ਕੇਸਰ ਸਿੰਘ ਦੇ ਨਾਵਲ ਜੰਗੀ ਕੈਦੀ ਵਿੱਚੋਂ ,ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵੱਲੋਂ ਭੇਜੇ ਗਏ ਇਲਫਾਜ਼

ਗੁਰਦਾਸਪੁਰ

ਨੌਜਵਾਨਾਂ ਨੂੰ ਅੰਨੇ ਰਾਸ਼ਟਰਵਾਦ ਦੀ ਸਿਖਲਾਈ-ਇਕ ਨਮੂਨਾ

ਗੁਰਦਾਸਪੁਰ, 5 ਸਤੰਬਰ (ਸਰਬਜੀਤ ਸਿੰਘ)– ‘ਜਿਹੜੀਆਂ ਕੌਮਾਂ ਦੇਸ਼ ਭਗਤੀ ਦੇ ਜਨੂੰਨ ਵਿਚ ਬਾਕੀ ਦੇਸ਼ਾਂ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਸਦਾ ਲਈ ਕੁਚਲ ਦੇਣਾ ਚਾਹੁੰਦੀਆਂ ਹਨ, ਉਨਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਉਨਾਂ ਦਾ ਦੇਸ਼ ਭਗਤੀ ਦਾ ਪਵਿੱਤਰ ਜਜ਼ਬਾ ਕਦੋਂ ਬਦਲ ਕੇ ਸਾਮਰਾਜ ਬਣ ਜਾਂਦਾ ਹੈ।
ਦੇਸ਼ ਭਗਤੀ ਦੇ ਜਜ਼ਬੇ ਨੂੰ ਜਨੂੰਨ ਤੱਕ ਪਹੁੰਚਾਉਣ ਲਈ ਦੂਜੀ ਸੰਸਾਰ ਜੰਗ ਤੋਂ ਪਹਿਲਾਂ ਜਾਪਾਨ ਵਿਚ ਸਕੂਲੀ ਬੱਚਿਆਂ ਨੂੰ ਖਾਸ ਕਿਸਮ ਦੀ ਪੜਾਈ ਤੇ ਸਿਖਲਾਈ ਕਰਾਈ ਜਾਂਦੀ ਸੀ।
ਉਨਾਂ ਦਾ ਟੀਚਰ ਜਾਂ ਉਸਤਾਦ ਪੁੱਛਦਾ, “ਜੇ ਕੋਈ ਤੁਹਾਡੇ ਦੇਸ਼ ਉਤੇ ਹਮਲਾ ਕਰੇ, ਤਾਂ ਤੁਸੀਂ ਕੀ ਕਰੋਗੇ? ਬੱਚੇ ਇਕ ਜੁਬਾਨ ਹੋ ਕੇ ਉੱਤਰ ਦਿੰਦੇ, “ਉਨੀਂ ਦੇਰ ਤੱਕ ਉਸ ਦਾ ਮੁਕਾਬਲਾ ਕਰਾਂਗੇ, ਜਦ ਤੱਕ ਉਸ ਨੂੰ ਖਤਮ ਨਹੀਂ ਕਰ ਦਿੰਦੇ।” ਫਿਰ ਉਸਤਾਦ ਪੁੱਛਦਾ ਹੈ, “ਜੇਕਰ ਮੈਂ ਦੁਸ਼ਮਣ ਨਾਲ ਮਿਲ ਕੇ ਜਾਪਾਨ ਉਤੇ ਹਮਲਾ ਕਰ ਦਿਆਂ, ਤਾਂ ਤੁਸੀਂ ਕੀ ਕਰੋਗੇ?” ਤਾਂ ਬੱਚੇ ਇਕ ਆਵਾਜ਼ ਹੋ ਕੇ ਉੱਤਰ ਦਿੰਦੇ ਹਨ, “ਅਸੀਂ ਅਪਣੇ ਉਸਤਾਦ ਦਾ ਕੋਈ ਲਿਹਾਜ਼ ਨਹੀਂ ਕਰਾਂਗੇ, ਉਸ ਨੂੰ ਖਤਮ ਕਰ ਦਿਆਂਗੇ।”
ਜਾਪਾਨੀ ਬੱਚਿਆਂ ਦੀ ਦੇਸ਼ ਭਗਤੀ ਦੀ ਇਸ ‘ਸਿਖਲਾਈ’ ਨੂੰ ਹੋਰ ਪੱਕਿਆਂ ਕਰਨ ਲਈ ਉਸਤਾਦ ਬੜੀ ਭਰਵੀਂ ਆਵਾਜ਼ ਵਿਚ ਪੁੱਛਦਾ ਹੈ, “ਜੇ ਤੁਹਾਡਾ ਪਿਤਾ ਜਾਪਾਨ ਉਤੇ ਹਮਲਾ ਕਰੇ, ਤਾਂ ਤੁਸੀਂ ਕੀ ਕਰੋਗੇ?”
ਬੱਚੇ ਹੋਰ ਜੋਸ਼ ਵਿਚ ਆ ਕੇ ਉੱਤਰ ਦੇਂਦੇ ਹਨ, “ਵੱਢ ਦਿਆਂਗੇ, ਖਤਮ ਕਰ ਦਿਆਂਗੇ।”
‌‌ ‘ਦੇਸ਼ ਭਗਤੀ’ ਦੇ ਇਸ ਜਜ਼ਬੇ ਨੂੰ ਫੂਜੀਯਾਮਾ ਦੀ ਚੋਟੀ (ਜਾਣੀ ਜਾਪਾਨ ਦੀ ਸੱਭ ਤੋਂ ਉੱਚੀ ਚੋਟੀ) ਤੱਕ ਪਹੁੰਚਾਣ ਲਈ ਉਸਤਾਦ ਚਿੱਲਾ ਕੇ ਪੁੱਛਦਾ ਹੈ, “ਤੁਹਾਡਾ ਗੁਰੂ ਕੌਣ ਹੈ?”
‌‌ ਉਸੇ ਜੋਸ਼ ਵਿਚ ਉੱਤਰ ਮਿਲਦਾ ਹੈ, “ਮਹਾਤਮਾ ਬੁੱਧ।”
—- ਤੇ ਪੱਬਾਂ ਭਾਰ ਖਲੋ ਕੇ ਸਾਰੇ ਜ਼ੋਰ ਨਾਲ ਉਸਤਾਦ ਪੁੱਛਦਾ ਹੈ, “ਜੇ ਮਹਾਤਮਾ ਬੁੱਧ ਦੁਸ਼ਮਣ ਨਾਲ ਮਿਲ ਕੇ ਜਾਪਾਨ ਉਤੇ ਹਮਲਾ ਕਰੇ, ਤਾਂ ਤੁਸੀਂ ਕੀ ਕਰੋਗੇ?”
ਅੱਗੋਂ ਉੱਤਰ ਮਿਲਦਾ ਹੈ, “ਅਸੀਂ ਉਸ ਦਾ ਸਿਰ ਧੜ ਨਾਲੋਂ ਅੱਡ ਕਰ ਦਿਆਂਗੇ।”
ਪਰ ਉਸਤਾਦ ਕਦੇ ਬੱਚਿਆਂ ਨੂੰ ਕਦੀ ਇਹ ਨਹੀਂ ਪੁੱਛਦਾ ਕਿ ਜੇ ਤੁਸੀਂ ਕਿਸੇ ਹੋਰ ਦੇਸ਼ ਉਤੇ ਹਮਲਾ ਕਰੋ, ਤਾਂ ਉਥੋਂ ਦੇ ਜਵਾਨਾਂ ਨੂੰ ਤੁਹਾਡੇ ਨਾਲ ਕੀ ਸਲੂਕ ਕਰਨਾ ਚਾਹੀਦਾ ਹੈ?
ਇਹ ਸੁਆਲ ਤਾਂ ਜਾਪਾਨ ਦੇ ਸਕੂਲਾਂ ਦੇ ਸਿਲੇਬਸ ਵਿਚ ਹੀ ਨਹੀਂ ਹੈ।

  • ਕੇਸਰ ਸਿੰਘ ਦੇ ਨਾਵਲ “ਜੰਗੀ ਕੈਦੀ” ਵਿਚੋਂ।

Leave a Reply

Your email address will not be published. Required fields are marked *