ਭਾਸ਼ਾ ਵਿਭਾਗ ਦੀ ਪੰਜਾਬੀ ਭਾਸ਼ਾ ਚੇਤਨਾ ਰੈਲੀ ਨੂੰ ਐੱਸ.ਡੀ.ਐੱਮ. ਗੁਰਦਾਸਪੁਰ ਅਮਨਦੀਪ ਕੌਰ ਘੁੰਮਣ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਗੁਰਦਾਸਪੁਰ

ਅਦਾਰਿਆਂ ਦੇ ਬੋਰਡ ਤੇ ਨਾਮ-ਪੱਟੀਆਂ ਪੰਜਾਬੀ ਭਾਸ਼ਾ [ਗੁਰਮੁਖੀ ਲਿਪੀ] ‘ਚ ਕੀਤੇ ਜਾਣ: ਐੱਸ.ਡੀ.ਐੱਮ. ਘੁੰਮਣ

ਗੁਰਦਾਸਪੁਰ, 18 ਫਰਵਰੀ (ਸਰਬਜੀਤ ਸਿੰਘ)।– ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ, ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਉਚੇਰੀ ਸਿੱਖਿਆ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਨਾਲ ਭਾਸ਼ਾ ਵਿਭਾਗ, ਪੰਜਾਬ ਦੇ ਵਿਭਾਗੀ ਪ੍ਰਮੁੱਖ ਸਕੱਤਰ ਜਸਪ੍ਰੀਤ ਕੌਰ ਤਲਵਾੜ ਵੱਲੋਂ ਪੰਜਾਬ ਵਿੱਚ ਸਰਕਾਰੀ, ਗ਼ੈਰ-ਸਰਕਾਰੀ ਤੇ ਨਿੱਜੀ ਅਦਾਰਿਆਂ ਦੇ ਸਾਰੇ ਬੋਰਡ ਤੇ ਨਾਮ-ਪੱਟੀਆਂ ਪੰਜਾਬੀ ਵਿੱਚ ਕਰਨ ਦੇ ਆਦੇਸ਼ਾਂ ਦੀ ਚੇਤਨਾ ਲਈ ਸਥਾਨਿਕ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ [ਨੈਸ਼ਨਲ ਐਵਾਰਡੀ] ਨੇ ਜ਼ਿਲ੍ਹਾ ਪ੍ਰਸ਼ਾਸਨ, ਯੁਵਕ ਸੇਵਾਵਾਂ ਵਿਭਾਗ, ਨਾਮੀ ਸਾਹਿਤਕਾਰਾਂ ਤੇ ਐੱਸ.ਡੀ. ਕਾਲਜ ਫ਼ਾਰ ਵੂਮੈਨ ਦੇ ਸਹਿਯੋਗ ਨਾਲ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੰਜਾਬੀ ਭਾਸ਼ਾ ਚੇਤਨਾ ਰੈਲੀ ਕੱਢੀ ਗਈ, ਜਿਸ ਨੂੰ ਗੁਰਦਾਸਪੁਰ ਦੇ ਉਪ ਮੰਡਲ ਮਜਿਸਟਰੇਟ ਅਮਨਦੀਪ ਕੌਰ ਘੁੰਮਣ, ਪੀ.ਸੀ.ਐੱਸ. ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ, ਆਈ.ਏ.ਐੱਸ. ਦੀ ਸਰਪਰਸਤੀ ਹੇਠ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ ਨੇ ਇਸ ਚੇਤਨਾ ਰੈਲੀ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਪੰਜਾਬ ਦੀ ਰਾਜ ਭਾਸ਼ਾ ਹੈ ਅਤੇ ਸਾਡਾ ਸਾਰਿਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਦਫ਼ਤਰੀ ਕੰਮ-ਕਾਜ ਨੂੰ ਪੰਜਾਬੀ ਭਾਸ਼ਾ ਵਿੱਚ ਕਰਨ ਦੇ ਨਾਲ-ਨਾਲ ਸਾਰੇ ਅਦਾਰਿਆਂ ਦੇ ਬੋਰਡ ਅਤੇ ਨਾਮ-ਪੱਟੀਆਂ ਪਹਿਲ ਦੇ ਆਧਾਰ ‘ਤੇ ਪੰਜਾਬੀ ਭਾਸ਼ਾ [ਗੁਰਮੁਖੀ ਲਿਪੀ] ਵਿੱਚ ਲਿਖੇ ਜਾਣ। ਇਸ ਮੌਕੇ ਪੰਜਾਬੀ ਵਿਸ਼ਵ ਦੇ ਨਾਮੀ ਲੋਕ-ਗਾਇਕ ਤੇ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ, ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਵੀ ਦਾਰਾ, ਪ੍ਰਿੰ. ਡਾ. ਨੀਰੂ ਸ਼ਰਮਾ, ਸਟੇਟ ਐਵਾਰਡੀ ਤੇਜਪ੍ਰਤਾਪ ਸਿੰਘ ਕਾਹਲੋਂ ਨੇ ਵੀ ਇਸ ਚੇਤਨਾ ਰੈਲੀ ਵਿੱਚ ਉਚੇਚੇ ਰੂਪ ਵਿੱਚ ਸ਼ਿਰਕਤ ਕਰਦਿਆਂ ਕਿਹਾ ਕਿ ਸਰਕਾਰੀ, ਅਰਧ-ਸਰਕਾਰੀ ਤੇ ਪ੍ਰਾਈਵੇਟ ਸਾਰੇ ਅਦਾਰਿਆਂ ਨੂੰ ਪਹਿਲ ਦੇ ਆਧਾਰ ‘ਤੇ ਪੰਜਾਬੀ [ਗੁਰਮੁਖੀ ਲਿਪੀ] ਵਿੱਚ ਆਪਣੇ ਬੋਰਡ ਤੇ ਨਾਮ-ਪੱਟੀਆਂ ਆਦਿ ਲਿਖ ਕੇ ਪੰਜਾਬੀ ਭਾਸ਼ਾ ਦਾ ਮਾਣ-ਸਤਿਕਾਰ ਵਧਾਉਣਾ ਚਾਹੀਦਾ ਹੈ ਕਿਉਂਕਿ ਪੰਜਾਬੀ ਭਾਸ਼ਾ ਨੇ ਪੂਰੇ ਪੰਜਾਬ ਵਿੱਚ ਹੀ ਨਹੀਂ, ਸਗੋਂ ਪੂਰੇ ਵਿਸ਼ਵ ਵਿੱਚ ਪੰਜਾਬੀਆਂ ਦਾ ਨਾਂ ਰੌਸ਼ਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਨਾਮੀ ਪੰਜਾਬੀ ਸਾਹਿਤਕਾਰਾਂ ਦੇ ਵਫ਼ਦ ਵਿੱਚ ਸ਼ਾਮਿਲ ਹੋਏ ਸਾਹਿਤਕਾਰ ਮੱਖਣ ਕੁਹਾੜ, ਉਸਤਾਦ ਗ਼ਜ਼ਲਗੋ ਸੁਲੰਖਣ ਸਰਹੱਦੀ, ਜੇ.ਪੀ. ਖਰਲਾਂ ਵਾਲਾ, ਸੁਭਾਸ਼ ਦੀਵਾਨਾ, ਮੰਗਤ ਚੰਚਲ, ਸਟੇਟ ਐਵਾਰਡੀ ਗੁਰਮੀਤ ਸਿੰਘ ਬਾਜਵਾ, ਸੁਰਿੰਦਰ ਸਿੰਘ ਕਾਹਲੋਂ, ਗੁਰਮੀਤ ਸਿੰਘ ਸਰਾਂ, ਵਿਜੇ ਬੱਧਨ ਨੇ ਵੀ ਪੰਜਾਬੀ ਭਾਸ਼ਾ ਪੰਜਾਬੀ ਭਾਸ਼ਾ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ। ਐੱਸ.ਈ. ਬਿਜਲੀ ਵਿਭਾਗ ਸ੍ਰ. ਬੋਪਾਰਾਏ, ਬਲਦੇਵ ਸਿੰਘ ਬਾਜਵਾ ਕਲਾਨੌਰ, ਸਹਾਇਕ ਸ਼ਾਮ ਸਿੰਘ, ਡਾ. ਸੁਖਵਿੰਦਰ ਕੌਰ, ਡਾ. ਰਾਜਵਿੰਦਰ ਕੌਰ ਧਾਰੀਵਾਲ, ਸੱਗੂ ਸੇਖਵਾਂ ਆਦਿ ਨੇ ਵੀ ਪੰਜਾਬੀ ਭਾਸ਼ਾ ਨੂੰ ਸਮਰਪਿਤ ਇਸ ਚੇਤਨਾ ਯਾਤਰਾ ਵਿੱਚ ਹਾਂ-ਪੱਖੀ ਸਹਿਯੋਗ ਦਿੱਤਾ ਅਤੇ ਕਿਹਾ ਕਿ ਪੰਜਾਬੀ ਦੇ ਨਾਮੀ ਗਾਇਕ ਦਲਵਿੰਦਰ ਦਿਆਲਪੁਰੀ ਦੀ ਬੁਲੰਦ ਆਵਾਜ਼ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਭਾਸ਼ਾ ਵਿਭਾਗ ਵੱਲੋਂ ਡਾ. ਪਰਮਜੀਤ ਸਿੰਘ ਕਲਸੀ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ਪੰਜਾਬੀ ਭਾਸ਼ਾ ਦੀ ਚੇਤਨਾ ਲਹਿਰ ਜਲਦ ਹੀ ਲੋਕ-ਲਹਿਰ ਬਣਕੇ ਉੱਭਰੇਗੀ।

Leave a Reply

Your email address will not be published. Required fields are marked *