ਸ਼ਗਨ ਸਕੀਮ ਅਧੀਨ ਰਜਿਸਟਰਡ ਉਸਾਰੀ ਕਿਰਤੀਆਂ ਨੂੰ ਉਨਾਂ ਦੀ ਧੀਆਂ ਦੇ ਵਿਆਹ ਲਈ ਦਿੱਤੇ ਜਾ ਰਹੇ ਹਨ 51,000 ਰੁਪਏ
ਗੁਰਦਾਸਪੁਰ, 21 ਮਈ (ਸਰਬਜੀਤ ਸਿੰਘ)–ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਾਰੇ ਵਰਗਾਂ ਦੀ ਭਲਾਈ ਲਈ ਵਚਨਬੱਧ ਹੈ। ਇਸੇ ਮੰਤਵ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਨੇ ਉਸਾਰੀ ਕਿਰਤੀਆਂ ਦੀ ਸਮਾਜਿਕ ਅਤੇ ਆਰਥਿਕ ਤਰੱਕੀ ਲਈ ਵੱਖ-ਵੱਖ ਕਿਰਤੀ ਭਲਾਈ ਸਕੀਮਾਂ ਲਾਗੂ ਕੀਤੀਆਂ ਹਨ।
ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਪੰਜਾਬ ਵਿੱਚ ਰਜਿਸਟਰਡ ਉਸਾਰੀ ਕਿਰਤੀ ਆਪਣੀਆਂ ਧੀਆਂ ਦੇ ਵਿਆਹ ਲਈ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਬੋਰਡ (ਬੀਓਸੀਡਬਲਯੂ ਬੋਰਡ) ਦੀ ਸ਼ਗਨ ਸਕੀਮ ਤਹਿਤ 51,000 ਰੁਪਏ ਦੀ ਰਾਸ਼ੀ ਪ੍ਰਾਪਤ ਕਰਨ ਦੇ ਯੋਗ ਹੈ। ਇਸ ਸਕੀਮ ਦਾ ਲਾਭ ਉਸਾਰੀ ਕਾਮੇ 2 ਲੜਕੀਆਂ ਤੱਕ ਦੇ ਵਿਆਹ ਲਈ ਲੈ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਕੋਈ ਮਹਿਲਾ ਉਸਾਰੀ ਕਿਰਤੀ ਜੋ ਕਿ ਬੀਓਸੀਡਬਲਯੂ ਬੋਰਡ ਨਾਲ ਰਜਿਸਟਰਡ ਹੈ ਤਾਂ ਉਹ ਵੀ ਆਪਣੇ ਵਿਆਹ ਲਈ ਸ਼ਗਨ ਦੀ ਰਾਸ਼ੀ ਪ੍ਰਾਪਤ ਕਰਨ ਦੀ ਹੱਕਦਾਰ ਹੈ, ਬਸ਼ਰਤੇ ਉਸਦੇ ਰਜਿਸਟਰਡ ਮਾਪਿਆਂ ਨੇ ਪਹਿਲਾਂ ਉਸਦੇ ਵਿਆਹ ਲਈ ਇਸ ਸਕੀਮ ਦਾ ਲਾਭ ਨਾ ਲਿਆ ਹੋਵੇ। ਸੇਖਵਾਂ ਨੇ ਕਿਹਾ ਕਿ ਕੋਈ ਵੀ ਰਜਿਸਟਰਡ ਉਸਾਰੀ ਕਿਰਤੀ ਆਪਣੀ ਬੇਟੀ ਦੇ ਵਿਆਹ ਤੋਂ ਬਾਅਦ ਛੇ ਮਹੀਨਿਆਂ ਦੇ ਅੰਦਰ ਅੰਦਰ ਸਗੁਨ ਸਕੀਮ ਦਾ ਲਾਭ ਲੈਣ ਲਈ ਅਪਲਾਈ ਕਰ ਸਕਦਾ ਹੈ। ਉਨਾਂ ਕਿਹਾ ਕਿ ਵਿਆਹ ਨੂੰ ਪ੍ਰਮਾਣਿਤ ਕਰਨ ਲਈ ਬਿਨੈ-ਪੱਤਰ ਦੇ ਨਾਲ ਮੈਰਿਜ ਰਜਿਸਟਰੇਸ਼ਨ ਅਥਾਰਟੀ ਦੁਆਰਾ ਜਾਰੀ ਸਰਟੀਫਿਕੇਟ ਜਮਹਾ ਕਰਨਾ ਜ਼ਰੂਰੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਕਿਰਤੀ ਵਰਗ ਦੀ ਆਰਥਿਕ ਸਥਿਤੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ।