ਰੈੱਡ ਕਰਾਸ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ, ਗੁਰਦਾਸਪੁਰ ਨੇ ਰਾਸ਼ਟਰੀ ਪੱਧਰ ‘ਤੇ ਵਧਾਇਆ ਜ਼ਿਲ੍ਹੇ ਦਾ ਮਾਣ

ਗੁਰਦਾਸਪੁਰ

ਕਾਊਂਸਲਰ ਸ੍ਰੀਮਤੀ ਕੋਮਲਪ੍ਰੀਤ ਕੌਰ ਨੇ ਅਖਿਲ ਭਾਰਤੀ ਆਨਲਾਈਨ ਸਲੋਗਨ ਲੇਖਨ ਮੁਕਾਬਲੇ ਵਿੱਚ ਦੂਜਾ ਸਥਾਨ ਕੀਤਾ ਹਾਸਲ

ਗੁਰਦਾਸਪੁਰ, 1 ਜੁਲਾਈ (ਸਰਬਜੀਤ ਸਿੰਘ)- ਰੈੱਡ ਕਰਾਸ ਨਸ਼ਾ ਛੁਡਾਊ ਅਤੇ ਨਸ਼ਾ ਪੀੜਤਾਂ ਦੇ ਪੁਨਰਵਾਸ ਕੇਂਦਰ, ਗੁਰਦਾਸਪੁਰ ਨੇ ਨਸ਼ਾ ਮੁਕਤ ਭਾਰਤ ਸਪਤਾਹ–2026 ਅਧੀਨ ਰਾਸ਼ਟਰੀ ਪੱਧਰ ‘ਤੇ ਸ਼ਾਨਦਾਰ ਉਪਲਬਧੀ ਹਾਸਲ ਕਰਦੇ ਹੋਏ ਇੱਕ ਹੋਰ ਮਾਣਮੱਤੀ ਪ੍ਰਾਪਤੀ ਆਪਣੇ ਨਾਮ ਕੀਤੀ ਹੈ।

ਕੇਂਦਰ ਵਿੱਚ ਕਾਊਂਸਲਰ ਵਜੋਂ ਸੇਵਾਵਾਂ ਨਿਭਾ ਰਹੀ ਕੋਮਲਪ੍ਰੀਤ ਕੌਰ ਨੇ 23 ਜੂਨ 2026 ਨੂੰ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ, ਭਾਰਤ ਸਰਕਾਰ ਵੱਲੋਂ ਨੈਸ਼ਨਲ ਸੈਂਟਰ ਫਾਰ ਡਰੱਗ ਅਬਿਊਜ਼ ਪ੍ਰੀਵੇਂਸ਼ਨ (NCDAP) ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਮੌਕੇ ‘ਤੇ ਕਰਵਾਏ ਗਏ ਅਖਿਲ ਭਾਰਤੀ ਆਨਲਾਈਨ ਸਲੋਗਨ ਲੇਖਨ ਮੁਕਾਬਲੇ ਵਿੱਚ ਰਾਸ਼ਟਰੀ ਪੱਧਰ ‘ਤੇ ਦੂਜਾ ਸਥਾਨ ਪ੍ਰਾਪਤ ਕਰਕੇ ਸੰਸਥਾ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।

ਇਸ ਵੱਕਾਰੀ ਮੁਕਾਬਲੇ ਵਿੱਚ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਭਾਗੀਦਾਰਾਂ ਨੇ ਹਿੱਸਾ ਲਿਆ। ਮੁਕਾਬਲੇ ਦਾ ਵਿਸ਼ਾ “Stigma Kills More Than Drugs” ਸੀ, ਜਿਸ ਦਾ ਉਦੇਸ਼ ਨਸ਼ੇ ਨਾਲ ਜੂਝ ਰਹੇ ਵਿਅਕਤੀਆਂ ਪ੍ਰਤੀ ਸਮਾਜ ਵਿੱਚ ਮੌਜੂਦ ਦਾਗ ਅਤੇ ਭੇਦਭਾਵ ਨੂੰ ਖਤਮ ਕਰਨ ਦਾ ਸੰਦੇਸ਼ ਦੇਣਾ ਸੀ।

ਸ੍ਰੀਮਤੀ ਕੋਮਲਪ੍ਰੀਤ ਕੌਰ ਨੇ ਆਪਣੀ ਰਚਨਾਤਮਕ ਸੋਚ, ਸਮਾਜਿਕ ਸੰਵੇਦਨਸ਼ੀਲਤਾ ਅਤੇ ਪ੍ਰਭਾਵਸ਼ਾਲੀ ਅਭਿਵਿਅਕਤੀ ਨਾਲ ਰਾਸ਼ਟਰੀ ਜੱਜਾਂ ਨੂੰ ਪ੍ਰਭਾਵਿਤ ਕਰਦਿਆਂ ਇਹ ਪ੍ਰੇਰਣਾਦਾਇਕ ਸਲੋਗਨ ਪੇਸ਼ ਕੀਤਾ—
“Break the stigma, nurture your mind, get your life rewind.”
ਇਹ ਸਲੋਗਨ ਇਸ ਗੱਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕਰਦਾ ਹੈ ਕਿ ਸਮਾਜਿਕ ਦਾਗ ਅਤੇ ਭੇਦਭਾਵ ਅਕਸਰ ਨਸ਼ੇ ਨਾਲੋਂ ਵੀ ਵੱਧ ਘਾਤਕ ਸਾਬਤ ਹੁੰਦੇ ਹਨ, ਕਿਉਂਕਿ ਇਹ ਪ੍ਰਭਾਵਿਤ ਵਿਅਕਤੀਆਂ ਨੂੰ ਸਮੇਂ ਸਿਰ ਇਲਾਜ ਅਤੇ ਪੁਨਰਵਾਸ ਸੇਵਾਵਾਂ ਪ੍ਰਾਪਤ ਕਰਨ ਤੋਂ ਰੋਕਦੇ ਹਨ। ਇਹ ਸੰਦੇਸ਼ ਸਮਾਜ ਵਿੱਚ ਹਮਦਰਦੀ, ਸਵੀਕਾਰਤਾ, ਮਾਨਸਿਕ ਤੰਦਰੁਸਤੀ ਅਤੇ ਸਾਂਝੀ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਨਸ਼ਾ ਮੁਕਤ ਭਾਰਤ ਅਭਿਆਨ ਦੀ ਭਾਵਨਾ ਨੂੰ ਪੂਰੀ ਤਰ੍ਹਾਂ ਦਰਸਾਉਂਦਾ ਹੈ।

ਇਹ ਰਾਸ਼ਟਰੀ ਉਪਲਬਧੀ ਰੈੱਡ ਕਰਾਸ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ, ਗੁਰਦਾਸਪੁਰ ਲਈ ਮਾਣ ਅਤੇ ਸਨਮਾਨ ਦਾ ਵਿਸ਼ਾ ਹੈ। ਕੇਂਦਰ ਲੰਮੇ ਸਮੇਂ ਤੋਂ ਨਸ਼ਾ ਰੋਕਥਾਮ, ਜਾਗਰੂਕਤਾ, ਇਲਾਜ, ਪੁਨਰਵਾਸ, ਕਾਊਂਸਲਿੰਗ ਅਤੇ ਲੋਕ ਭਾਗੀਦਾਰੀ ਰਾਹੀਂ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਲਈ ਨਿਰੰਤਰ ਕਾਰਜਸ਼ੀਲ ਹੈ।

Leave a Reply

Your email address will not be published. Required fields are marked *