ਗੁਰਦਾਸਪੁਰ, 10 ਜੂਨ ( ਸਰਬਜੀਤ ਸਿੰਘ)–ਗੁਰਦਾਸਪੁਰ ਦੇ ਅਮਾਮਵਾੜਾ ਬਜਾਰ ਵਿੱਚ ਰਾਤ 9 ਵਜੇ ਦੇ ਕਰੀਬ ਉਸ ਵੇਲੇ ਹਫੜਾ ਦਫੜੀ ਮਚ ਗਈ ਜਦੋਂ ਇਕ ਇਕ ਕਰਕੇ ਦੇਖਦੇ ਹੀ ਦੇਖਦੇ 6 ਦੁਕਾਨਾਂ ਨੂੰ ਭਿਆਨਕ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਦੁਕਾਨਦਾਰਾਂ ਅਨੁਸਾਰ ਸ਼ੋਟ ਸਰਕਿਟ ਕਾਰਨ ਲੱਗੀ ਇਸ ਅੱਗ ਕਾਰਨ ਦੁਕਾਨਾਂ ਵਿੱਚ ਪਿਆ ਕਰੋੜਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਪਰ ਫਾਇਰ ਬ੍ਰਿਗੇਡ ਪਹਿਲਾਂ ਤਾਂ ਦੇਰ ਨਾਲ ਪਹੁੰਚੀ ਅਤੇ ਜਦੋਂ ਪਹੁੰਚੀ ਤਾਂ ਠੀਕ ਢੰਗ ਨਾਲ ਅੱਗ ਤੇ ਕਾਬੂ ਪਾਉਣ ਵਿੱਚ ਨਾਕਾਮ ਰਹੀ ਜਿਸ ਕਾਰਨ ਅੱਗ ਸਾਰੀਆਂ ਦੁਕਾਨਾਂ ਵਿੱਚ ਫੈਲ ਗਈ। ਦੁਕਾਨਦਾਰਾਂ ਨੂੰ ਇਹ ਵੀ ਰੋਸ਼ ਹੈ ਕਿ ਲਗਾਤਾਰ ਸ਼ਾਰਟ ਸਰਕਟ ਕਾਰਨ ਦੁਕਾਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ ਪਰ ਕਦੇ ਵੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਤੇ ਨਾ ਹੀ ਅੱਗ ਕਾਰਨ ਆਪਣਾ ਸਭ ਕੁਝ ਗਵਾ ਚੁੱਕੇ ਦੁਕਾਨਦਾਰਾਂ ਦਾ ਦੀ ਕੋਈ ਸਾਰ ਹੀ ਲਈ ਗਈ। ਗੁੱਸਾਏ ਦੁਕਾਨਦਾਰਾਂ ਨੇ ਚੈਂਬਰ ਆਫ ਕਮਰਸ ਦੇ ਬੈਨਰ ਹੇਠ ਬਾਜ਼ਾਰ ਦੀਆਂ ਸਾਰੀਆਂ ਦੁਕਾਨਾਂ ਬੰਦ ਕਰਵਾ ਕੇ ਬਾਜ਼ਾਰ ਦੀਆਂ ਸਾਰੀਆਂ ਐਂਟਰੀਆਂ ਰੱਸੀਆਂ ਨਾਲ ਬੰਦ ਕਰ ਦਿੱਤੀਆਂ ਉਥੇ ਹੀ ਦੁਕਾਨਦਾਰਾਂ ਨਾਲ ਗੱਲਬਾਤ ਕਰਨ ਲਈ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੁਕਾਨਦਾਰਾ ਨੂੰ ਮਿਲਣ ਲਈ ਪਹੁੰਚੇ ਅਤੇ ਦੁਕਾਨਦਾਰਾਂ ਨੂੰ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਉਹਨਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਉਹ ਦੁਕਾਨਦਾਰਾਂ ਦੇ ਨਾਲ ਹਨ ਅਤੇ ਜਲਦ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਕਰਕੇ ਇਸ ਨੁਕਸਾਨ ਦੀ ਰਿਪੋਰਟ ਤਿਆਰ ਕਰ ਮੁੱਖ ਮੰਤਰੀ ਪੰਜਾਬ ਨੂੰ ਭੇਜਣਗੇ।