ਸੁਨਾਮ,ਗੁਰਦਾਸਪੁਰ 12 ਜੂਨ (ਸਰਬਜੀਤ ਸਿੰਘ)–ਦਹਾਕਿਆਂ ਤੋਂ ਵਸਦੇ ਸੁਨਾਮ ਦੇ ਮਜ਼ਦੂਰਾਂ ਨੂੰ ਜਬਰੀ ਉਜਾੜਣ ਖ਼ਿਲਾਫ਼ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਘਰ ਅੱਗੇ ਲੱਗੇ ਮੋਰਚੇ ਨੂੰ ਸੰਬੋਧਨ ਕਰਦਿਆਂ ਸੀਪੀਆਈ ਐਮ ਐਲ ਲਿਬਰੇਸ਼ਨ ਦੇ ਸੂਬਾ ਆਗੂ ਹਰਭਗਵਾਨ ਭੀਖੀ ਨੇ ਕਿਹਾ ਕਿ ਸੁਨਾਮ ਦੀ ਮਜ਼ਦੂਰ ਬਸਤੀ ਨੂੰ ਲਤੀਫਪੁਰ ਚ ਨਹੀਂ ਬਦਲਣ ਦੇਵਾਂਗੇ। ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ ਵਿਚ ਪਿਛਲੇ ਦਸ ਦਿਨਾਂ ਤੋਂ ਚੱਲ ਰਹੇ ਮੋਰਚੇ ਨੂੰ ਸੰਬੋਧਨ ਕਰਦਿਆਂ ਹਰਭਗਵਾਨ ਭੀਖੀ,ਘੁਮੰਡ ਸਿੰਘ ਖਾਲਸਾ, ਤੇ ਧਰਮਪਾਲ ਸੁਨਾਮ ਨੇਕਿਹਾ ਕਿ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤ੍ਹਾ ਤੇ ਕਾਬਜ਼ ਹੋਈ ਮਾਨ ਸਰਕਾਰ ਪਿਛਲੀਆਂ ਸਰਕਾਰਾਂ ਤੋਂ ਵੀ ਨਿਕੰਮੀ ਸਾਬਤ ਹੋਈ ਹੈ। ਉਨ੍ਹਾਂ ਕਿਹਾ ਪੇਂਡੂ ਧਨਾਡਾਂ ,ਸਰਮਾਏਦਾਰਾਂ ਤੇ ਡੇਰਿਆਂ ਵੱਲੋਂ ਕੀਤੇ ਹੋਏ ਨਜਾਇਜ਼ ਕਬਜ਼ੇ ਛੁਡਵਾਉਣ ਦੀ ਬਜਾਏ ਗਰੀਬ ਲੋਕਾਂ ਦੇ ਘਰਾਂ ਤੇ ਬੁਲਡੋਜਰ ਚਲਾ ਰਹੀ ਹੈ। ਉਨ੍ਹਾਂ ਕਿਹਾ ਪਹਿਲਾਂ ਕੜਾਕੇ ਦੀ ਠੰਡ ਚ ਜਲੰਧਰ ਦੇ ਪਿੰਡ ਲਤੀਫਪੁਰ ਦੇ ਮਜ਼ਦੂਰਾਂ ਨੂੰ ਉਜਾੜਿਆ ਹੁਣ ਸੁਨਾਮ ਦੇ ਦਲਿਤ ਮਜ਼ਦੂਰਾਂ ਨੂੰ ਨੂੰ ਉਜਾੜਣ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ। ਜਿੰਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੁਲਾਰਿਆਂ ਨੇ 14 ਜੂਨ ਨੂੰ ਸੁਨਾਮ ਵਿਖੇ ਰੱਖੇ ਗਏ ਵੱਡੇ ਇਕੱਠ ਨੂੰ ਸਫਲ ਕਰਨ ਦੀ ਵੀ ਅਪੀਲ ਕੀਤੀ। ਮੋਰਚੇ ਦੀ ਮਜ਼ਬੂਤੀ ਲਈ ਅੱਜ ਬਿਗੜਵਾਲ,ਜਨਾਲ, ਢੰਡੋਲੀ, ਸ਼ੇਰੋਂ ਤੇ ਸੁਨਾਮ ਦੇ ਵਾਰਡਾਂ ਦੇ ਵਿਚ ਮੀਟਿੰਗਾਂ ਰੈਲੀਆਂ ਕੀਤੀਆਂ ਗਈਆਂ। ਉਕਤ ਆਗੂਆਂ ਤੋਂ ਇਲਾਵਾ ਦਰਸ਼ਨ ਸਿੰਘ ਦਾਨੇਵਾਲਾ, ਬਲਵਿੰਦਰ ਸਿੰਘ ਘਰਾਂਗਣਾ,ਸੁੱਖਾ ਸਿੰਘ,ਸੀਰਾ ਸਿੰਘ, ਦਰਬਾਰਾ ਸਿੰਘ, ਬਲਵੀਰ ਸਿੰਘ ਬਿਗੜਵਾਲ,ਹਰਭਜਨ ਸਿੰਘ ਢੰਡੋਲੀ,ਮੇਜਰ ਸਿੰਘ,ਪਾਲੀ ਸੁਨਾਮ ਆਦਿ ਨੇ ਵੀ ਸੰਬੋਧਨ ਕੀਤਾ।