ਆਪ’ ਸਰਕਾਰ ਸਦਨ ਵਿੱਚ ਵਿਰੋਧੀ ਧਿਰ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਲਈ ਆਪਣੇ ਭਾਰੀ ਬਹੁਮਤ ਦੀ ਦੁਰਵਰਤੋਂ ਕਰੇਗੀ: ਬਾਜਵਾ

ਪੰਜਾਬ

ਮੇਰੇ ਭਾਸ਼ਣ ਦੀ ਵੀਡੀਓ ਪਹਿਲਾਂ ਹੀ ਜਨਤਕ ਖੇਤਰ ਵਿੱਚ ਮੌਜੂਦ ਹੈ, ਜੋ ਆਪਣੇ ਆਪ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਮੈਂ ਕਿਸੇ ਵੀ ਭਾਈਚਾਰੇ ਦੇ ਖ਼ਿਲਾਫ਼ ਇੱਕ ਵੀ ਸ਼ਬਦ ਨਹੀਂ ਬੋਲਿਆ: ਵਿਰੋਧੀ ਧਿਰ ਦੇ ਆਗੂ

ਚੰਡੀਗੜ੍ਹ, ਗੁਰਦਾਸਪੁਰ 12 ਜੂਨ (ਸਰਬਜੀਤ ਸਿੰਘ)–ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਵਿਸ਼ੇਸ਼ ਅਧਿਕਾਰ ਪ੍ਰਸਤਾਵ ਲਿਆਉਣ ਦੇ ਫ਼ੈਸਲੇ ਤੋਂ ਬਾਅਦ, ਵਿਰੋਧੀ ਧਿਰ ਦੇ ਆਗੂ ਨੇ ਐਤਵਾਰ ਨੂੰ ਕਿਹਾ ਕਿ ਸੂਬੇ ਦੀ ‘ਆਪ’ ਸਰਕਾਰ ਸੱਤਾ ਦੇ ਨਸ਼ੇ ਵਿੱਚ ਧੁੱਤ ਹੋ ਗਈ ਹੈ ਅਤੇ ਹੁਣ ਉਹ ਇਨਸਾਫ਼ ਅਤੇ ਬੇਇਨਸਾਫ਼ੀ ਵਿਚਕਾਰ ਫ਼ਰਕ ਨਹੀਂ ਦੱਸ ਸਕਦੀ।

19 ਅਤੇ 20 ਜੂਨ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀਆਂ ‘ਆਪ’ ਸਰਕਾਰ ਦੀਆਂ ਯੋਜਨਾਵਾਂ ਨਾਲ ਸਬੰਧਿਤ ਇੱਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਇਸ ਵਿਸ਼ੇਸ਼ ਸੈਸ਼ਨ ਵਿੱਚ ‘ਆਪ’ ਸਰਕਾਰ ਸਦਨ ਵਿੱਚ ਆਪਣੇ ਵੱਡੇ ਬਹੁਮਤ ਦੀ ਦੁਰਵਰਤੋਂ ਕਰੇਗੀ ਅਤੇ ਵਿਰੋਧੀ ਪਾਰਟੀ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਜਾਵੇਗੀ।

“ਮੇਰੇ ਭਾਸ਼ਣ ਦੀ ਵੀਡੀਓ ਪਹਿਲਾਂ ਹੀ ਜਨਤਕ ਖੇਤਰ ਵਿੱਚ ਮੌਜੂਦ ਹੈ, ਜੋ ਆਪਣੇ ਆਪ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਮੈਂ ਕਿਸੇ ਵੀ ਭਾਈਚਾਰੇ ਦੇ ਖ਼ਿਲਾਫ਼ ਇੱਕ ਵੀ ਸ਼ਬਦ ਨਹੀਂ ਬੋਲਿਆ ਹੈ। ਸਦਨ ਵਿਚ ਆਪਣੀ ਭਾਰੀ ਬਹੁਮਤ ਅਤੇ ਇਸ ਦੀ ਪ੍ਰਚਾਰ ਮਸ਼ੀਨਰੀ ਦੇ ਨਾਲ, ‘ਆਪ’ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ‘ਆਪ’ ਸਰਕਾਰ ਕੋਲ ਮੇਰੇ ਖ਼ਿਲਾਫ਼ ਪ੍ਰਚਾਰ ਕਰਨ ਲਈ ਹੋਰ ਕੁਝ ਨਹੀਂ ਹੈ,” ਬਾਜਵਾ ਨੇ ਅੱਗੇ ਕਿਹਾ।

ਬਾਜਵਾ ਨੇ ਇੱਕ ਵੀਡੀਓ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਲਿਤ ਭਾਈਚਾਰੇ ਨਾਲ ਸਬੰਧਿਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਬਹੁਤ ਅਪਮਾਨਜਨਕ ਅਤੇ ਅਨੈਤਿਕ ਟਿੱਪਣੀਆਂ ਕੀਤੀਆਂ ਸਨ, ਜਦੋਂ ਉਹ (ਕੇਜਰੀਵਾਲ) ਪੰਜਾਬ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰ ਰਹੇ ਸਨ। ਕੀ ਕੇਜਰੀਵਾਲ ਨੇ ਇਸ ਲਈ ਮੁਆਫ਼ੀ ਮੰਗੀ ਹੈ?

“ਮੇਰੇ ਵਿਰੁੱਧ ਵਿਸ਼ੇਸ਼ ਅਧਿਕਾਰ ਪ੍ਰਸਤਾਵ ਲਿਆਉਣ ਦੀ ਬਜਾਏ, ‘ਆਪ’ ਸਰਕਾਰ ਨੂੰ ਸਮੁੱਚੇ ਪੰਜਾਬੀਆਂ ਅਤੇ ਖ਼ਾਸ ਕਰ ਕੇ ਦਲਿਤ ਭਾਈਚਾਰੇ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਉਹ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਜੋ ਕਿ ਇੱਕ ਦਲਿਤ ਲੜਕੇ ਦੇ ਘੋਰ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ, ਦੇ ਖ਼ਿਲਾਫ਼ ਕੋਈ ਕਾਰਵਾਈ ਕਰਨ ਵਿੱਚ ਅਸਫਲ ਕਿਉਂ ਰਹੀ ਹੈ। ‘ਆਪ’ ਪੀੜਤ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਵੀ ਅਸਫਲ ਰਹੀ ਹੈ,”, ਬਾਜਵਾ ਨੇ ਅੱਗੇ ਕਿਹਾ।

Leave a Reply

Your email address will not be published. Required fields are marked *