ਸੇਵਾ ਕੇਂਦਰਾਂ ਦੇ ਸਮੇਂ ‘ਚ ਕੋਈ ਬਦਲਾਅ ਨਹੀਂ, ਸੇਵਾ ਕੇਂਦਰ ਪਹਿਲਾਂ ਵਾਂਗ ਸਵੇਰੇ 9 ਵਜੇ ਤੋਂ 5 ਵਜੇ ਤੱਕ ਹੀ ਖੁੱਲ੍ਹਣਗੇ : ਡਿਪਟੀ ਕਮਿਸ਼ਨਰ
ਗੁਰਦਾਸਪੁਰ, 2 ਮਈ (ਸਰਬਜੀਤ ਸਿੰਘ)–ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਦੇ ਸਮੇਂ ਦੀ ਕੀਤੀ ਤਬਦੀਲੀ ਅਨੁਸਾਰ 2 ਮਈ ਤੋਂ ਰਾਜ ਸਰਕਾਰ ਦੇ ਦਫ਼ਤਰ ਸਵੇਰੇ 07:30 ਵਜੇ ਦੁਪਿਹਰ 2:00 ਵਜੇ ਤੱਕ ਖੁਲਣਗੇ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਸੇਵਾ ਕੇਂਦਰਾਂ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਅਤੇ ਸੇਵਾ ਕੇਂਦਰ ਪਹਿਲਾਂ ਵਾਂਗ ਸਵੇਰੇ 9 ਵਜੇ ਤੋਂ 5 ਵਜੇ ਤੱਕ ਹੀ ਖੁੱਲ੍ਹਣਗੇ।
ਸੇਵਾ ਕੇਂਦਰਾਂ ਬਾਰੇ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਸੇਵਾ ਕੇਂਦਰ ਪਹਿਲਾਂ ਵਾਂਗ ਹੀ ਸਵੇਰੇ 9 ਵਜੇ ਤੋਂ 5 ਤੱਕ ਖੁੱਲ੍ਹਣਗੇ, ਇਸ ਲਈ ਜ਼ਿਲ੍ਹਾ ਵਾਸੀ ਇਸ ਸਮੇਂ ਅਨੁਸਾਰ ਸੇਵਾਵਾਂ ਹਾਸਲ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਰਾਜ ਸਰਕਾਰ ਦੇ ਸਾਰੇ ਦਫ਼ਤਰਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੇ ਨਿਰਦੇਸ਼ਾਂ ਤਹਿਤ ਹੁਣ ਜ਼ਿਲ੍ਹੇ ਦੇ ਸਮੁੱਚੇ ਪੰਜਾਬ ਸਰਕਾਰ ਦੇ ਅਦਾਰੇ 2 ਮਈ 2023 ਦਿਨ ਮੰਗਲਵਾਰ ਤੋਂ ਸਵੇਰੇ 7:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਸਰਕਾਰੀ ਦਫ਼ਤਰਾਂ ਦੇ ਬਦਲੇ ਹੋਏ ਨਵੇਂ ਸਮੇਂ ਦਾ ਧਿਆਨ ਰੱਖਣ ਅਤੇ ਉਸ ਅਨੁਸਾਰ ਹੀ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਵਿੱਚ ਪਹੁੰਚ ਕਰਨ। ਉਨ੍ਹਾਂ ਕਿਹਾ ਕਿ ਇਹ ਸਮਾਂ ਸਾਰਣੀ 15 ਜੁਲਾਈ, 2023 ਤੱਕ ਲਾਗੂ ਰਹੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਬਦਲਿਆ ਨਵਾਂ ਸਮਾਂ ਪੰਜਾਬ ਦੇ ਸਮੂਹ ਖੇਤਰੀ ਦਫ਼ਤਰਾਂ, ਸਿਵਲ ਸਕੱਤਰੇਤ ਅਤੇ ਹੋਰ ਮੁੱਖ ਦਫ਼ਤਰਾਂ ਸਮੇਤ ਸਾਰੇ ਦਫ਼ਤਰਾਂ ਵਿੱਚ ਇਕਸਾਰ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਇਨ੍ਹਾਂ ਹਦਾਇਤਾਂ ਨੂੰ ਅਮਲ ਵਿੱਚ ਲਿਆਉਣ ਲਈ ਸਾਰੇ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਨਵੇਂ ਸਮੇਂ ਦੀ ਪਾਲਣਾ ਕਰਨ।


