ਸਾਡਾ ਮਨੋਰਥ ਤੇ ਨਿਸ਼ਾਨਾ ਲੋਕਾਂ ਦੇ ਅਣਭੋਲ ਧੀਆਂ ਪੁੱਤਾਂ ਨੂੰ ਬਚਾਉਂਣਾ-ਪਰਮਿੰਦਰ ਝੋਟਾ
ਨਸ਼ਾ ,ਨਸ਼ੇੜੀ ਤੇ ਸਮਗਲਰ ਕਿਸੇ ਦੇ ਵੀ ਸਕੇ ਨਹੀਂ ਹੁੰਦੇ: ਮੋਫਰ
ਮਾਨਸਾ, ਗੁਰਦਾਸਪੁਰ 14 ਅਕਤੂਬਰ (ਸਰਬਜੀਤ ਸਿੰਘ)– ਨਸ਼ਾ ਮੁਕਤੀ ਨੂੰ ਲੈ ਕੇ ਮੁਸਲਿਮ ਭਾਈਚਾਰੇ ਦੀ ਇੱਕ ਭਰਵੀਂ ਇਕੱਰਤਤਾ ਮੁਸਲਿਮ ਫਰੰਟ ਦੇ ਸੂਬਾ ਪ੍ਰਧਾਨ ਹੰਸ ਰਾਜ ਮੋਫਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਨਸ਼ਾ ਬੰਦੀ ਲਈ ਮਾਨਸਾ ਦੇ ਬਾਲ ਭਵਨ ਵਿਖੇ ਚੱਲ ਰਹੇ ਪੱਕੇ ਮੋਰਚੇ ਦਾ ਸਮਰਥਨ ਕਰਦਿਆਂ ਹੰਸ ਰਾਜ ਮੋਫਰ ਨੇ ਕਿਹਾ ਨਸ਼ੇ , ਨਸ਼ੇੜੀ ਤੇ ਨਸ਼ਾ ਵਿੱਕਰੀ ਕਰਦੇ ਸਮਗਲਰ ਕਿਸੇ ਦੇ ਵੀ ਸਕੇ ਨਹੀਂ ਹੁੰਦੇ । ਜਿਵੇਂ ਠੂੰਹਾ ਆਪਣੇ ਬੱਚੇ ਹੀ ਖਾ ਜਾਂਦਾ ਹੈ ਓਵੇਂ ਹੀ ਨਸ਼ਾ ਨਸ਼ੇੜੀਆਂ ਦਾ ਸਰੀਰ ਖਾ ਜਾਂਦਾ ਹੈ ਤੇ ਸਮਗਲਰ ਸਮਾਜ ਨੂੰ ਡਕਾਰ ਜਾਂਦੇ ਹਨ। ਘੁਣ ਲੱਗੀ ਕਣਕ ਦਾ ਤਾਂ ਕੋਈ ਨਾ ਕੋਈ ਦਾਣਾ ਬਚ ਸਕਦਾ ਹੈ ਪਰ ਨਸ਼ੇ ਦਾ ਸ਼ਿਕਾਰ ਸਰੀਰ ਕਦੇ ਵੀ ਬਚ ਨਹੀਂ ਸਕਦੇ। ਉਨ੍ਹਾਂ ਕਿਹਾ ਸਾਡੀ ਲੜਾਈ ਕਿਸੇ ਵਿਆਕਤੀ, ਫਿਰਕੇ ਜਾਂ ਵਿਸ਼ੇਸ਼ ਵਰਗ ਨਾਲ ਨਹੀਂ ਸਗੋਂ ਨਸ਼ਾ ਤਸਕਰੀ ‘ਚ ਲੱਗੇ ਸਮਾਜ ਵਿਰੋਧੀ ਲੋਕਾਂ ਨਾਲ ਹੈ। ਉਨ੍ਹਾਂ ਐਲਾਣ ਕੀਤਾ ਕਿ ਅਗਲੇ। ਦਿਨਾਂ ਦੌਰਾਨ ਪੂਰੇ ਦਿਨ ਲਈ ਪੱਕੇ ਮੋਰਚੇ ਵਿੱਚ ਸਮੂਲੀਅਤ ਕਰੇਗਾ। ਮੁਸਲਿਮ ਫਰੰਟ ਮਾਨਸਾ ਦੇ ਜਿਲ੍ਹਾ ਪ੍ਰਧਾਨ ਰਵੀ ਖਾਨ ਨੇ ਕਿਹਾ ਚੰਗੇ ਜੀਵਨ ਲਈ ਇਕੱਲੇ ਪੈਸੇ ਦੀ ਨਹੀਂ ਚੰਗੇ ਸਮਾਜ , ਚੰਗੇ ਗੁਆਂਢੀ, ਚੰਗੇ ਮਿੱਤਰ ਤੇ ਚੰਗੇ ਲੋਕਾਂ ਦੀ ਲੋੜ ਹੁੰਦੀ ਹੈ। ਸਮਾਜ ਦੀ ਬਿਹਤਰੀ ਲਈ ਮਾੜੇ ਲੋਕਾਂ ਦਾ ਭਾਂਡਾ ਛੇਕਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਲਈ ਸਾਨੂੰ ਮਾੜੇ ਲੋਕਾਂ ਦੀ ਪਹਿਚਾਣ ਕਰਕੇ ਉਨ੍ਹਾਂ ਦਾ ਪੂਰਨ ਬਾਈਕਾਟ ਕਰਨਾ ਪਵੇਗਾ। ਵਸੀਮ ਅਕਰਮ ਤੇ ਡਾਕਟਰ ਮਹਿਬੂਬ ਅਖ਼ਤਰ ਨੇ ਕਿਹਾ ਜਿਹੜੇ ਲੋਕ ਨਸ਼ਾ ਬੰਦੀ ਲਈ ਤੁਰੇ ਹੋਏ ਹਨ ਅਸੀਂ ਤਨੋ ਮਨੋ ਉਨ੍ਹਾਂ ਦਾ ਸਾਥ ਦਿਆਂਗੇ ਚਾਹੇ ਉਹ ਕਿਸੇ ਵੀ ਭਾਈਚਾਰੇ ਨਾਲ ਸਬੰਧ ਰੱਖਦੇ ਹੋਣ। ਐਂਟੀ ਡਰੱਗ ਟਾਸਕ ਫੋਰਸ ਦੇ ਪਰਮਿੰਦਰ ਸਿੰਘ ਝੋਟਾ ਨੇ ਇਸ ਮੌਕੇ ਕਿਹਾ ਸਾਡਾ ਮਨੋਰਥ ਤੇ ਨਿਸ਼ਾਨਾ ਲੋਕਾਂ ਦੇ ਅਣਭੋਲ ਧੀਆਂ ਪੁੱਤਾਂ ਨੂੰ ਬਚਾਉਂਣਾ ਹੈ, ਇਸ ਕਾਰਜ ਲਈ ਸਾਨੂੰ ਜਿਹੜੀ ਵੀ ਕੁਰਬਾਨੀ ਕਰਨੀ ਪਈ ਅਸੀਂ ਤਿਆਰ ਹਾਂ। ਇਸ ਮੌਕੇ ਕੁਲਵਿੰਦਰ ਕਾਲੀ , ਬਾਬਾ ਪਰਦੀਪ ਸਿੰਘ, ਮੁਹੰਮਦ ਆਸਿਫ ,ਮੁਹੰਮਦ ਜਾਵੇਦ, ਮੁਹੰਮਦ ਗੁਫਰਾਨ ਬੁਢਲਾਡਾ , ਅਮਨ ਪਟਵਾਰੀ, ਗਗਨ ਸ਼ਰਮਾ ਤੇ ਹੋਰ ਲੋਕ ਹਾਜਰ ਸਨ।


