ਜ਼ਿਲ੍ਹੇ ਦੇ ਸਮੂਹ ਬਲਾਕ ਗਾਈਡੈਂਸ ਕਾਊਂਸਲਰਾਂ ਦੀ ਜੂਮ ਮੀਟਿੰਗ

ਗੁਰਦਾਸਪੁਰ


ਸਕੂਲਾਂ ਵਿੱਚ ਕਰੀਅਰ ਗਾਈਡੈਂਸ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਨਿਰਦੇਸ਼

ਗੁਰਦਾਸਪੁਰ, 1 ਜੁਲਾਈ (ਸਰਬਜੀਤ ਸਿੰਘ)– ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਆਦਿਤਿਆ ਉੱਪਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰਾਜੇਸ਼ ਕੁਮਾਰ ਸ਼ਰਮਾ (ਸਟੇਟ ਐਵਾਰਡੀ) ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਮੂਹ ਬਲਾਕ ਗਾਈਡੈਂਸ ਕਾਊਂਸਲਰਾਂ ਦੀ ਇੱਕ ਆਨਲਾਈਨ ਮੀਟਿੰਗ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਮੁਕੇਸ਼ ਵਰਮਾ ਦੀ ਪ੍ਰਧਾਨਗੀ ਹੇਠ ਹੋਈ।

ਮੀਟਿੰਗ ਦੌਰਾਨ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਮੁਕੇਸ਼ ਵਰਮਾ ਨੇ ਸਮੂਹ ਬਲਾਕ ਗਾਈਡੈਂਸ ਕਾਊਂਸਲਰਾਂ ਨੂੰ ਹਦਾਇਤ ਕੀਤੀ ਕਿ ਉਹ ਹਰ ਮਹੀਨੇ ਘੱਟੋ-ਘੱਟ ਦੋ ਕਾਰਜ ਦਿਨਾਂ ਦੌਰਾਨ ਚਾਰ ਸਰਕਾਰੀ ਸਕੂਲਾਂ ਦਾ ਦੌਰਾ ਲਾਜ਼ਮੀ ਤੌਰ ‘ਤੇ ਕਰਨ, ਤਾਂ ਜੋ ਸਕੂਲਾਂ ਵਿੱਚ ਚੱਲ ਰਹੀਆਂ ਕਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਗਤੀਵਿਧੀਆਂ ਦੀ ਪ੍ਰਭਾਵਸ਼ਾਲੀ ਨਿਗਰਾਨੀ ਕੀਤੀ ਜਾ ਸਕੇ ਅਤੇ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਕਰੀਅਰ ਮਾਰਗਦਰਸ਼ਨ ਪ੍ਰਦਾਨ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਸਕੂਲ ਦੌਰੇ ਦੌਰਾਨ ਹੇਠ ਲਿਖੇ ਮੁੱਖ ਬਿੰਦੂਆਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਜਾਵੇਗੀ। ਸਕੂਲ ਵਿੱਚ ਗਾਈਡੈਂਸ ਕਾਰਨਰ ਦੀ ਸਥਾਪਨਾ, ਉਪਲਬਧ ਸਾਧਨਾਂ ਅਤੇ ਇਸ ਦੀ ਕਾਰਜਸ਼ੀਲਤਾ ਦੀ ਜਾਂਚ।
ਕਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਗਤੀਵਿਧੀਆਂ ਦੇ ਨਿਯਮਤ ਸੰਚਾਲਨ ਦਾ ਮੁਲਾਂਕਣ।
ਵਿਦਿਆਰਥੀਆਂ ਨੂੰ ਉੱਚ ਸਿੱਖਿਆ, ਪ੍ਰਤੀਯੋਗੀ ਪ੍ਰੀਖਿਆਵਾਂ, ਰੋਜ਼ਗਾਰ ਦੇ ਮੌਕਿਆਂ ਅਤੇ ਕਰੀਅਰ ਨਾਲ ਸੰਬੰਧਿਤ ਦਿੱਤੀ ਜਾ ਰਹੀ ਜਾਣਕਾਰੀ ਅਤੇ ਕਾਊਂਸਲਿੰਗ ਸੇਵਾਵਾਂ ਦੀ ਸਮੀਖਿਆ।ਗਾਈਡੈਂਸ ਰਜਿਸਟਰਾਂ, ਕਾਊਂਸਲਿੰਗ ਰਿਕਾਰਡ ਅਤੇ ਹੋਰ ਸਬੰਧਤ ਦਸਤਾਵੇਜ਼ਾਂ ਦੀ ਜਾਂਚ।
ਸਕੂਲ ਮੁਖੀ ਅਤੇ ਗਾਈਡੈਂਸ ਇੰਚਾਰਜ ਨਾਲ ਵਿਚਾਰ-ਵਟਾਂਦਰਾ ਕਰਕੇ ਲੋੜੀਂਦੀਆਂ ਹਦਾਇਤਾਂ ਜਾਰੀ ਕਰਨਾ ਅਤੇ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕਾਰਜ ਯੋਜਨਾ ਤਿਆਰ ਕਰਨਾ।

ਮੁਕੇਸ਼ ਵਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਮੁੱਖ ਉਦੇਸ਼ ਹਰ ਵਿਦਿਆਰਥੀ ਤੱਕ ਸਮੇਂ ਸਿਰ, ਸਹੀ ਅਤੇ ਲਾਭਦਾਇਕ ਕਰੀਅਰ ਮਾਰਗਦਰਸ਼ਨ ਪਹੁੰਚਾਉਣਾ ਹੈ, ਤਾਂ ਜੋ ਉਹ ਆਪਣੀ ਰੁਚੀ ਅਤੇ ਯੋਗਤਾ ਅਨੁਸਾਰ ਆਪਣੇ ਭਵਿੱਖ ਦੀ ਸਹੀ ਦਿਸ਼ਾ ਚੁਣ ਸਕਣ। ਉਨ੍ਹਾਂ ਸਮੂਹ ਬਲਾਕ ਗਾਈਡੈਂਸ ਕਾਊਂਸਲਰਾਂ ਨੂੰ ਸਕੂਲਾਂ ਵਿੱਚ ਨਿਯਮਤ ਫਾਲੋ-ਅੱਪ, ਬਿਹਤਰ ਤਾਲਮੇਲ ਅਤੇ ਗੁਣਵੱਤਾ ਭਰਪੂਰ ਕਾਊਂਸਲਿੰਗ ਸੇਵਾਵਾਂ ਯਕੀਨੀ ਬਣਾਉਣ ਦੀ ਅਪੀਲ ਕੀਤੀ।

ਮੀਟਿੰਗ ਦੌਰਾਨ ਵੱਖ-ਵੱਖ ਬਲਾਕਾਂ ਦੇ ਗਾਈਡੈਂਸ ਕਾਊਂਸਲਰਾਂ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ ਅਤੇ ਕਰੀਅਰ ਗਾਈਡੈਂਸ ਪ੍ਰੋਗਰਾਮਾਂ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਨਤੀਜਾ-ਕੇਂਦਰਿਤ ਬਣਾਉਣ ਲਈ ਕੀਮਤੀ ਸੁਝਾਅ ਦਿੱਤੇ। ਸਾਰੇ ਭਾਗੀਦਾਰਾਂ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸਿੱਖਿਆ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਨਦੇਹੀ ਅਤੇ ਸਮਰਪਣ ਨਾਲ ਪਾਲਣਾ ਕਰਨ ਦਾ ਸੰਕਲਪ ਲਿਆ।

Leave a Reply

Your email address will not be published. Required fields are marked *