ਪਿੰਡ ਇਸਲਾਮਪੁਰ ਵਿਖੇ 20 ਫਰਵਰੀ ਨੂੰ ਲੱਗੇਗਾ ਮਿਸ਼ਨ ‘ਅਬਾਦ’ ਤਹਿਤ ਵਿਸ਼ੇਸ਼ ਕੈਂਪ

ਗੁਰਦਾਸਪੁਰ

ਕੈਂਪ ਦੌਰਾਨ ਸਰਹੱਦੀ ਖੇਤਰ ਦੇ ਵਸਨੀਕਾਂ ਨੂੰ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਦੇਣ ਦੇ ਨਾਲ ਉਨਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ

ਇਸਲਾਮਪੁਰ ਅਤੇ ਨਜ਼ਦੀਕੀ ਸਰਹੱਦੀ ਪਿੰਡਾਂ ਦੇ ਵਸਨੀਕ ਅਬਾਦ ਕੈਂਪ ਵਿੱਚ ਪਹੁੰਚ ਕੇ ਲਾਭ ਉਠਾਉਣ : ਡਿਪਟੀ ਕਮਿਸ਼ਨਰ

ਗੁਰਦਾਸਪੁਰ, 19 ਫਰਵਰੀ (ਸਰਬਜੀਤ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸਰਹੱਦੀ ਖੇਤਰ ਦੇ ਵਿਕਾਸ ਲਈ ਚਲਾਏ ਜਾ ਰਹੇ ਮਿਸ਼ਨ ‘ਅਬਾਦ’ (ਐਬਸੀਲਿਊਟ ਬਾਰਡਰ ਏਰੀਆ ਡਿਵੈਲਪਮੈਂਟ) ਤਹਿਤ ਤਹਿਸੀਲ ਦੀਨਾਨਗਰ ਦੇ ਸਰਹੱਦੀ ਪਿੰਡ ਇਸਲਾਮਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਮਿਤੀ 20 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਪਿੰਡ ਇਸਲਾਮਪੁਰ ਤੋਂ ਇਲਾਵਾ ਸਰਹੱਦੀ ਪਿੰਡ ਸਲਾਚ, ਚੌਂਤਰਾਂ, ਸ਼ਮਸ਼ੇਰਪੁਰ, ਵਜ਼ੀਰਪੁਰ ਅਫ਼ਗਾਨਾ, ਸੰਘੋਰ, ਠੂੰਡੀ ਅਤੇ ਸ਼ਾਹਪੁਰ ਅਫ਼ਗਾਨਾ ਦੇ ਵਸਨੀਕ ਵੀ ਭਾਗ ਲੈਣਗੇ।

ਪਿੰਡ ਇਸਲਾਮਪੁਰ ਵਿਖੇ ਮਿਸ਼ਨ ‘ਅਬਾਦ’ ਤਹਿਤ ਲੱਗਣ ਵਾਲੇ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਕੈਂਪ ਦੌਰਾਨ ਸਰਹੱਦੀ ਖੇਤਰ ਦੇ ਵਸਨੀਕਾਂ ਨੂੰ ਸਰਕਾਰ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਦਾ ਲਾਭ ਦੇਣ ਦੇ ਨਾਲ ਉਨਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਇਸ ਤੋਂ ਇਲਾਵਾ ਕੈਂਪ ਦੌਰਾਨ ਮਿਲਟਰੀ/ ਪੈਰਾ ਮਿਲਟਰੀ/ ਪੁਲਿਸ ਅਧਿਕਾਰੀਆਂ ਵੱਲੋਂ ਫ਼ੌਜ/ ਪੁਲਿਸ ਵਿੱਚ ਭਰਤੀ ਸਬੰਧੀ ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ’ਤੇ ਜਾਣਕਾਰੀ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਪਿੰਡ ਇਸਲਾਮਪੁਰ, ਸਲਾਚ, ਚੌਂਤਰਾਂ, ਸ਼ਮਸ਼ੇਰਪੁਰ, ਵਜ਼ੀਰਪੁਰ ਅਫ਼ਗਾਨਾ, ਸੰਘੋਰ, ਠੂੰਡੀ ਅਤੇ ਸ਼ਾਹਪੁਰ ਅਫ਼ਗਾਨਾ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕੈਂਪ ਵਿੱਚ ਪਹੁੰਚ ਕੇ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਉਠਾਉਣ।

Leave a Reply

Your email address will not be published. Required fields are marked *