਵੱਡੀ ਪੱਧਰ ਤੇ ਆਉਂਦੀ ਹੈ ਕਿ ਬਾਸਮਤੀ ਦੀ ਫਸਲ ਖੇਤ ਵਿੱਚ ਹੀ ਵਾਹੁਣੀ ਪੈ ਜਾਂਦੀ ਹੈ। ਇਸ ਲਈ ਇਸ ਰੋਗ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਪਨੀਰੀ ਦੀ ਬਿਜਾਈ ਸਿਫਾਰਸ਼ ਕੀਤੇ ਸਮੇਂ ਅਨੁਸਾਰ ਹੀ ਕੀਤੀ ਜਾਵ ੇ।ਉਨ੍ਹਾਂ ਕਿਹਾ ਕਿ ਸਿਹਤਮੰਦ ਫਸਲ ਦੀ ਕਾਸਤ ਲਈ ਜ਼ਰੂਰੀ ਹੈ ਕਿ ਉਸ ਫਸਲ ਦਾ ਬੀਜ ਸ਼ੁੱਧ ਅਤੇ ਉੱਚ ਮਿਆਰ ਦਾ ਹੋਵੇ ਤਾਂ ਜੋ ਬਾਅਦ ਵਿੱਚ ਆਉਣ ਵਾਲੀਆਂ ਕਿਸੇ ਵੀ ਤਰਾਂ ਦੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ। ਇਸ ਲਈ ਬਾਸਮਤੀ ਦਾ ਬੀਜ ਕਿਸੇ ਭਰੋਸੇਯੋਗ ਅਦਾਰਿਆਂ ਜਿਵੇਂ ਪਨਸੀਡ, ਪੀ ਏ ਯੂ, ਇਫਕੋ, ਕਰਿਭਕੋ, ਐਨ ਐਫ ਐਲ ਜਾਂ ਲਾਇਸੰਸ਼ਧਾਰੀ ਖੇਤੀ ਸਮੱਗਰੀ ਵਿਕ੍ਰੇਤਾਵਾਂ ਤੋਂ ਹੀ ਖ੍ਰੀਦਿਆ ਜਾਵੇ। ਉਨਾਂ ਕਿਹਾ ਕਿ ਬੀਜ ਦੀ ਖਰੀਦ ਕਰਨ ਉਪਰੰਤ ਖਰੀਦ ਬਿੱਲ ਡੀਲਰ ਤੋਂ ਜ਼ਰੂਰ ਲਿਆ ਜਾਵੇ। ਉਨਾਂ ਕਿਹਾ ਕਿ ਸਿਰਫ ਝੋਨੇ ਦੀਆਂ ਨੋਟੀਫਾਈਡ ਹਾਈਬ੍ਰਿਡ ਕਿਸਮਾਂ ਜਿਵੇਂ ਪੀ ਆਰ ਐਚ 122, ਪੀ ਏ 6129, ਹਾਈਬ੍ਰਿਡ 6444, ਵੀ ਐਨ ਆਰ 2375, ਪੀ ਏ 6129, ਸਾਹਾਇਦਰੀ -4, ਐਚ ਆਰ ਆਂਈ 178, ਐਚ ਆਰ ਆਈ 180, 27 ਪੀ 22, ਵੀ ਐਨ ਆਰ 2111, ਸਾਵਾ 134, ਕੇ ਪੀ ਐਚ 471, ਸਾਵਾ 127, ਜੇ ਕੇ ਆਰ ਐਚ 2154, ਇਨਡਾਮ 100-012, ਏ ਜ਼ੈਡ 8433 ਡੀ ਟੀ, ਡੀ ਆਰ ਆਰ ਐਚ-4 ਦੀ ਹੀ ਕਾਸਤ ਕਰਨੀ ਚਾਹੀਦੀ ਹੈ।
ਡਾ.ਦਿਲਰਾਜ ਸਿੰਘ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕੀਤੀਆਂ ਸਿਫਾਰਸ਼ਾਂ ਅਨੁਸਾਰ ਹੀ ਝੋਨੇ ਦੀ ਫਸਲ ਵਿਚ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨਾਂ ਪੀ ਐਮ ਕਿਸਾਨ ਸਕੀਮ ਤਹਿਤ ਲਾਭਪਾਤਰੀਆਂ ਨੂੰ ਪੇਸ਼ ਸਮੱਸਿਆਵਾਂ ਦੇ ਹੱਲ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਜਿਨਾਂ ਕਿਸਾਨਾਂ ਦੀ ਜਮੀਨ ਦਾ ਰਿਕਾਰਡ ਪੋਰਟਲ ਤੇ ਦਰੁਸਤ ਨਹੀਂ ਹੋਇਆ ਉਹ ਆਪਣਾ ਅਧਾਰ ਕਾਰਡ ਅਤੇ ਜਮਾਂਬੰਦੀ ਖੇਤੀਬਾੜੀ ਦਫਤਰਾਂ ਵਿੱਚ ਜਮਾਂ ਕਰਵਾਉਣ ਤਾਂ ਜੋ ਜਮੀਨ ਦਾ ਰਿਕਾਰਡ ਦਰੁਸਤ ਕੀਤਾ ਜਾ ਸਕੇ। ਡਾ. ਪਰਮਿੰਦਰ ਕੁਮਾਰ ਨੇ ਸਾਉਣੀ ਦੀਆਂ ਫਸਲਾਂ ਵਿਚ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੀ ਰਿਪੋਰਟ ਦੇ ਅਧਾਰ ਤੇ ਕਰਨ ਦੀ ਅਪੀਲ ਕੀਤੀ। ਡਾ. ਸੰਦੀਪ ਸਿੰਘ ਨੇ ਕਿਸਾਨਾਂ ਨੂੰ ਆਤਮਾ ਤਹਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸਟੇਜ ਸਕੱਤਰ ਦੀ ਜਿੰਮੇਵਾਰੀ ਵਰਿੰਦਰ ਸਿੰਘ ਨੇ ਬਾਖੂਬੀ ਨਿਭਾਈ।