ਬਰਨਾਲਾ, ਗੁਰਦਾਸਪੁਰ 9 ਜੂਨ (ਸਰਬਜੀਤ ਸਿੰਘ)– ਜਿਥੇ ਕੁੱਝ ਦਿਨ ਪਹਿਲਾਂ ਪਟਿਆਲਾ ਵਿਖੇ ਬਿਜਲੀ ਬੋਰਡ ਵਿੱਚ ਅਪ੍ਰੈਂਟਸ਼ਿਪ ਕਰਨ ਤੋਂ ਬਾਅਦ ਪੱਕੀ ਨੌਕਰੀ ਦੀ ਮੰਗ ਕਰਨ ਵਾਲੇ ਬੇਰੁਜ਼ਗਾਰ ਨੌਜਵਾਨਾਂ ਨੂੰ ਪੰਜਾਬ ਪੁਲਿਸ ਵੱਲੋਂ ਪਸ਼ੂਆਂ ਦੀ ਤਰ੍ਹਾਂ ਕੁੱਟਿਆ ਗਿਆ ਸੀ, ਅੱਜ ਸੇਵਾ ਕੇਂਦਰਾਂ ਦੇ ਕੱਚੇ ਮੁਲਾਜ਼ਮ ਜਿਹੜੇ ਕਰੀਬ ਪੰਦਰਾਂ ਸਾਲਾਂ ਤੋਂ ਸੇਵਾ ਕੇਂਦਰਾਂ ਵਿੱਚ ਸੇਵਾ ਨਿਭਾ ਰਹੇ ਹਨ। ਅੱਜ ਉਹ ਭਗਵੰਤ ਮਾਨ ਸਰਕਾਰ ਦੇ ਲਾਰਿਆਂ ਤੋਂ ਅੱਕੇ ਆਖ਼ਰੀ ਸਾਲ ਵਿੱਚ ਆਪਣੇ ਪੱਕੇ ਰੁਜ਼ਗਾਰ ਦੀ ਮੰਗ ਕਰ ਰਹੇ ਹਨ ਅਤੇ ਪੰਜਾਬ ਦੇ ਹਰ ਸ਼ਹਿਰ ਵਿੱਚ ਸ਼ਾਂਤੀਪੂਰਵਕ ਧਰਨੇ ਲਾਕੇ ਰੋਸ ਪ੍ਰਦਰਸ਼ਨ ਕਰ ਰਹੇ ਸਨ। ਬਰਨਾਲਾ ਪੁਲਿਸ ਵੱਲੋਂ ਮੁਲਾਜ਼ਮਾਂ ਦੀ ਖਿੱਚ ਧੂਹ ਕਰਕੇ ਉਹਨਾਂ ਨੂੰ ਧਰਨੇ ਤੋਂ ਉਠਾ ਦਿੱਤਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀਪੀਆਈ (ਐੱਮ ਐੱਲ) ਅਤੇ ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਨੇ ਪੁਲਿਸ ਜ਼ਬਰ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ। ਆਗੂਆਂ ਨੇ ਕਿਹਾ ਕਿ ਚੋਣਾਂ ਸਮੇਂ ਆਪ ਪਾਰਟੀ ਦੀ ਸਰਕਾਰ ਨੇ ਹਰ ਕੱਚੇ ਮੁਲਾਜ਼ਮ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਸਾਢੇ ਚਾਰ ਸਾਲ ਲੰਘਣ ਤੋਂ ਬਾਅਦ ਕਿਸੇ ਵੀ ਮਹਿਕਮੇ ਦੇ ਕੱਚੇ ਕਾਮਿਆਂ ਨੂੰ ਪੱਕਾ ਨਹੀਂ ਕੀਤਾ ਗਿਆ। ਬੇਰੁਜ਼ਗਾਰ ਨੌਜਵਾਨ ਸਰਕਾਰ ਦਾ ਪਿੱਟ ਸਿਆਪਾ ਕਰਨ ਲਈ ਮਜ਼ਬੂਰ ਹੋ ਗਏ ਹਨ। ਆਗੂਆਂ ਨੇ ਕਿਹਾ ਕਿ ਧਰਨਾਕਾਰੀਆਂ ਉੱਪਰ ਪੁਲਿਸ ਜ਼ਬਰ ਬੰਦ ਕੀਤਾ ਜਾਵੇ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਚੋਣਾਂ ਵੇਲੇ ਕੀਤੇ ਵਾਅਦੇ ਪੂਰੇ ਕੀਤੇ ਜਾਣ।


