ਮਾਨਸਾ, ਗੁਰਦਾਸਪੁਰ, 5 ਸਤੰਬਰ (ਸਰਬਜੀਤ ਸਿੰਘ)– ਹਰਭਗਵਾਨ ਸਿੰਘ ਭੀਖੀ ਨੇ ਕਿਹਾ ਕਿ ਪੰਜਾਬ ਦੇ ਸਭ ਤੋਂ ਵੱਡੇ ਪਿੰਡ ਮਹਿਰਾਜ ਵਿੱਚ ਰਹਿ ਰਹੇ ਕ੍ਰਾਂਤੀਕਾਰੀ ਲੇਖਕ ਤੇ ਕਾਰਕੁਨ ਬਾਰੂ ਸਤਵਰਗ ਬੀਤੀ 25 ਅਗਸਤ ਨੂੰ ਸਾਨੂੰ ਸਦਾ ਲਈ ਅਲਵਿਦਾ ਕਹਿ ਗਏ। ਆਰਥਿਕ, ਸਮਾਜਿਕ ਨਾ-ਬਰਾਬਰੀ ਦੇ ਮਧੋਲੇ ਡੂੰਗਰਾਂ ਅਤੇ ਪਿਆਰੋਆਂ ਦੀ ਆਵਾਜ਼ ਬਣਨ ਵਾਲੇ ਬਾਰੂ ਸਤਵਰਗ ਦਾ ਜਨਮ ਕਿਰਤੀ ਪਰਿਵਾਰ ਵਿੱਚ 13 ਅਕਤੂਬਰ 1945 ਨੂੰ ਹੋਇਆ ਸੀ। ਪਿਤਾ ਭਗਤ ਸਿੰਘ ਅਤੇ ਮਾਤਾ ਅਮਰ ਕੌਰ ਭੇਡਾਂ ਪਾਲਣ ਦਾ ਕਿੱਤਾ ਕਰਦੇ ਸਨ। ਜਿੰਦਗੀ ਦੀਆਂ ਤੰਗੀਆਂ ਤਰੁਸ਼ੀਆਂ ਨਾਲ਼ ਦੋ ਦੋ ਹੱਥ ਕਰਦਿਆਂ ਬਾਰੂ ਪਿੰਡ ਦੇ ਸਕੂਲ ਤੋਂ 10ਵੀਂ ਕਰਨ ਪਿੱਛੋਂ ਜੇਬੀਟੀ ਦਾ ਕੋਰਸ ਕਰਕੇ 1964 ਵਿੱਚ ਪ੍ਰਾਇਮਰੀ ਅਧਿਆਪਕ ਬਣ ਗਿਆ। ਲਗਭਗ 4 ਦਹਾਕੇ ਅਧਿਆਪਨ ਦੇ ਕਾਰਜ ਤੋਂ ਬਾਅਦ 31 ਅਕਤੂਬਰ 2003 ਨੂੰ ਸੇਵਾ ਮੁਕਤ ਹੋਇਆ ਪਰ ਇਸ ਸਮੇਂ ਦੌਰਾਨ ਅਤੇ ਇਸ ਤੋਂ ਬਾਅਦ ਵੀ ਉਸ ਦੇ ਜੀਵਨ ਵਿੱਚ ਅਨੇਕਾਂ ਉਤਰਾਅ-ਚੜ੍ਹਾਅ ਆਏ। ਉਹ ਲਗਭਗ 5 ਦਹਾਕਿਆਂ ਤੋਂ ਵੱਖ-ਵੱਖ ਰੂਪਾਂ ਵਿੱਚ ਵੱਖ-ਵੱਖ ਥੜਿ੍ਹਆਂ ਤੋਂ ਸਥਾਪਤੀ ਖਿਲਾਫ ਹਾਸ਼ੀਏ ’ਤੇ ਧੱਕੇ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਆਇਆ ਹੈ। ਉਸ ਦਾ ਨਾਂ ਪੰਜਾਬ ਦੇ ਗਿਣਤੀ ਦੇ ਉਨ੍ਹਾਂ ਲੇਖਕਾਂ ’ਚ ਆਉਂਦਾ ਹੈ ਜਿਨ੍ਹਾਂ ਨੇ ਨਾ ਸਿਰਫ ਕਿਰਤੀਆਂ ਦੀਆਂ ਜਦੋਜਹਿਦਾਂ ਨੂੰ ਆਪਣੀਆਂ ਲਿਖਤਾਂ ਅੰਦਰ ਰੂਪਮਾਨ ਕੀਤਾ ਬਲਕਿ ਖੁਦ ਉਨ੍ਹਾਂ ਜਦੋਜਹਿਦਾਂ ਵਿੱਚ ਸਰਗਰਮ ਭੂਮਿਕਾ ਨਿਭਾਈ। 1975-77 ਵਿਚ ਐਮਰਜੈਂਸੀ ਦੌਰਾਨ ਡੇਢ ਸਾਲ ਲਗਭਗ ਜੇਲ੍ਹ ਦੀਆਂ ਸੀਖਾਂ ਪਿੱਛੇ ਬੰਦ ਰਿਹਾ।
ਬਾਰੂ ਸਤਵਰਗ ਦੀਆਂ ਸਾਹਿਤਕ ਰੁਚੀਆਂ ਸਕੂਲ ਸਮੇਂ ਹੀ ਪ੍ਰਤੱਖ ਹੋ ਗਈਆਂ ਸਨ। ਸਾਂਝੇ ਪੰਜਾਬ ਵੇਲੇ ਪਾਣੀਪਤ ਵਿੱਚ ਹੋਏ ਵਿੱਦਿਅਕ ਮੁਕਾਬਲਿਆਂ ਵਿੱਚ ਉਸ ਨੇ ‘ਚੰਨੋ ਜਾਗ ਰਹੀਆਂ ਹਨ’ ਕਹਾਣੀ ਲਿਖ ਕੇ ਪੰਜਾਬ ਭਰ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਸੀ ਪਰ ਉਸ ਦੇ ਕ੍ਰਾਂਤੀਕਾਰੀ ਲੇਖਕ ਬਣਨ ਦੀ ਨੀਂਹ ਉਸ ਸਮੇਂ ਰੱਖੀ ਗਈ ਜਦੋਂ ਉਹ ਬਤੌਰ ਪ੍ਰਾਇਮਰੀ ਅਧਿਆਪਕ ਰਾਇਪੁਰ (ਹੁਣ ਜਿਲ੍ਹਾ ਮਾਨਸਾ) ਵਿੱਚ ਸੇਵਾ ਨਿਭਾ ਰਿਹਾ ਸੀ। ਇਸ ਸਮੇਂ ਦੌਰਾਨ 14 ਜੂਨ 1971 ਨੂੰ ਤਿੰਨ ਨਕਸਲੀ ਨੌਜਵਾਨ ਗੁਰਬੰਤ ਸਿੰਘ ਰਾਇਪੁਰ, ਸਵਰਨ ਸਿੰਘ ਬੋਹਾ ਅਤੇ ਤੇਜਾ ਸਿੰਘ ਬੱਬਨਪੁਰ (ਹਿਸਾਰ) ਕੁਸਲੇ ਪਿੰਡ ਨੇੜੇ ਕਥਿਤ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਸਨ। ਇਸ ਤੋਂ ਬਾਅਦ 1972 ਵਿੱਚ ਰਾਇਪੁਰ ਪਿੰਡ ਦੇ ਹੀ ਦੋ ਹੋਰ ਨੌਜਵਾਨ ਨਛੱਤਰ ਸਿੰਘ ਅਤੇ ਲਛਮਣ ਸਿੰਘ ਵੀ ਆਪਣਾ ਜੀਵਨ ਨਕਸਲਬਾੜੀ ਲਹਿਰ ਦੇ ਲੇਖੇ ਲਾ ਗਏ। ਉਦੋਂ ਬਾਰੂ ਸਤਵਰਗ ਦੇ ਮਨ ਅੰਦਰ ਨਕਸਲਬਾੜੀ ਲਹਿਰ ਦੀ ਹਕੀਕਤ ਨੂੰ ਸਮਝਣ ਦੀ ਤੀਬਰ ਤਾਂਘ ਪੈਦਾ ਹੋਈ।
ਬੱਸ ਫਿਰ ਕੀ ਸੀ, ਇੱਕ ਵਾਰੀ ਪੈਦਾ ਹੋਈ ਜਿਗਿਆਸਾ ਨੇ ਬਾਰੂ ਸਤਵਰਗ ਨੂੰ ਜੀਵਨ ਦੇ ਲੋਕ ਪੱਖੀ ਮਾਰਗ ਦੀ ਪੱਟੜੀ ’ਤੇ ਅਜਿਹਾ ਚਾੜਿ੍ਹਆ ਕਿ ਉਹ ਜੀਵਨ ਭਰ ਚੱਲਦਾ ਆਇਆ ਹੈ। ਉਨ੍ਹਾਂ ਸਮਿਆਂ ਵਿੱਚ ਨਕਸਲੀ ਲਹਿਰ ਦੇ ਪ੍ਰਭਾਵ ਅਧੀਨ ਛਪਣੇ ਸ਼ੁਰੂ ਹੋਏ ਮੈਗਜ਼ੀਨ ‘ਹੇਮ ਜਯੋਤੀ’, ‘ਮਾਂ’, ‘ਰੋਹਲੇ ਬਾਣ’ ਆਦਿ ਦਾ ਪਾਠਕ ਅਤੇ ਲੋਕ ਕਵੀ ਸੰਤ ਰਾਮ ਉਦਾਸੀ ਤੇ ਪਾਸ਼ ਹੋਰਾਂ ਦੀਆਂ ਸਟੇਜਾਂ ਦਾ ਸਰੋਤਾ ਬਣਿਆ। ਉਦਾਸੀ ਤੋਂ ਪ੍ਰੇਰਿਤ ਹੋ ਕੇ ਸੁਰਜੀਤ ਅਰਮਾਨੀ, ਕਰਮਜੀਤ ਜੋਗਾ, ਮਰਹੂਮ ਮਾਸਟਰ ਮੁਖਤਿਆਰ ਸਿੰਘ ਭਾਈ ਰੂਪਾ, ਬੋਘੜ ਸਿੰਘ ਆਦਿ ਨਾਲ਼ ਰਲ ਕੇ ਦਸੰਬਰ 1971 ਵਿੱਚ ਪਹਿਲਾਂ ‘ਕਿਰਤੀ ਕਿੱਸਾ’ ਤੇ ਫਿਰ ‘ਕਿਰਤੀ ਯੁੱਗ’ ਮੈਗਜ਼ੀਨ ਕੱਢੇ। ਸਰਕਾਰ ਨੇ ਬਾਰੂ ਸਤਵਰਗ, ਸੁਰਜੀਤ ਅਰਮਾਨੀ ਅਤੇ ਬੋਘੜ ਸਿੰਘ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕੀਤਾ। ਉਂਝ, ਜੇਲ੍ਹ ਇੱਕ ਤਰ੍ਹਾਂ ਉਸ ਲਈ ਸਕੂਲ ਸਿੱਧ ਹੋਈ। ਬਠਿੰਡਾ ਦੀ ਕੇਂਦਰੀ ਜੇਲ੍ਹ ਅੰਦਰ ਬੰਦ ਪ੍ਰੋ. ਹਰਭਜਨ ਸੋਹੀ ਅਤੇ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਅੰਦਰ ਬੰਦ ਬਾਬਾ ਦੇਵਾ ਸਿੰਘ ਮਾਹਲਾ, ਡਾ. ਸੁਰਜੀਤ ਘੋਲੀਆ ਤੇ ਅਮਰ ਸਿੰਘ ਅਚਰਵਾਲ ਜਿਹੇ ਕਾਮਰੇਡਾਂ ਕੋਲੋਂ ਅਤੇ ਵੱਖ-ਵੱਖ ਤਰ੍ਹਾਂ ਦੇ ਸਾਹਿਤ ਤੋਂ ਉਸ ਨੂੰ ਨਕਸਲੀ ਲਹਿਰ ਬਾਰੇ ਜਾਣਕਾਰੀ ਮਿਲ਼ਦੀ ਰਹੀ। ਇਸ ਤਰ੍ਹਾਂ ਉਸ ਨੂੰ ਨਕਸਲੀ ਲਹਿਰ, ਭਾਰਤੀ ਕਮਿਊਨਿਸਟ ਲਹਿਰ ਦੀ ਨਿਰੰਤਰਤਾ ਦੀ ਸ਼ਕਲ ਵਿੱਚ ਨਜ਼ਰ ਆਉਣ ਲੱਗੀ। ਉਹ ਇਸ ਲਹਿਰ ਨੂੰ ਸਦੀਆਂ ਤੋਂ ਭਾਰਤ ਦੇ ਲੁੱਟੇ ਤੇ ਲਤਾੜੇ ਲੋਕਾਂ ਦੀ ਲਹਿਰ ਦੇ ਰੂਪ ਵਿੱਚ ਦੇਖਣ ਲੱਗਾ। ਇਸ ਲਹਿਰ ਦੇ ਝਲਕਾਰੇ ਉਸ ਦੀਆਂ ਸਾਹਿਤਕ ਲਿਖਤਾਂ ਖਾਸਕਰ ਨਾਵਲਾਂ (ਲਹੂ ਪਾਣੀ ਨਹੀਂ ਬਣਿਆ, ਫੱਟੜ ਸ਼ੀਹਣੀ, ਨਿੱਘੀ ਬੁੱਕਲ, ਸ਼ਰਧਾ ਦੇ ਫੁੱਲ ਵਿੱਚ ਵੀ ਪ੍ਰਗਟ ਹੋਏ ਹਨ। ਉਹ ਆਪਣੀਆਂ ਲਿਖਤਾਂ ਵਿੱਚ ਬਿਨਾ ਕਿਸੇ ਲਗ ਲਪੇਟ ਦੇ ਕਿਸੇ ਵੀ ਕਿਸਮ ਦੀ ਜਾਤਪਾਤ, ਧਰਮ, ਕੌਮ ਜਾਂ ਫਿਰਕੇ ’ਤੇ ਆਧਾਰਿਤ ਸੌੜੀ ਸੋਚ ਤੋਂ ਉਪਰ ਉੱਠ ਕੇ ਜਮਾਤੀ ਜੱਦੋਜਹਿਦ ਦਾ ਝੰਡਾ ਬੁਲੰਦ ਕਰਦਾ ਹੈ ਅਤੇ ਮਾਰਕਸਵਾਦ ਨੂੰ ਆਪਣਾ ਜੀਵਨ ਦਰਸ਼ਨ ਮੰਨਦਾ ਹੈ। ਕਮਿਊਨਿਸਟ ਲਹਿਰ ਦਾ ਵਿਸਥਾਰ ਵਿੱਚ ਵਰਣਨ ਉਸ ਦੇ 2012 ਵਿੱਚ ਪ੍ਰਕਾਸ਼ਿਤ ਹੋਏ ਨਾਵਲ ‘ਪੰਨਾ ਇੱਕ ਇਤਿਹਾਸ ਦਾ’ ਵਿੱਚ ਮਿਲ਼ਦਾ ਹੈ ਜੋ ਮੁਜਾਰਾ ਲਹਿਰ ਤੋਂ ਸ਼ੁਰੂ ਕਰਕੇ ਭਾਰਤ ਦੀ ਕਮਿਊਨਿਸਟ ਲਹਿਰ ਦੇ ਮੌਜੂਦਾ ਦੌਰ ਤੱਕ ਦੇ ਇਤਿਹਾਸ ਦੀ ਦਸਤਾਵੇਜੀ ਝਲਕ ਪੇਸ਼ ਕਰਦਾ ਹੈ।
1977 ਤੋਂ ਲੈ ਕੇ 2017 ਤੱਕ ਉਸ ਨੇ ਵੱਖ ਵੱਖ ਰਾਜਨੀਤਕ, ਜਨਤਕ ਤੇ ਸਾਹਿਤਕ ਪਰਚਿਆਂ ਦੀ ਸੰਪਾਦਕੀ ਕੀਤੀ; ਕਿੰਨਿਆਂ ਹੀ ਪਰਚਿਆਂ ਦੇ ਸੰਪਾਦਕੀ ਬੋਰਡ ਦਾ ਮੈਂਬਰ ਤੇ ਸਲਾਹਕਾਰ ਰਿਹਾ ਜਿਨ੍ਹਾਂ ’ਚ ਮਸ਼ਾਲ, ਪਰਚੰਡ, ਪਰਚੰਡ ਲਹਿਰ, ਸਮਕਾਲੀ ਦਿਸ਼ਾ, ਸੁਲਗਦੇ ਪਿੰਡ ਤੇ ਲੋਕ ਕਾਫਲਾ ਸ਼ਾਮਲ ਹਨ। ਆਪਣੇ ਵਿਚਾਰਾਂ ਨੂੰ ਅਮਲ ਵਿੱਚ ਲਿਆਉਣ ਲਈ ਉਸ ਨੇ ਵੱਖ ਵੱਖ ਜਥੇਬੰਦੀਆਂ ਜਾਂ ਸਭਾਵਾਂ ਜਥੇਬੰਦ ਕਰਨ ਵਿੱਚ ਆਗੂ ਭੂਮਿਕਾ ਨਿਭਾਈ। ਪੰਜਾਬ ਦੇ ਹੋਰ ਕ੍ਰਾਂਤੀਕਾਰੀ ਸਾਹਿਤਕਾਰਾਂ- ਗੁਰਸ਼ਰਨ ਸਿੰਘ, ਬਾਬਾ ਦੇਵਾ ਸਿੰਘ ਮਾਹਲਾ, ਸੰਤੋਖ ਸਿੰਘ ਬਾਜਵਾ, ਡਾ.ਸਾਧੂ ਸਿੰਘ ਆਦਿ ਨਾਲ਼ ਮਿਲ਼ ਕੇ 22 ਅਪ੍ਰੈਲ 1981 ਨੂੰ ਝੁਨੀਰ ਵਿੱਚ ਸਾਹਿਤਕਾਰਾਂ ਦੀ ਕਨਵੈਨਸ਼ਨ ਕਰਕੇ ਕ੍ਰਾਂਤੀਕਾਰੀ ਸਾਹਿਤ ਸਭਾ ਬਣਾਈ ਅਤੇ ਵੱਖ-ਵੱਖ ਸਮਿਆਂ ’ਤੇ ਇਸ ਸਭਾ ਦੇ ਸਕੱਤਰ ਅਤੇ ਪ੍ਰਧਾਨ ਦੀਆਂ ਜਿੰਮੇਵਾਰੀਆਂ ਨਿਭਾਈਆਂ। ਉਹ 80ਵਿਆਂ ਦੇ ਦਹਾਕੇ ਵਿੱਚ ਹੋਂਦ ਵਿੱਚ ਆਈ ਕੁੱਲ ਹਿੰਦ ਇਨਕਲਾਬੀ ਸੱਭਿਆਚਾਰਕ ਲੀਗ ਦਾ ਮੈਂਬਰ ਰਿਹਾ ਅਤੇ ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ ਸਮੇਤ ਮੁਲਕ ਭਰ ’ਚ ਲੀਗ ਵੱਲੋਂ ਕਰਵਾਏ ਜਾਂਦੇ ਸੈਮੀਨਾਰਾਂ, ਗੋਸ਼ਟੀਆਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵਰਵਰਾ ਰਾਓ ਅਤੇ ਗਦਰ ਵਰਗੇ ਉੱਘੇ ਲੇਖਕਾਂ ਤੇ ਕਲਾਕਾਰਾਂ ਸੰਗ ਭਾਗ ਲੈਂਦਾ ਰਿਹਾ। ਉਸ ਨੇ ਇਨਕਲਾਬੀ ਕੇਂਦਰ ਪੰਜਾਬ ਅਤੇ ਲੋਕ ਟਾਕਰਾ ਮੰਚ ਪੰਜਾਬ ਦੇ ਬਾਨੀਆਂ ਵਿੱਚ ਆਪਣੀ ਥਾਂ ਬਣਾਈ। 1990ਵਿਆਂ ਵਿੱਚ ਕਿਰਤੀਆਂ ਦੇ ਹੱਕਾਂ ਲਈ ਬਣੀ ਜਥੇਬੰਦੀ ਕਿਰਤੀ ਮਜਦੂਰ ਯੂਨੀਅਨ ਦੇ ਪ੍ਰਧਾਨ ਦੇ ਤੌਰ ’ਤੇ ਅਗਵਾਈ ਕੀਤੀ।