ਵੈਨੇਜ਼ੁਏਲਾ ਦੇ ਰਾਸ਼ਟਰਪਤੀ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ
ਮਾਨਸਾ, ਗੁਰਦਾਸਪੁਰ, 5 ਜਨਵਰੀ (ਸਰਬਜੀਤ ਸਿੰਘ)– ਅਮਰੀਕੀ ਸਾਮਰਾਜ ਵੱਲੋਂ ਰਾਸ਼ਟਰਪਤੀ ਟਰੰਪ ਦੀ ਅਗਵਾਈ ਹੇਠ ਵੈਨਜੂਏਲਾ ਉੱਪਰ ਹਮਲਾ ਕਰਕੇ ਉਥੋਂ ਦੇ ਰਾਸ਼ਟਰਪਤੀ ਤੇ ਉਸ ਦੀ ਪਤਨੀ ਨੂੰ ਅਗਵਾ ਕਰਕੇ ਗਿਰਫਤਾਰ ਕਰਨ ਵਿਰੁੱਧ ਦੇਸ਼ ਵਿਆਪੀ ਸੱਦੇ ਤਹਿਤ ਅੱਜ ਇਥੇ ਜਿਲ੍ਹਾ ਕੰਪਲੈਕਸ ਅੱਗੇ ਸੀਪੀਆਈ (ਐਮ ਐਲ) ਲਿਬਰੇਸ਼ਨ ਵੱਲੋਂ ਅਮਰੀਕਾ ਦੇ ਰਾਸਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਸਾੜਿਆ ਗਿਆ। ਪ੍ਰਦਰਸ਼ਨਕਾਰੀਆਂ ਵਲੋਂ ‘ਅਮਰੀਕੀ ਸਾਮਰਾਜੀਓ ਹੋਸ਼ ‘ਚ ਆਓ, ਤੇ ‘ਰਾਸ਼ਟਰਪਤੀ ਮਾਦੁਰੋ ਅਤੇ ਉਸ ਦੀ ਪਤਨੀ ਨੂੰ ਰਿਹਾਅ ਕਰੋ’ ਦੇ ਨਾਅਰੇ ਲਾਏ ਗਏ
ਇਸ ਮੌਕੇ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਂਬਰ ਕਾਮਰੇਡ ਰਾਜਵਿੰਦਰ ਰਾਣਾ ਨੇ ਕਿਹਾ ਕਿ ਕਦੇ ਅਪਣੇ ਸੰਵਿਧਾਨ ਵਿੱਚ ਮਨੁੱਖੀ ਅਧਿਕਾਰਾਂ ਦਾ ਝੰਡਾ ਬੁਲੰਦ ਕਰਨ ਵਾਲਾ ਅਮਰੀਕਾ ਲੰਬੇ ਅਰਸੇ ਤੋਂ ਖੁਦ ਸਾਰੀ ਦੁਨੀਆਂ ਦੇ ਮਨੁੱਖੀ ਅਧਿਕਾਰਾਂ ਤੇ ਆਜ਼ਾਦੀ ਨੂੰ ਪੈਰਾਂ ਹੇਠ ਦਰੜ ਰਿਹਾ ਹੈ। ਇਕ ਆਜ਼ਾਦ ਦੇਸ਼ ਦੀ ਪ੍ਰਭੂਸੱਤਾ ਨੂੰ ਕੁਚਲ ਕੇ ਦਰ ਅਸਲ ਉਹ ਵੈਨਜੂਏਲਾ ਦੇ ਵੱਡੇ ਤੇਲ ਭੰਡਾਰਾਂ ਤੇ ਸੋਨੇ ਵਰਗੀ ਕੀਮਤੀ ਧਾਤਾਂ ਅਪਣੇ ਕਬਜ਼ੇ ‘ਚ ਲੈਣ ਰਿਹਾ ਹੈ।
ਰੋਸ ਵਿਖਾਵੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਅਮਰੀਕਾ ਨੇ ਪਹਿਲਾਂ ਵੀਅਤਨਾਮ, ਚਿੱਲੀ, ਏਕੁਆਡੋਰ, ਇਰਾਕ, ਸੀਰੀਆ, ਪੁਨਾਮਾ ਅਤੇ ਅਫ਼ਗ਼ਾਨਿਸਤਾਨ ਉਤੇ ਫੌਜਾਂ ਚਾੜ੍ਹ ਕੇ ਉਥੋਂ ਅਪਣੀਆਂ ਕੱਠਪੁਤਲੀ ਸਰਕਾਰਾਂ ਬਣਾਉਣ ਲਈ ਖੁੱਲੀ ਗੁੰਡਾਗਰਦੀ ਕਰ ਚੁੱਕਿਆ ਹੈ । ਵੈਨਜੂਏਲਾ ਤੋਂ ਬਾਅਦ ਉਹ ਸਮਾਜਵਾਦੀ ਕਿਊਬਾ ਸਮੇਤ ਕਈ ਹੋਰ ਦੇਸਾਂ ਨੂੰ ਵੀ ਟਾਰਗੇਟ ਬਣਾਈ ਬੈਠਾ ਹੈ।
ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਸਾਥੀ ਸਿਕੰਦਰ ਸਿੰਘ ਘਰਾਂਗਣਾਂ ਨੇ ਕਿਹਾ ਕਿ ਮੋਦੀ ਸਰਕਾਰ ਵੀ ਟਰੰਪ ਦੀਆਂ ਰਾਹਾਂ ਤੇ ਚੱਲ ਲੋਕ ਦੋਖੀ ਫੈਸਲੇ ਲੈ ਰਹੀ ਹੈ ਤੇ ਟਰੰਪ ਦੀਆਂ ਮਨੁੱਖ ਵਿਰੋਧੀ ਨੀਤੀਆਂ ਦੀ ਮੱਦਦ ਕਰ ਰਿਹਾ ਹੈ, ਇਸੇ ਲਈ ਇਹ ਵੈਨਜ਼ੂਏਲਾ ਉਤੇ ਟਰੰਪ ਵਲੋਂ ਕੀਤੇ ਇਸ ਹਮਲੇ ਦੀ ਨਿੰਦਾ ਤੱਕ ਕਰਨ ਨੂੰ ਤਿਆਰ ਨਹੀਂ, ਹਾਲਾਂਕਿ ਕਦੇ ਗੁੱਟ ਨਿਰਲੇਪ ਲਹਿਰ ਦੇ ਮੋਢੀ ਵਜੋਂ ਭਾਰਤ ਸੰਸਾਰ ਭਰ ਦੇ ਵਿਵਾਦਾਂ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਰਿਹਾ ਹੈ।
ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਘਰਾਂਗਣਾਂ ਨੇ ਕਿਹਾ ਮਕਿ ਸੰਸਾਰ ਦੀ ਇਨਸਾਫਪਸੰਦ ਜਨਤਾ ਦੀ ਮੰਗ ਹੈ ਕਿ ਟਰੰਪ ਵੈਨਜ਼ੂਏਲਾ ਦੇ ਰਾਸ਼ਟਰਪਤੀ ਤੇ ਉਸ ਦੀ ਪਤਨੀ ਨੂੰ ਤੁਰੰਤ ਰਿਹਾਅ ਕਰੇ ਅਤੇ ਵੈਨਜ਼ੂਏਲਾ ਵਿਚੋਂ
ਅਮਰੀਕੀ ਫੌਜਾਂ ਨੂੰ ਬਾਹਰ ਕੱਢੀਆਂ ਜਾਣ।
ਇਸ ਮੌਕੇ ਪਾਰਟੀ ਦੇ ਕੇਂਦਰੀ ਕੰਟਰੌਲ ਕਮਿਸ਼ਨ ਦੇ ਮੈਂਬਰ ਕਾਮਰੇਡ ਨਛੱਤਰ ਸਿੰਘ ਖੀਵਾ, ਪ੍ਰਗਤੀਸ਼ੀਲ ਇਸਤਰੀ ਸਭਾ ਦੀ ਆਗੂ ਬਲਵਿੰਦਰ ਕੌਰ ਖਾਰਾ, ਲਿਬਰੇਸ਼ਨ ਆਗੂ ਸੁਰਿੰਦਰ ਸ਼ਰਮਾ, ਹਰਭਗਵਾਨ ਭੀਖੀ , ਗੁਰਸੇਵਕ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਕਰਨੈਲ ਸਿੰਘ ਮਾਨਸਾ, ਹਰਗਿਆਨ ਸਿੰਘ ਢਿੱਲੋਂ, ਮਜ਼ਦੂਰ ਮੁਕਤੀ ਮੋਰਚਾ ਦੇ ਅੰਗਰੇਜ਼ ਸਿੰਘ, ਮੁਲਾਜ਼ਮ ਆਗੂ ਮਾਸਟਰ ਦਿਲਬਾਗ ਸਿੰਘ, ਨਿਰਮਲ ਸਿੰਘ, ਜਸਪਾਲ ਖੋਖਰ, ਹਰਮੀਤ ਸਿੰਘ, ਕਿਸਾਨ ਆਗੂ ਗੁਰਪ੍ਰਣਾਮ ਦਾਸ ਅਤੇ ਐਡ. ਅਜੈਬ ਗੁਰੂ ਵੀ ਹਾਜ਼ਰ ਸਨ।


