ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਆਦਿਤਿਆ ਉੱਪਲ ਦੀ ਪ੍ਰਧਾਨਗੀ ਹੇਠ ਸਪੈਸ਼ਲ ਇੰਨਟੈਂਸਿਵ ਰਵੀਜ਼ਨ ਸਬੰਧੀ ਚੋਣ ਅਧਿਕਾਰੀਆਂ ਨੂੰ ਦਿੱਤੀ ਗਈ ਸਿਖਲਾਈ

ਗੁਰਦਾਸਪੁਰ

25 ਜੂਨ ਤੋਂ 24 ਜੁਲਾਈ 2026 ਤੱਕ ਬੀ ਐੱਲ ਓ ਦੁਆਰਾ ਘਰ ਘਰ ਜਾ ਕੇ ਗਣਨਾ ਫਾਰਮ ਦੀਆਂ ਕਾਪੀਆਂ ਦਿੱਤੀਆਂ ਜਾਣਗੀਆਂ

ਗੁਰਦਾਸਪੁਰ, 20 ਜੂਨ (ਸਰਬਜੀਤ ਸਿੰਘ)— ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਦੀ ਪ੍ਰਧਾਨਗੀ ਹੇਠ ਸਥਾਨਕ ਪੰਚਾਇਤ ਭਵਨ ਵਿਖੇ ਵੋਟਰ ਸੂਚੀਆਂ ਦੀ ਸਪੈਸ਼ਲ ਇੰਨਟੈਂਸਿਵ ਰਵੀਜ਼ਨ 2026 ਦੀ ਪ੍ਰਕਿਰਿਆ ਨੂੰ ਸਫਲ ਬਣਾਉਣ ਲਈ ਜ਼ਿਲ੍ਹੇ ਦੇ ਸਮੂਹ ਚੋਣ ਅਧਿਕਾਰੀਆਂ ਨੂੰ ਵਿਸਥਾਰ ਵਿੱਚ ਸਿਖਲਾਈ ਪ੍ਰਦਾਨ ਕੀਤੀ ਗਈ। ਇਸ ਮੌਕੇ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫਸਰ, ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ, ਨੋਡਲ ਅਫਸਰ ਸ਼ਿਕਾਇਤਾਂ, ਹੈਲਪ ਡੈਸਕ, ਆਈ. ਟੀ, ਮੀਡੀਆ ਮੋਨੀਟਰਿੰਗ ਅਤੇ ਡੀ.ਐੱਲ.ਐਮ.ਟੀ ਆਦਿ ਮੌਜੂਦ ਸਨ।

ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਦਿਤਿਆ ਨੇ ਦੱਸਿਆ ਕਿ ਐੱਸ ਆਈ ਆਰ ਦੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪੱਧਰੀ ਮਾਸਟਰ ਟਰੇਨਰਾਂ, ਟੈਕਨੀਕਲ ਸਟਾਫ ਤੇ ਬੀ.ਐਲ.ਓ ਸੁਪਰਵਾਈਜ਼ਰਾਂ ਨੂੰ ਟਰੇਨਿੰਗ ਦਿੱਤੀ ਗਈ ਹੈ ਅਤੇ ਅੱਜ ਸਿਖਲਾਈ ਦੇਣ ਦਾ ਵੀ ਇਹੀ ਮੰਤਵ ਹੈ ਕਿ ਐੱਸ ਆਈ ਆਰ ਦੇ ਕੰਮ ਨੂੰ ਸਫਲਤਾਪੂਰਵਕ ਨੇਪਰੇ ਚਾੜਿਆ ਜਾ ਸਕੇ।

ਇਸ ਮੌਕੇ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ 2026 ਦੀ ਸੋਧ ਪ੍ਰਕਿਰਿਆ ਅਤੇ ਗਣਨਾ ਫਾਰਮ ਭਰਨ ਦੇ ਸਹੀ ਤਰੀਕੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਫਾਰਮ ਵਿੱਚ ਦਰਜ ਕੀਤੇ ਜਾਣ ਵਾਲੇ ਵੇਰਵਿਆਂ, ਲੋੜੀਂਦੇ ਦਸਤਾਵੇਜਾਂ ਅਤੇ ਆਨਲਾਈਨ ਅਪਲੋਡਿੰਗ ਪ੍ਰਕਿਰਿਆ ਤੋਂ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ।

ਉਹਨਾਂ ਦੱਸਿਆ ਕਿ SIR 2026 ਦਾ ਉਦੇਸ਼ ਹਰ ਯੋਗ ਵੋਟਰ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ ਅਤੇ ਹਰ ਅਯੋਗ ਵੋਟਰ ਨੂੰ ਵੋਟਰ ਸੂਚੀ ਵਿੱਚੋਂ ਬਾਹਰ ਕਰਨਾ ਅਤੇ ਵੋਟਰ ਸੂਚੀ ਨੂੰ 100 ਪ੍ਰਤੀਸ਼ਤ ਸ਼ੁੱਧ ਕਰਨਾ ਹੈ।

ਇਸ ਪ੍ਰਕਿਰਿਆ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 25 ਜੂਨ 2026 ਤੋਂ 24 ਜੁਲਾਈ 2026 ਤੱਕ ਬੀ ਐਲ ਓ ਦੁਆਰਾ ਘਰ ਘਰ ਜਾ ਕੇ ਗਣਨਾ ਫਾਰਮ ਦੀਆਂ ਕਾਪੀਆਂ ਦਿੱਤੀਆਂ ਜਾਣਗੀਆਂ। ਫਾਰਮ ਵਿੱਚ ਸਾਰੀ ਜਾਣਕਾਰੀ ਭਰਣ ਉਪਰੰਤ ਇੱਕ ਕਾਪੀ ਵੋਟਰ ਵਲੋਂ ਦਸਤਖ਼ਤ ਕਰਕੇ ਬੀ ਐਲ ਓ ਕੋਲ ਜਮ੍ਹਾਂ ਕਰਵਾਈ ਜਾਵੇਗੀ ਅਤੇ ਇੱਕ ਕਾਪੀ ਬੀ ਐਲ ਓ ਦੁਆਰਾ ਦਸਤਖ਼ਤ ਕਰਕੇ ਵੋਟਰ ਨੂੰ ਰਸੀਦ ਵਜੋਂ ਦਿੱਤੀ ਜਾਵੇਗੀ।

ਇਸ ਪ੍ਰਕਿਰਿਆ ਸਬੰਧੀ ਵੱਖ ਵੱਖ ਪੜਾਵਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 24 ਜੁਲਾਈ 2026 ਤੱਕ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜੇਸ਼ਨ (ਤਰਕ ਸੰਗਤ ਕਰਨਾ), 3 ਅਗਸਤ 2026 ਨੂੰ ਡਰਾਫਟ ਵੋਟਰ ਸੂਚੀ ਦਾ ਪ੍ਰਕਾਸ਼ਨ, 02 ਅਗਸਤ 2026 ਤੋਂ 02 ਸਤੰਬਰ 2026 ਤੱਕ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦੀ ਮਿਆਦ ਤੇ 03 ਅਗਸਤ 2026 ਤੋਂ 28 ਸਤੰਬਰ 2026 ਤੱਕ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ ਅਤੇ 1 ਅਕਤੂਬਰ 2026 ਨੂੰ ਅੰਤਿਮ ਵੋਟਰ ਸੂਚੀ ਦਾ ਪ੍ਰਕਾਸ਼ਨ ਕੀਤਾ ਜਾਵੇਗਾ।

ਇਸ ਮੌਕੇ ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ ਵਲੋਂ ਵੀ ਪੀ.ਪੀ.ਟੀ ਰਾਹੀਂ ਵਿਸਥਾਰ ਵਿੱਚ ਐੱਸ ਆਈ ਆਰ ਦੇ ਵੱਖ ਵੱਖ ਪਹਿਲੂਆਂ ਤੋਂ ਜਾਣਕਾਰੀ ਦਿੱਤੀ ਗਈ ਅਤੇ ਚੋਣ ਅਧਿਕਾਰੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ।

ਇਸ ਮੌਕੇ ਐੱਨ ਜੀ ਐੱਸ ਪੀ ਪੋਰਟਲ, ਹੈਲਪ ਲਾਈਨ 1950, ਬੀ ਐੱਲ ਓ ਐਪ, ਈ ਸੀ ਆਈ ਨੈੱਟ ਆਦਿ ਨਾਲ ਸਬੰਧਤ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਸਮੂਹ ਚੋਣਕਾਰ ਅਫਸਰ ਗੁਰਦਾਸਪੁਰ, ਮਨਜਿੰਦਰ ਸਿੰਘ ਚੋਣ ਤਹਿਸੀਲਦਾਰ ਗੁਰਦਾਸਪੁਰ, ਕਰਨ ਸੋਨੀ ਡੀ ਆਈ ਸੀ ਸਮੇਤ ਵੱਖ ਵੱਖ ਟੀਮਾਂ ਦੇ ਨੋਡਲ ਅਫਸਰ ਮੌਜੂਦ ਸਨ।

Leave a Reply

Your email address will not be published. Required fields are marked *