ਲਿਬਰੇਸ਼ਨ ਵਲੋਂ ਕਾਮਨ ਸਿਵਲ ਕੋਡ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਦੇ ਬਿਆਨ ਦੀ ਨਿੰਦਾ, ਇਸ ਮੁੱਦੇ ‘ਤੇ ‘ਆਪ’ ਦਾ ਸਟੈਂਡ ਘੋਰ ਮੌਕਾਪ੍ਰਸਤ
ਚਾਰੂ ਮੌਜੂਮਦਾਰ ਤੇ ਬਾਬਾ ਬੂਝਾ ਸਿੰਘ ਦੇ ਸ਼ਹਾਦਤ ਦਿਵਸ ਮੌਕੇ ਪਾਰਟੀ ਵਲੋਂ ਤਿੰਨ ਦਿਨਾਂ ਵਰਕਸ਼ਾਪ ਲਾਉਣ ਦਾ ਫੈਸਲਾ
ਐਮਐਸਪੀ ‘ਤੇ ਮੱਕੀ ਤੇ ਮੂੰਗੀ ਦੀ ਖਰੀਦ ਨਾ ਹੋਣਾ ਕਿਸਾਨਾਂ ਨਾਲ ਘੋਰ ਵਾਦਾਖਿਲਾਫੀ
ਮਾਨਸਾ, ਗੁਰਦਾਸਪੁਰ, 30 ਜੂਨ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਕਾਮਨ ਸਿਵਲ ਕੋਡ ਲਾਗੂ ਕਰਨ ਬਾਰੇ ਦਿੱਤੇ ਬਿਆਨ ਦਾ ਮਨੋਰਥ ਕਾਨੂੰਨ ਵਿਚ ਸਮਾਨਤਾ ਲਿਆਉਣਾ ਨਾ ਹੋ ਕੇ ਆ ਰਹੀਆਂ ਲੋਕ ਸਭਾ ‘ਚ ਸੰਘ-ਬੀਜੇਪੀ ਦੇ ਸਿਆਸੀ ਲਾਹੇ ਲਈ ਦੇਸ਼ ਵਿਚ ਫਿਰਕੂ ਧਰੁਵੀਕਰਨ ਨੂੰ ਤਿੱਖਾ ਕਰਨਾ ਹੈ, ਜੋ ਉਨਾਂ ਵਲੋਂ ਅਮਰੀਕਾ ਵਿਚ ਦੇਸ਼ ‘ਚ ਘੱਟਗਿਣਤੀਆਂ ਨਾਲ ਹੋ ਰਹੇ ਵਿਤਕਰੇ ਦੇ ਸੁਆਲ ‘ਤੇ ਦਿੱਤੇ ਗਏ ਸਪਸ਼ਟੀਕਰਨ ਦੀ ਖੁੱਲੀ ਖ਼ਿਲਾਫ਼ ਵਰਜੀ ਹੈ। ਕਾਮਰੇਡ ਗੋਬਿੰਦ ਸਿੰਘ ਛਾਜਲੀ ਦੀ ਪ੍ਰਧਾਨਗੀ ਹੇਠ ਬਾਬਾ ਬੂਝਾ ਸਿੰਘ ਭਵਨ ਵਿਖੇ ਹੋਈ ਪਾਰਟੀ ਦੀ ਸੂਬਾ ਸਟੈਂਡਿੰਗ ਕਮੇਟੀ ਦੀ ਮੀਟਿੰਗ ਵਿਚ ਪਾਰਟੀ ਦੇ ਕੇਂਦਰੀ ਇੰਚਾਰਜ ਕਾਮਰੇਡ ਪਰਸ਼ੋਤਮ ਸ਼ਰਮਾ ਰਾਜਵਿੰਦਰ ਸਿੰਘ ਰਾਣਾ, ਰੁਲਦੂ ਸਿੰਘ ਮਾਨਸਾ, ਸੁਖਦਰਸ਼ਨ ਸਿੰਘ ਨੱਤ, ਗੁਲਜ਼ਾਰ ਸਿੰਘ ਭੁੰਬਲੀ, ਗੁਰਪ੍ਰੀਤ ਸਿੰਘ ਰੂੜੇਕੇ ਅਤੇ ਜਸਬੀਰ ਕੌਰ ਨੱਤ ਸ਼ਾਮਲ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਬਖਤਪੁਰ ਨੇ ਕਿਹਾ ਕਿ ਹਾਲੇ ਚਾਰ ਕੁ ਦਿਨ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਨਾਲ ਵਾਈਟ ਹਾਊਸ ਵਿਖੇ ਸਾਂਝੀ ਪ੍ਰੈਸ ਕਾਨਫਰੰਸ ਵਿਚ ਪੁੱਛੇ ਗਏ ਪ੍ਰਸ਼ਨ – ਕਿ ਭਾਰਤ ਵਿਚ ਘੱਟਗਿਣਤੀਆਂ ਨਾਲ ਹੋ ਰਹੇ ਵਿਤਕਰੇ ਦੀ ਰੋਕਥਾਮ ਲਈ ਉਨ੍ਹਾਂ ਦੀ ਸਰਕਾਰ ਕੀ ਕਦਮ ਚੁੱਕ ਰਹੀ ਹੈ – ਦੇ ਜਵਾਬ ਵਿਚ ਪ੍ਰਧਾਨ ਮੰਤਰੀ ਮੋਦੀ ‘ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ’ ਦੀ ਮੁਹਾਰਨੀ ਸੁਣਾ ਕੇ ਆਏ ਹਨ, ਪਰ ਦੇਸ਼ ਵਾਪਸ ਆਉਂਦਿਆਂ ਹੀ ਉਹ ਮੁੜ ਘੱਟਗਿਣਤੀਆਂ ਖ਼ਿਲਾਫ਼ ਅਪਣੇ ਅਸਲੀ ਫਾਸਿਸਟ ਰੰਗ ਵਿਚ ਸਾਹਮਣੇ ਆ ਗਏ। ਕਾਮਰੇਡ ਬਖਤਪੁਰ ਨੇ ਕਾਮਨ ਸਿਵਲ ਕੋਡ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ ਵਲੋਂ ਲਏ ਸਟੈਂਡ ਦੀ ਵੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਇਕ ਪਾਸੇ ਇਹ ਪਾਰਟੀ ਦਿੱਲੀ ਸਰਕਾਰ ਬਾਰੇ ਮੋਦੀ ਸਰਕਾਰ ਵਲੋਂ ਜਾਰੀ ਆਰਡੀਨੈਂਸ ਦੇ ਸੁਆਲ ‘ਤੇ ਵਿਰੋਧੀ ਪਾਰਟੀਆਂ ਦੇ ਬਣ ਰਹੇ ਮੋਰਚੇ ਨੂੰ ਸਾਬੋਤਾਜ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੀ, ਪਰ ਦੂਜੇ ਪਾਸੇ ਘੋਰ ਮੌਕਾਪ੍ਰਸਤੀ ਕਰਦਿਆਂ ਇਹ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਵਿਚ ਖੁਦ ਬੀਜੇਪੀ ਦੀ ਪੈੜ ‘ਚ ਪੈੜ ਧਰ ਰਹੀ ਹੈ। ਭਗਵੰਤ ਮਾਨ ਤੇ ਕੇਜਰੀਵਾਲ ਨੂੰ ਇਸ ਦੋਗਲੇਪਣ ਦੇ ਸਿਆਸੀ ਕੀਮਤ ਲਾਜ਼ਮੀ ਤਾਰਨੀ ਪਵੇਗੀ।
ਮੀਟਿੰਗ ਨੇ ਮੋਹਾਲੀ ਵਿਖੇ ਚੱਲ ਰਹੇ ‘ਰਿਜ਼ਰਵੇਸ਼ਨ ਚੋਰ ਫੜੋ ਮੋਰਚੇ’ ਦੀ ਹਿਮਾਇਤ ਕਰਦਿਆਂ ਪਾਰਟੀ ਆਗੂਆਂ ਨੂੰ ਕਿਹਾ ਹੈ ਕਿ ਉਹ ਵਾਰੀ ਸਿਰ ਇਸ ਮੋਰਚੇ ਵਿਚ ਅਪਣੀ ਹਾਜ਼ਰੀ ਲਗਵਾਉਣ। ਪਾਰਟੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਵੱਖ ਵੱਖ ਕੈਟਾਗਿਰੀਆਂ ਦੇ ਜ਼ਾਹਲੀ ਸਰਟੀਫਿਕੇਟਾਂ ਬਣਵਾ ਕੇ ਨੌਕਰੀਆਂ, ਤਰੱਕੀਆਂ ਤੇ ਚੋਣਾਂ ਲੜਨ ਮੌਕੇ ਉਨਾਂ ਦੀ ਦੁਰਵਰਤੋ ਕਰਨ ਬਾਰੇ ਸਾਰੇ ਵਿਭਾਗਾਂ ਦੇ ਅਫਸਰਾਂ ਮੁਲਾਜ਼ਮਾਂ ਜਾਂ ਸਿਆਸੀ ਲੀਡਰਾਂ ਬਾਰੇ ਬਰੀਕੀ ‘ਚ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਪਾਏ ਜਾਂਦੇ ਸਾਰੇ ਅਨਸਰਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਮੀਟਿੰਗ ਨੇ ਕੱਲ ਯੂਪੀ ਵਿਚ ਨੌਜਵਾਨ ਦਲਿਤ ਆਗੂ ਚੰਦਰ ਸ਼ੇਖਰ ਰਾਵਣ ਉਤੇ ਹੋਏ ਜਾਨੀ ਹਮਲੇ ਵਿਚ ਜਿਥੇ ਉਨਾਂ ਦੀ ਜਾਨ ਬਚ ਜਾਣ ‘ਤੇ ਤਸੱਲੀ ਜ਼ਾਹਰ ਕੀਤੀ ਹੈ, ਉਥੇ ਇਸ ਘਾਤਕ ਹਮਲੇ ਦੀ ਸਖਤ ਨਿੰਦਾ ਕਰਦਿਆਂ ਕਿਹਾ ਹੈ ਕਿ ਇਸ ਹਮਲੇ ਪਿਛੇ ਜੋ ਕਾਲੀਆਂ ਤਾਕਤਾਂ ਸਰਗਰਮ ਹਨ, ਉਨਾਂ ਦਾ ਚੇਹਰਾ ਹੁਣ ਦੇਸ਼ ਦੀ ਜਨਤਾ ਸਾਫ ਪਛਾਣ ਰਹੀ ਹੈ।
ਮੀਟਿੰਗ ਵਲੋਂ ਪਾਸ ਕੀਤੇ ਇਕ ਮਤੇ ਵਿਚ ਵਾਅਦੇ ਅਨੁਸਾਰ ਪੰਜਾਬ ਵਿਚ ਘੱਟੋ ਘੱਟ ਸਹਾਇਕ ਕੀਮਤ ਉਤੇ ਮੱਕੀ ਅਤੇ ਮੂੰਗੀ ਦੀ ਸਰਕਾਰੀ ਖਰੀਦ ਨਾ ਹੋਣ ਨੂੰ ਕਿਸਾਨਾਂ ਨਾਲ ਅਤੇ ਸੂਬੇ ਦੇ ਖੇਤੀ ਵੰਨ ਸੁਵੰਨਤਾ ਦੇ ਪ੍ਰੋਜੈਕਟ ਨਾਲ ਮਾਨ ਸਰਕਾਰ ਵਲੋਂ ਕੀਤਾ ਵਿਸ਼ਵਾਸ਼ਘਾਤ ਕਰਾਰ ਦਿੱਤਾ ਹੈ ਅਤੇ ਇਸ ਦੇ ਖਿਲਾਫ ਕਿਸਾਨ ਜਥੇਬੰਦੀਆਂ ਦੇ ਘੋਲ ਨੂੰ ਅਪਣੀ ਹਿਮਾਇਤ ਦਾ ਵੀ ਐਲਾਨ ਕੀਤਾ ਹੈ।
ਮੀਟਿੰਗ ਨੇ ਫੈਸਲਾ ਕੀਤਾ ਕਿ ਪਾਰਟੀ ਦੇ ਸੰਸਥਾਪਕ ਆਗੂਆਂ ਸ਼ਹੀਦ ਕਾਮਰੇਡ ਚਾਰੂ ਮੌਜੂਮਦਾਰ ਅਤੇ ਬਾਬਾ ਬੂਝਾ ਸਿੰਘ ਦੇ ਸ਼ਹਾਦਤ ਦਿਵਸ 28 ਜੁਲਾਈ ਮੌਕੇ, ਪਾਰਟੀ ਵਲੋਂ ਸੀਪੀਆਈ (ਐਮ ਐਲ) ਦੇ ਇਸ ਸਾਲ ਮਾਰਚ ਵਿਚ ਪਟਨਾ ਵਿਖੇ ਹੋਏ ਗਿਆਰਵੇਂ ਮਹਾਂ ਸੰਮੇਲਨ ਵਲੋਂ ਪ੍ਰਵਾਨ ਕੀਤੇ ਦਸਤਾਵੇਜਾਂ ਦੇ ਅਧਿਐਨ ਲਈ ਇਕ ਤਿੰਨ ਰੋਜ਼ਾ ਵਰਕਸ਼ਾਪ ਲਾਈ ਜਾਵੇਗੀ। ਇਸ ਵਿਚ ਸਿਰਫ ਉਹ ਪਾਰਟੀ ਆਗੂ ਤੇ ਵਰਕਰ ਹੀ ਸ਼ਾਮਲ ਹੋ ਸਕਣਗੇ, ਜ਼ੋ ਇਸ ਵਰਕਸ਼ਾਪ ਤੋਂ ਪਹਿਲਾਂ ਇੰਨਾਂ ਦਸਤਾਵੇਜ਼ਾਂ ਨੂੰ ਅਪਣੇ ਪੱਧਰ ‘ਤੇ ਪੜ੍ਹ ਲੈਣਗੇ।