ਡੀਐਸਪੀ ਵਲੋਂ ਮੰਚ ਤੋਂ ਨਸ਼ਿਆਂ ਦਾ ਧੰਦਾ ਕਰਨ ਰਹੇ ਅਨਸਰਾਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦੇਣ ਤੋਂ ਬਾਦ ਮੁਲਤਵੀ ਕੀਤਾ ਘਿਰਾਓ
ਮਾਨਸਾ, ਗੁਰਦਾਸਪੁਰ 9 ਮਈ (ਸਰਬਜੀਤ ਸਿੰਘ)– ਅੱਜ ਸੀਪੀਆਈ (ਐਮ ਐਲ) ਲਿਬਰੇਸ਼ਨ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਕਿਸਾਨ ਯੂਨੀਅਨ ਇਨਕਲਾਬੀ ਨੌਜਵਾਨ ਸਭਾ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਅਤੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਮਾਨਸਾ ਸ਼ਹਿਰ ਅੰਦਰ ਨਸ਼ੀਲੀਆਂ ਗੋਲੀਆਂ, ਚਿੱਟੇ ਅਤੇ ਸਮੈਕ ਦੇ ਖੁੱਲੇਆਮ ਚੱਲ ਰਹੇ ਗੈਰਕਾਨੂੰਨੀ ਕਾਰੋਬਾਰ ਨੂੰ ਰੋਕਣ ਲਈ ਸ਼ਹਿਰ ਵਿੱਚ ਮੁਜਾਹਰਾ ਕਰਨ ਤੋਂ ਬਾਦ ਸਿਟੀ ਥਾਣੇ-1 ਦਾ ਘਿਰਾਓ ਕੀਤਾ ਗਿਆ।
ਇਸ ਘਿਰਾਓ ਨੂੰ ਸੰਬੋਧਨ ਕਰਦਿਆਂ ਲਿਬਰੇਸ਼ਨ ਦੇ ਕੇਂਦਰੀ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਮਾਨਸਾ ਸ਼ਹਿਰ ਅੰਦਰ ਖੁੱਲੇਆਮ ਕੈਮਿਸਟਾਂ ਦੀਆਂ ਦੁਕਾਨਾਂ ‘ਤੇ ਨਸ਼ੀਲੀਆਂ ਗੋਲੀਆਂ ਅਤੇ ਗਲੀਆਂ ਮੁਹੱਲਿਆਂ ਵਿੱਚ ਚਿੱਟਾ ਵਿਕ ਰਿਹਾ ਹੈ, ਜਿਸ ਦਾ ਸ਼ਿਕਾਰ ਹੋਰਨਾਂ ਤੋਂ ਇਲਾਵਾ ਸਕੂਲ ਪੜ੍ਹਦੇ ਨਬਾਲਿਗ ਮੁੰਡੇ ਕੁੜੀਆਂ ਤੱਕ ਹੋ ਰਹੇ ਹਨ । ਨਸ਼ਿਆਂ ਕਾਰਨ ਦਰਜਨਾਂ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਇਸ ਲਈ ਪਾਰਟੀ ਨੇ ਸਮੂਹ ਸੰਘਰਸ਼ੀ ਜਥੇਬੰਦੀਆਂ ਦੇ ਸਹਿਯੋਗ ਨਾਲ ‘ ਨਸ਼ੇ ਨਹੀਂ , ਰੁਜ਼ਗਾਰ ਦਿਓ’ ਮੁਹਿੰਮ ਆਰੰਭ ਕੀਤੀ ਹੈ। ਇਹ ਘਿਰਾਓ ਵੀ ਉਸੇ ਮੁਹਿੰਮ ਦਾ ਹਿੱਸਾ ਹੈ, ਤਾਂ ਜ਼ੋ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਉਤੇ ਨਸ਼ੇ ਵੇਚਣ ਵਾਲਿਆਂ ਤੇ ਉਨਾਂ ਦੇ ਸਰਪ੍ਰਸਤਾ ਖ਼ਿਲਾਫ਼ ਕਾਰਵਾਈ ਲਈ ਜਨਤਕ ਦਬਾਅ ਬਣਾਇਆ ਜਾ ਸਕੇ।
ਥਾਣੇ ਦੇ ਘਿਰਾਓ ਨੂੰ ਮਜ਼ਦੂਰ ਮੁਕਤੀ ਮੋਰਚਾ ਦੇ ਵਿਜੈ ਕੁਮਾਰ ਭੀਖੀ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਭੀਖੀ, ਗੁਰਜੰਟ ਸਿੰਘ ਮਾਨਸਾ, ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਅਸਿਸਟੈਂਟ ਸੁਪਰਡੈਂਟ ਜੇਲ (ਰਿਟਾ) ਪ੍ਰੀਤਮ ਸਿੰਘ ਖਾਲਸਾ, ਜਮਹੂਰੀ ਕਿਸਾਨ ਸਭਾ ਵੱਲੋਂ ਮੇਜਰ ਸਿੰਘ ਦੂਲੋਵਾਲ, ਉੱਤਰਾਧਿਕਾਰੀ ਫਰੀਡਮ ਫਾਈਟਰਜ਼ ਕਮੇਟੀ ਵੱਲੋਂ ਬਲਜੀਤ ਸਿੰਘ ਸੇਠੀ, ਮੁਸਲਿਮ ਕਮੇਟੀ ਮਾਨਸਾ ਵੱਲੋਂ ਹਬੀਬ ਖਾਨ, ਗੋਗੀ ਸਿੰਘ ਸੱਦੇ ਵਾਲਾ, ਪਾਰਟੀ ਦੀ ਤਹਿਸੀਲ ਕਮੇਟੀ ਝੁਨੀਰ ਵਲੋਂ ਬਲਵਿੰਦਰ ਘਰਾਂਗਣਾ, ਨੌਜਵਾਨ ਆਗੂ ਪਰਮਿੰਦਰ ਝੋਟਾ, ਗੁਰਦੀਪ ਸਿੰਘ ਝੁਨੀਰ, ਬਲਵੀਰ ਗੁਲੂ, ਐਡਵੋਕੇਟ ਲਖਵਿੰਦਰ ਲਖਨਪਾਲ, ਆਇਸਾ ਆਗੂ ਸੁਖਜੀਤ ਸਿੰਘ ਰਾਮਾਨੰਦੀ, ਪੈਰਾ ਮੈਡੀਕਲ ਐਸੋਸੀਏਸ਼ਨ ਦੇ ਆਗੂ ਕੇਵਲ ਸਿੰਘ, ਸੀਪੀਆਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਸੋਸ਼ਲਿਸਟ ਪਾਰਟੀ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਮਾਨਸ਼ਾਹੀਆ, ਕ੍ਰਿਸ਼ਨਾ ਕੌਰ ਮਾਨਸਾ, ਟਰਾਲੀ ਯੂਨੀਅਨ ਦੇ ਪ੍ਰਧਾਨ ਪ੍ਰਦੀਪ ਸਿੰਘ, ਇਨਕਲਾਬੀ ਨੌਜਵਾਨ ਸਭਾ ਵੱਲੋਂ ਹਰਦਮ ਸਿੰਘ ਮਾਨਸਾ, ਲਿਬਰੇਸ਼ਨ ਮਾਨਸਾ ਸਿਟੀ ਕਮੇਟੀ ਦੇ ਸਕੱਤਰ ਸੁਰਿੰਦਰ ਪਾਲ ਸ਼ਰਮਾਂ, ਦੋਧੀ ਯੂਨੀਅਨ ਦੇ ਪ੍ਰਧਾਨ ਸੱਤ ਪਾਲ ਭੈਣੀ, ਕੁਲ ਹਿੰਦ ਕਿਸਾਨ ਸਭਾ ਵੱਲੋਂ ਰੂਪ ਸਿੰਘ ਢਿੱਲੋਂ, ਹੈਲਪਿੰਗ ਹੈੱਡ ਵੱਲੋਂ ਸਾਰਾ ਸਿੰਘ ਜੋਗਾ, ਔਰਤ ਆਗੂ ਹਰਵਿੰਦਰ ਕੌਰ ਸੱਦਾ ਸਿੰਘ ਵਾਲਾ, ਬਲਵਿੰਦਰ ਕੌਰ ਮਾਨਸਾ ਨੇ ਵੀ ਸੰਬੋਧਨ ਕੀਤਾ। ਮੰਚ ਸੰਚਾਲਨ ਕਾਮਰੇਡ ਗੁਰਸੇਵਕ ਸਿੰਘ ਮਾਨ ਵਲੋਂ ਕੀਤਾ ਗਿਆ।
ਬੁਲਾਰਿਆਂ ਦਾ ਕਹਿਣਾ ਸੀ ਕਿ ਭਗਵੰਤ ਮਾਨ ਸਰਕਾਰ ਨਸ਼ਿਆਂ ਨੂੰ ਖਤਮ ਕਰਨ ਦੇ ਵਾਇਦੇ ਨਾਲ ਸੱਤਾ ਵਿਚ ਆਈ ਸੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੀ ਅੱਜ ਨਸ਼ੀਲੇ ਪਦਾਰਥ ਸ਼ਰੇਆਮ ਵਿਕ ਰਹੇ ਹਨ ਅਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।
ਨਸ਼ਿਆਂ ਦਾ ਕਾਲਾ ਕਾਰੋਬਾਰ ਰੋਕਣ ਦੇ ਮਾਮਲੇ ਵਿਚ ਇਸ ਦੀ ਕਾਰਗੁਜ਼ਾਰੀ ਜ਼ੀਰੋ ਹੈ । ਜਾਪਦਾ ਹੈ ਕਿ ਇਸ ਸਰਕਾਰ ਦਾ ਹਸ਼ਰ ਵੀ ਅਕਾਲੀ ਕਾਂਗਰਸੀ ਸਰਕਾਰਾਂ ਵਾਲਾ ਹੀ ਹੋਵੇਗਾ । ਉਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੈਡੀਕਲ ਸਟੋਰਾਂ ‘ਤੇ ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਮਾਲਕਾਂ ਖਿਲਾਫ ਪਰਚਾ ਦਰਜ਼ ਕਰਕੇ ਉਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਉਨਾਂ ਵਲੋਂ ਇਸ ਕਾਲੇ ਧੰਦੇ ਦੀ ਅੰਨੀ ਕਮਾਈ ਨਾਲ ਬਣਾਈ ਕਰੋੜਾਂ ਰੁਪਏ ਦੀ ਜਾਇਦਾਦ ਜਬਤ ਕੀਤੀ ਜਾਵੇ। ਨਸ਼ੀਲੀਆਂ ਦਵਾਈਆਂ ਵੇਚਣ ਵਾਲਿਆਂ ਖਿਲਾਫ ਕਾਰਵਾਈ ਨਾ ਕਰਨ ਵਾਲੇ ਭ੍ਰਿਸ਼ਟ ਡਰੱਗ ਇੰਸਪੈਕਟਰ ਅਤੇ ਪੁਲਿਸ ਅਫਸਰਾਂ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇ। ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਕੱਢਣ ਲਈ ਸਿਰਫ ਬਦਲਵੇਂ ਨਸ਼ੇ ਦੀਆਂ ਗੋਲੀਆਂ ਵੰਡਣ ਦੀ ਬਜਾਏ, ਹਸਪਤਾਲਾਂ ਤੇ ਨਸ਼ਾ ਛਡਾਊ ਕੇਦਰਾਂ ਵਿੱਚ ਮਾਨਸਿਕ ਰੋਗਾਂ ਦੇ ਮਾਹਰ ਡਾਕਟਰਾਂ ਅਤੇ ਕੁਆਲੀਫਾਈਡ ਸਟਾਫ਼ ਦੀ ਨਿਯੁਕਤੀ ਕੀਤੀ ਜਾਵੇ ।
ਪੁਲਸ ਅਤੇ ਪ੍ਰਦਰਸ਼ਨਕਾਰੀਆਂ ਦੇ ਵਫਦ ਦਰਮਿਆਨ ਲੰਬੀ ਗੱਲਬਾਤ ਤੋਂ ਬਾਦ ਡੀਐਸਪੀ ਸਿਟੀ ਸੰਜੀਵ ਗੋਇਲ ਵਲੋਂ ਮੰਚ ਤੋਂ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਇਸ ਧੰਦੇ ਵਿਚ ਲੱਗੇ ਪੁਲਸ ਮੁਲਾਜ਼ਮਾਂ ਸਮੇਤ ਨਸ਼ੇ ਵੇਚਣ ਦਾ ਧੰਦਾ ਕਰਨ ਵਾਲੇ ਮੈਡੀਕਲ ਸਟੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ। ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਮੈਡੀਕਲ ਸਟੋਰਾਂ ਦੇ ਖੁੱਲਣ ਤੇ ਬੰਦ ਕਰਨ ਦਾ ਸਮਾਂ ਤਹਿ ਕੀਤਾ ਜਾਵੇਗਾ, ਪਾਬੰਦੀ ਸ਼ੁਦਾ ਦਵਾਈਆਂ ਵੇਚਣ ਵਾਲਿਆਂ ਅਤੇ ਡਾਕਟਰ ਦੀ ਪਰਚੀ ਤੋਂ ਬਿਨਾਂ ਦਰਦ ਨਿਵਾਰਕ ਦਵਾਈਆਂ ਵੇਚਣ ਵਾਲੇ ਕੈਮਿਸਟਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣਗੇ ਤੇ ਉਨਾਂ ਦੇ ਲਾਈਸੈਂਸ ਰੱਦ ਕਰਵਾਏ ਜਾਣਗੇ। ਵਿਜੀਲੈਂਸ ਤੋਂ ਜ਼ਾਹਲੀ ਲਾਇਸੈਂਸਾਂ ਬਾਰੇ ਵੀ ਜਾਂਚ ਕਰਵਾਈ ਜਾਵੇਗੀ।
ਡੀਐਸਪੀ ਵਲੋਂ ਦਿੱਤੇ ਇਸ ਭਰੋਸੇ ਤੋਂ ਬਾਅਦ ਠਾਣੇ ਦਾ ਘਿਰਾਓ ਮੁਲਤਵੀ ਕੀਤਾ ਗਿਆ। ਨਸ਼ਿਆਂ ਖ਼ਿਲਾਫ਼ ਇਸ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ 10 ਮਈ ਨੂੰ ਬਾਬਾ ਬੂਝਾ ਸਿੰਘ ਭਵਨ ਵਿੱਚ ਨੌਜਵਾਨਾਂ ਤੇ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਬੁਲਾਈ ਗਈ ਹੈ। ਮੀਟਿੰਗ ਵਿੱਚ ਜ਼ਿਲ੍ਹੇ ਅੰਦਰ
“ਨਸ਼ੇ ਨਹੀਂ, ਰੁਜ਼ਗਾਰ ਦਿਉ ” ਦੇ ਨਾਹਰੇ ਤਹਿਤ ਪਿੰਡਾਂ ਅੰਦਰ ਲਾਮਬੰਦੀ ਨੂੰ ਤੇਜ਼ ਕਰਨ ਦੀ ਰਣਨੀਤੀ ਤਹਿ ਕੀਤੀ ਜਾਵੇਗੀ।