‘ਬੀ ਟੀਮ’ ਹੋਣ ਦੇ ਨਾਤੇ, ‘ਆਪ’ ਨੇ ਇੱਕ ਵਾਰ ਫਿਰ ਆਪਣੇ ਮਾਲਕ ਦਾ ਅਨੁਸਰਨ ਕਰਨ ਦਾ ਫ਼ੈਸਲਾ ਕੀਤਾ ਹੈ: ਵਿਰੋਧੀ ਧਿਰ ਦੇ ਆਗੂ
ਚੰਡੀਗੜ੍ਹ, ਗੁਰਦਾਸਪੁਰ, 30 ਜੂਨ (ਸਰਬਜੀਤ ਸਿੰਘ)– ਆਮ ਆਦਮੀ ਪਾਰਟੀ (ਆਪ) ਵੱਲੋਂ ਯੂਨੀਫ਼ਾਰਮ ਸਿਵਲ ਕੋਡ (ਯੂਸੀਸੀ) ਨੂੰ ਸਿਧਾਂਤਕ ਸਮਰਥਨ ਦੇਣ ਤੋਂ ਬਾਅਦ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਫ਼ਿਰਕੂ ਏਜੰਡੇ ਨੂੰ ਲਾਗੂ ਕਰ ਰਹੀ ਹੈ ਤੇ ਆਪ ਉਸ ਦਾ ਸਮਰਥਨ ਕਰ ਰਹੀ ਹੈ।
ਸੀਨੀਅਰ ਕਾਂਗਰਸੀ ਆਗੂ ਬਾਜਵਾ ਅਤੇ ਰਾਜਾ ਵੜਿੰਗ ਨੇ ਕਿਹਾ ਕਿ ਯੂਸੀਸੀ ਨੂੰ ਕਦੇ ਵੀ ਲੋਕਾਂ ‘ਤੇ ਥੋਪਣਾ ਨਹੀਂ ਜਾਣਾ ਚਾਹੀਦਾ ਕਿਉਂਕਿ ਭਾਰਤ ਦਾ ਸੰਵਿਧਾਨ ਵੱਖ-ਵੱਖ ਧਰਮਾਂ, ਅਤੇ ਨਸਲਾਂ ਨਾਲ ਸਬੰਧਿਤ ਲੋਕਾਂ ਦੀ ਵਿਭਿੰਨਤਾ ਅਤੇ ਨਿੱਜੀ ਅਧਿਕਾਰਾਂ ਦਾ ਸਨਮਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਯੂਸੀਸੀ ਲਾਗੂ ਹੋ ਜਾਂਦੀ ਹੈ ਤਾਂ ਇਹ ਘੱਟ ਗਿਣਤੀ ਭਾਈਚਾਰੇ ਹੀ ਹੋਣਗੇ, ਜਿਨ੍ਹਾਂ ਨੂੰ ਇਸ ਦਾ ਸਾਹਮਣਾ ਕਰਨਾ ਪਵੇਗਾ।
ਬਾਜਵਾ ਨੇ ਕਿਹਾ ਕਿ ਯੂਸੀਸੀ ਲਾਗੂ ਹੋਣ ਨਾਲ ਦੇਸ਼ ਦਾ ਸਦਭਾਵਨਾ ਵਾਲਾ ਤੇ ਸ਼ਾਂਤ ਮਾਹੌਲ ਖ਼ਰਾਬ ਹੋ ਸਕਦਾ ਹੈ ਤੇ ਇਸ ਦੇ ਨਤੀਜਿਆਂ ਲਈ ‘ਆਪ’ ਵੀ ਜ਼ਿੰਮੇਵਾਰ ਹੋਵੇਗੀ।
“ਯੂਸੀਸੀ ਦੀ ਤਿਆਰੀ ਦੇ ਨਾਲ, ਭਾਜਪਾ ਵੱਧ ਰਹੀ ਬੇਰੁਜ਼ਗਾਰੀ ਅਤੇ ਮਹਿੰਗਾਈ ਨਾਲ ਨਜਿੱਠਣ ਵਿੱਚ ਆਪਣੀ ਅਸਫਲਤਾ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਹਿੰਸਾ ਪ੍ਰਭਾਵਿਤ ਮਨੀਪੁਰ ਵਿੱਚ ਸ਼ਾਂਤੀ ਬਹਾਲ ਕਰਨ ਵਿੱਚ ਵੀ ਅਸਫਲ ਰਹੀ ਹੈ। ਇਸ ਦੌਰਾਨ, 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਆਪਣੇ ਵੋਟ ਬੈਂਕ ਨੂੰ ਮਜ਼ਬੂਤ ਕਰਨ ਦੇ ਏਜੰਡੇ ਨਾਲ, ਭਾਜਪਾ ਘੱਟ ਗਿਣਤੀ ਭਾਈਚਾਰਿਆਂ ਦੇ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਹੈ। ਇਸ ਦੇ ਨਾਲ, ਬਹੁਗਿਣਤੀ ਭਾਈਚਾਰੇ ਦੇ ਕੁਝ ਹਿੱਸੇ ਵੀ ਪ੍ਰਭਾਵਿਤ ਹੋਣਗੇ”, ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ।
ਇੱਕ ਬਿਆਨ ਵਿਚ ਬਾਜਵਾ ਨੇ ‘ਆਪ’ ਨੂੰ ਪੁੱਛਿਆ ਕਿ ਜਦੋਂ ‘ਆਪ’ ਆਪਣੇ ਆਕਾ – ਭਾਜਪਾ – ਦੀ ਲੀਹ ‘ਤੇ ਚੱਲ ਰਹੀ ਹੈ ਤਾਂ ਇਸ ਨੂੰ ਭਾਜਪਾ ਦੀ ‘ਬੀ ਟੀਮ’ ਕਿਉਂ ਨਹੀਂ ਕਿਹਾ ਜਾਣਾ ਚਾਹੀਦਾ।
“ਇਸ ਤੋਂ ਪਹਿਲਾਂ ਅਗਸਤ 2019 ਵਿੱਚ, ‘ਆਪ’ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਸੀ ਜਦੋਂ ਭਾਜਪਾ ਨੇ ਧਾਰਾ 370 ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਪੂਰੇ ਸੂਬੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਗਿਆ ਸੀ। ਪਰ ਹੁਣ ‘ਝਾੜੂ ਪਾਰਟੀ’ (ਆਪ) ਸੰਘਵਾਦ ‘ਤੇ ਭੜਾਸ ਕੱਢ ਰਹੀ ਹੈ”, ਬਾਜਵਾ ਨੇ ਅੱਗੇ ਕਿਹਾ।
ਉਨ੍ਹਾਂ ਕਿਹਾ ਕਿ ‘ਆਪ’ ਨੇ ਸੀਏਏ ‘ਤੇ ਵੀ ਭਾਜਪਾ ਨੂੰ ਆਪਣਾ ਸਮਰਥਨ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਦੇ ਵੀ ਸ਼ਾਹੀਨ ਬਾਗ਼ ਦਾ ਦੌਰਾ ਨਹੀਂ ਕੀਤਾ, ਜੋ ਸੀਏਏ ਵਿਰੁੱਧ ਆਯੋਜਿਤ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਦੀ ਥਾਂ ਹੈ।
“ਸਿੱਖ ਬਹੁ-ਗਿਣਤੀ ਵਾਲੇ ਸੂਬੇ ਪੰਜਾਬ ਨੇ ‘ਆਪ’ ਨੂੰ ਇੰਨੇ ਵੱਡੇ ਫ਼ਤਵੇ ਨਾਲ ਸੱਤਾ ਵਿੱਚ ਲਿਆਂਦਾ। ‘ਆਪ’ ਨੂੰ ਯੂਸੀਸੀ ਬਾਰੇ ਅੰਤਿਮ ਫ਼ੈਸਲਾ ਲੈਂਦੇ ਸਮੇਂ ਪੰਜਾਬੀਆਂ ਨੂੰ ਭਰੋਸੇ ਵਿੱਚ ਲੈਣ ਦੀ ਇੱਛਾ ਕਿਉਂ ਨਹੀਂ ਮਹਿਸੂਸ ਹੋਈ? ਜਿਸ ਤਰੀਕੇ ਨਾਲ ‘ਆਪ’ ਅਜਿਹੇ ਅਹਿਮ ਫ਼ੈਸਲੇ ਤਾਨਾਸ਼ਾਹੀ ਢੰਗ ਨਾਲ ਲੈਂਦੀ ਹੈ, ਉਹ ਦਰਸਾਉਂਦਾ ਹੈ ਕਿ ‘ਆਪ’ ਪਾਰਟੀ ਦੇ ਅੰਦਰ ਲੋਕਤੰਤਰ ਦੇ ਸਿਧਾਂਤਾਂ ਦਾ ਪਾਲਨ ਨਹੀਂ ਕਰਦੀ।”
ਬਾਜਵਾ ਨੇ ਕਿਹਾ ਕਿ ਖ਼ਾਸ ਗੱਲ ਇਹ ਹੈ ਕਿ ‘ਆਪ’ ਨੇ ਯੂਸੀਸੀ ‘ਤੇ ਇਹ ਸਟੈਂਡ ਉਦੋਂ ਲਿਆ ਜਦੋਂ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਦੇ ਨਵੀਨੀਕਰਨ ਵਿੱਚ ਕਥਿਤ “ਪ੍ਰਸ਼ਾਸਨਿਕ ਅਤੇ ਵਿੱਤੀ” ਬੇਨਿਯਮੀਆਂ ਦਾ ਵਿਸ਼ੇਸ਼ ਆਡਿਟ ਕਰਨ ਦਾ ਫ਼ੈਸਲਾ ਕੀਤਾ। ਇਸ ਤੋਂ ਇਲਾਵਾ ਕਥਿਤ ਸ਼ਰਾਬ ਘੁਟਾਲੇ ਦੀ ਜਾਂਚ ਵੀ ਜਾਰੀ ਸੀ। ਜ਼ਾਹਿਰ ਹੈ ਕਿ ਇਸ ਸਮਰਥਨ ਪਿੱਛੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਮਕਸਦ ਆਪਣੇ ਆਪ ਨੂੰ ਬਚਾਉਣਾ ਸੀ।
ਬਾਜਵਾ ਨੇ ਕਿਹਾ ਕਿ ਜਦੋਂ 21ਵੇਂ ਲਾਅ ਕਮਿਸ਼ਨ ਨੇ ਪਹਿਲਾਂ ਹੀ ਮੰਨ ਲਿਆ ਸੀ ਕਿ ਯੂਸੀਸੀ ਦੀ ਲੋੜ ਨਹੀਂ ਹੈ ਤਾਂ 22ਵੇਂ ਲਾਅ ਕਮਿਸ਼ਨ ਨੂੰ ਬੁਲਾਉਣ ਦੀ ਕੋਈ ਲੋੜ ਨਹੀਂ ਹੈ।