ਰਾਘਵ ਚੱਢਾ ਇੱਕ ਵਾਰ ਫਿਰ ਭ੍ਰਿਸ਼ਟ ‘ਆਪ’ ਵਿਧਾਇਕ ਨੂੰ ਬਚਾ ਰਿਹਾ ਹੈ
ਗੁਰਦਾਸਪੁਰ 19 ਫਰਵਰੀ (ਸਰਬਜੀਤ ਸਿੰਘ)- ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਠਿੰਡਾ (ਦਿਹਾਤੀ) ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਿਤ ਰਤਨ ਕੋਟਫੱਤਾ, ਜਿਸ ਨੂੰ ਰਿਸ਼ਵਤ ਲੈਂਦੇ ਫੜਿਆ ਗਿਆ ਹੈ, ਖਿਲਾਫ ਸਖਤ ਕਾਰਵਾਈ ਨਾ ਕਰਨ ਲਈ ਭਗਵੰਤ ਮਾਨ ਸਰਕਾਰ ਦੀ ਆਲੋਚਨਾ ਕੀਤੀ।
ਬਾਜਵਾ ਨੇ ਕਿਹਾ ਕਿ ਉਹ ਇਹ ਜਾਣ ਕੇ ਹੈਰਾਨ ਹਨ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਸਿਰਫ ਕੋਟਫੱਤਾ ਦੇ ਪੀਏ ਰਿਸ਼ਮ ਗਰਗ ਨੂੰ ਹੀ ਗ੍ਰਿਫਤਾਰ ਕੀਤਾ ਹੈ ਜਦਕਿ ਕੋਟਫੱਤਾ ਨੂੰ ਫਰਾਰ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਬਾਜਵਾ ਨੇ ਕਿਹਾ ਕੀ ਇਸ ਤਰੀਕੇ ਨਾਲ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵਰਗੇ ਆਪ ਆਗੂ ਜੋ ਦਿੱਲੀ ਅਤੇ ਪੰਜਾਬ ਦੋਵਾਂ ਵਿੱਚ ਉੱਚ ਸੰਵਿਧਾਨਕ ਅਹੁਦਿਆਂ ‘ਤੇ ਬਿਰਾਜਮਾਨ ਹਨ, ਆਪਣੀ ਹੀ ਪਾਰਟੀ ਵਿੱਚ ਭ੍ਰਿਸ਼ਟਾਚਾਰ ਨਾਲ ਨਜਿੱਠਣ ਦਾ ਇਰਾਦਾ ਰੱਖਦੇ ਹਨ? ਕੀ ਉਹ ਦੋਵੇਂ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਦਾ ਪਾਲਣ ਕਰਨ ਦੇ ਆਪਣੇ ਵਾਅਦੇ ਨੂੰ ਭੁੱਲ ਗਏ ਹਨ ਜਾਂ ਉਨ੍ਹਾਂ ਨੇ ਸਿਰਫ ਸੱਤਾ ਵਿਚ ਰਹਿਣ ਲਈ ਤਿਆਗ ਦਿੱਤੇ ਹਨ।
ਬਾਜਵਾ ਨੇ ਕਿਹਾ ਕਿ ਘੁੱਦਾ ਪਿੰਡ ਦੀ ਸਰਪੰਚ ਸੀਮਾ ਰਾਣੀ ਅਤੇ ਉਸ ਦੇ ਪਤੀ ਪ੍ਰਿਥਪਾਲ ਕੁਮਾਰ ਨੇ ਇਸ ਉਮੀਦ ਨਾਲ ਕੋਟਫੱਤਾ ਖਿਲਾਫ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੀਤੀ ਸੀ ਕਿ ਜਾਂਚ ਏਜੰਸੀ ਵਿਧਾਇਕ ਖਿਲਾਫ ਸਖਤ ਕਾਰਵਾਈ ਕਰੇਗੀ। ਸ਼ਿਕਾਇਤ ‘ਚ ਪ੍ਰਿਥਪਾਲ ਕੁਮਾਰ ਨੇ ਸਪੱਸ਼ਟ ਕਿਹਾ ਕਿ ਕੋਟਫੱਤਾ ਉਸ ਤੋਂ ਪੰਜ ਲੱਖ ਰੁਪਏ ਕਮਿਸ਼ਨ ਜਾਂ ਰਿਸ਼ਵਤ ਮੰਗ ਰਿਹਾ ਸੀ। ਘੁੱਦਾ ਪਿੰਡ ਦੇ ਵਿਕਾਸ ਲਈ 25 ਲੱਖ ਦੀ ਗ੍ਰਾਂਟ ਆਈ ਸੀ।
ਬਾਜਵਾ ਨੇ ਕਿਹਾ ਕਿ ਅਸਲ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਵਿਧਾਇਕ ਖ਼ਿਲਾਫ਼ ਕੇਸ ਦਰਜ ਕਰਨ ਵਿੱਚ ਨਾਕਾਮ ਰਹਿਣ ਤੋਂ ਬਾਅਦ ਪ੍ਰਿਥਪਾਲ ਕੁਮਾਰ ਨੂੰ ਸੋਸ਼ਲ ਮੀਡੀਆ ’ਤੇ ਇੱਕ ਆਡੀਓ ਕਲਿੱਪ ਵਾਇਰਲ ਕਰਨਾ ਪਿਆ ਜਿਸ ਵਿੱਚ ਗ੍ਰਾੰਟ ਜਾਰੀ ਕਰਨ ਲਈ ਕੋਟਫੱਤਾ ਨੂੰ ਪੰਜ ਲੱਖ ਰੁਪਏ ਦੀ ਮੰਗ ਕਰਦਿਆਂ ਸਪੱਸ਼ਟ ਤੌਰ ’ਤੇ ਸੁਣਿਆ ਜਾ ਸਕਦਾ ਹੈ।
ਬਾਜਵਾ ਨੇ ਕਿਹਾ ਕਿ ਲੋਕਾਂ ਵਿਚ ਇਹ ਆਮ ਜਾਣਕਾਰੀ ਹੈ ਕਿ ਕੋਟਫੱਤਾ ਨੂੰ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਤੋਂ ਇਲਾਵਾ ਹੋਰ ਕੋਈ ਨਹੀਂ ਬਚਾ ਰਿਹਾ ਹੈ। ਰਾਘਵ ਚੱਢਾ ਨੇ ਇਕ ਵਿਚੋਲੇ ਦੀ ਅਜਿਹੀ ਹੀ ਭੂਮਿਕਾ ਨਿਭਾਈ ਜਦੋਂ ‘ਆਪ’ ਦੇ ਸਾਬਕਾ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਆਪਣੇ ਵਿਧਾਇਕ ਤਰਸੇਮ ਲਾਲ ਕਪੂਰ ਨਾਲ ਠੇਕੇਦਾਰਾਂ ਤੋਂ ਪੈਸੇ ਕੱਢਣ ਦੀ ਯੋਜਨਾ ਬਣਾ ਰਹੇ ਆਡੀਓ ਟੇਪ ‘ਤੇ ਫੜੇ ਗਏ ਸਨ।
ਬਾਜਵਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਲਗਾਤਾਰ ਦਬਾਅ ਕਾਰਨ ਹੀ ਭਗਵੰਤ ਮਾਨ ਨੂੰ ਆਖਰਕਾਰ ਸਰਾਰੀ ਨੂੰ ਕੈਬਨਿਟ ਤੋਂ ਬਾਹਰ ਕਰਨਾ ਪਿਆ। ਬਾਜਵਾ ਨੇ ਕਿਹਾ, ਇਸ ਵਾਰ ਵੀ ਭਗਵੰਤ ਮਾਨ ਨੂੰ ਆਪਣੇ ਵਿਧਾਇਕ ਖਿਲਾਫ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਅਜਿਹਾ ਨਾ ਹੋਣ ‘ਤੇ ਕਾਂਗਰਸ ਪਾਰਟੀ ਇਸ ਮੁੱਦੇ ਨੂੰ ਪੰਜਾਬ ਦੇ ਲੋਕਾਂ ਤੱਕ ਲਿਜਾਣ ਲਈ ਮਜਬੂਰ ਹੋਵੇਗੀ।