ਗੁਰਦਾਸਪੁਰ 13 ਅਗਸਤ (ਸਰਬਜੀਤ ਸਿੰਘ)-ਆਜਾਦੀ ਦੇ 75ਵੇਂ ਵਰੇਗੰਢ ਦੇ ਸਬੰਧ ਵਿੱਚ ਅੱਜ ਐਸ.ਐਸ.ਪੀ ਗੁਰਦਾਸਪੁਰ ਦੀਪਕ ਹਿਲੌਰੀ ਦੀ ਰਹਿਨੁਮਾਈ ਹੇਠ ਪੁਲਸ ਮੁਲਾਜਮਾਂ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ। ਇਸ ਦੌਰਾਨ ਐਸ.ਪੀ (ਡੀ) ਨਵਜੋਤ ਸਿੰਘ ਸਿੱਧੂ, ਡੀ.ਐਸ.ਪੀ ਰਿਪੁਤਪਨ ਸਿੰਘ ਸਮੇਤ ਅੱਠ ਥਾਣਿਆ ਦੇ ਥਾਣਾ ਪ੍ਰਭਾਰੀ ਸ਼ਾਮਲ ਸਨ।
ਐਸ.ਐਸ.ਪੀ ਦੀਪਕ ਹਿਲੌਰੀ ਨੇ ਕਿਹਾ ਕਿ ਆਜਾਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜਿੱਥੇ ਜਿਲਾ ਗੁਰਦਾਸਪੁਰ ਦੀ ਹੱਦਾਂ ਸਰਹੱਦਾਂ ’ਤੇ ਪੈਰਾ ਮਿਲਟਰੀ ਫੋਰਸ ਤੇ ਪੁਲਸ ਨੂੰ ਚੌਕਸ ਕੀਤਾ ਗਿਆ ਹੈ। ਉਥੇ ਨਾਲ ਹੀ ਸ਼ਹਿਰ ਵਿੱਚ ਕੋਈ ਵੀ ਵਿਅਕਤੀ ਅਣਸੁੱਖਾਵੀਂ ਘਟਨਾ ਨੂੰ ਅੰਜਾਮ ਨਾ ਦੇਵੇ। ਕਿਉਕਿ ਪੁਲਸ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਲਈ ਵਚਨਬੱਧ ਹੈ। ਇਸ ਕਰਕੇ ਅੱਜ ਇਹ ਫਲੈਗ ਮਾਰਚ ਦਾ ਮੁੱਖ ਮਕਸਦ ਇਹ ਹੈ ਕਿ ਕੋਈ ਦੇਸ਼ ਦ੍ਰੋਹੀ ਲੋਕ ਜੋ ਮੁੱਠੀ ਭਰ ਹਨ, ਉਹ ਪੰਜਾਬ ਦੇ ਮਾਹੌਲ ਨੂੰ ਫਿਰ ਖਰਾਬ ਕਰਨਾ ਚਾਹੁੰਦੇ ਹਨ, ਪਰ ਸਾਡੀ ਪੰਜਾਬ ਦੀ ਪੁਲਸ ਇੰਨਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ ਅਤੇ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾ ਰਹੇ ਹਨ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਹਰੇਕ ਥਾਣੇ ਦੇ ਅਧਿਕਾਰੀ ਆਪਣੇ ਆਪਣੇ ਇਲਾਕਿਆਂ ਵਿੱਚ ਹਾਈ ਅਲਰਟ ਹਨ ਅਤੇ ਉਹ ਵੀ ਸੰਵੇਦਨਸ਼ੀਲ ਇਲਾਕਿਆ ਵਿੱਚ ਆਪਣੀ ਗਸ਼ਤ ਕਰ ਰਹੀ ਹੈ ਅਤੇ ਸ਼ਰਾਰਤੀ ਅਨਸਰਾਂ ਉਪਰ ਵੀ ਨਜ਼ਰ ਰੱਖੀ ਜਾ ਰਹੀ ਹੈ।
ਐਸ.ਐਸ.ਪੀ ਦੀਪਕ ਹਿਲੌਰੀ ਨੇ ਦੱਸਿਆ ਕਿ ਕੁੱਝ ਸ਼ਰਾਰਤੀ ਅਨਸਰਾਂ ਨੂੰ ਪੁਲਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਲੋਕ ਇਸ ਸਮੇਂ ਕਿਹੜਾ ਕੰਮ ਕਰਦੇ ਹਨ ਅਤੇ ਇੰਨਾਂ ਦਾ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ ਕੀ ਯੋਜਨਾ ਹੋ ਸਕਦੀ ਹੈ। ਅਜਿਹੇ ਮਨਸੂਬੇ ਸ਼ਰਾਰਤੀ ਅਨਸਰਾਂ ਦੇ ਕਾਮਯਾਬ ਨਹੀਂ ਹੋਣ ਦੇਵਾਂਗੇ। ਗੁਰਦਾਸਪੁਰ ਵਿੱਚ ਲਾਅ ਐਂਡ ਆਰਡਰ ਬਰਕਰਾਰ ਰੱਖਿਆ ਜਾਵੇਗਾ ਤਾਂ ਜੋ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।