36 ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਲਈ ਸਿੰਘਾਪੁਰ ਭੇਜਣਾ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ : ਵਿਭੂਤੀ ਸ਼ਰਮਾਂ *
ਗੁਰਦਾਸਪੁਰ 15 ਫਰਵਰੀ (ਸਰਬਜੀਤ ਸਿੰਘ)– ਸਿੱਖਿਆ ਪੰਜਾਬ ਸਰਕਾਰ ਦੇ ਏਜੰਡੇ ਦਾ ਮੁੱਖ ਹਿੱਸਾ ਹੈ। ਭਗਵੰਤ ਮਾਨ ਸਰਕਾਰ ਪਹਿਲੇ ਦਿਨ ਤੋਂ ਹੀ ਪੰਜਾਬ ਨੂੰ ਸਿੱਖਿਆ ਪੱਖੋਂ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਦੇ ਪਹਿਰਾ ਦਿੰਦਿਆਂ ਅਤੇ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੇ ਢਾਂਚਾਗਤ ਵਿਕਾਸ ਅਤੇ ਸਿੱਖਿਆ ਸੁਧਾਰਾਂ ਨੂੰ ਪਹਿਲ ਦਿੱਤੀ ਜਾ ਰਿਹਾ ਹੈ ਅਤੇ ਇਸੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਪੰਜਾਬ ਭਰ ਦੇ 36 ਪ੍ਰਿੰਸੀਪਲਾਂ ਨੂੰ ਅੰਤਰਰਾਸ਼ਟਰੀ ਸਿੱਖਲਾਈ ਲਈ ਸਿੰਗਾਪੁਰ ਭੇਜਿਆ ਗਿਆ ਜਿਸ ਵਿੱਚ ਪਠਾਨਕੋਟ ਦੇ ਡਿਪਟੀ ਡੀਈਓ ਡੀਜੀ ਸਿੰਘ ਵੀ ਸ਼ਾਮਲ ਸਨ। ਵਿਭੂਤੀ ਸ਼ਰਮਾਂ ਚੇਅਰਮੈਨ ਪੰਜਾਬ ਟੁਰਿਜਮ ਡਿਵੈਲਪਮੈਂਟ ਕਾਰਪੋਰੇਸ਼ਨ ਵੱਲੋਂ ਡੀਜੀ ਸਿੰਘ ਡਿਪਟੀ ਡੀਈਓ ਐਲੀਮੈਂਟਰੀ ਸਿੱਖਿਆ ਪਠਾਨਕੋਟ ਦਾ ਸਿੰਗਾਪੁਰ ਤੋਂ ਟ੍ਰੇਨਿੰਗ ਪ੍ਰਾਪਤ ਕਰਕੇ ਵਾਪਸ ਪਰਤਣ ਤੇ ਗੁਲਦਸਤਿਆਂ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ, ਡੀਐਸਐਮ ਬਲਵਿੰਦਰ ਸੈਣੀ, ਪ੍ਰਿੰਸੀਪਲ ਸਵਤੰਤਰ ਕੁਮਾਰ, ਪ੍ਰਿੰਸੀਪਲ ਲਤਾ ਦੇਵੀ, ਬੀਐਨਓ ਰਾਹੁਲ ਗੁਪਤਾ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਮੌਕੇ ਚੇਅਰਮੈਨ ਪੰਜਾਬ ਵਿਭੂਤੀ ਸ਼ਰਮਾਂ ਨੇ ਵਧਾਈ ਦਿੰਦਿਆਂ ਕਿਹਾ ਕਿ ਸਿੰਗਾਪੁਰ ਵਿਖੇ ਸਿਖਲਾਈ ਟੂਰ ਲਈ ਡਿਪਟੀ ਡੀਈਓ ਐਲੀਮੈਂਟਰੀ ਡੀਜੀ ਸਿੰਘ ਦੀ ਚੋਣ ਹੋਣਾ ਜ਼ਿਲ੍ਹਾ ਪਠਾਨਕੋਟ ਲਈ ਬਹੁਤ ਹੀ ਮਾਣ ਦੀ ਗੱਲ ਹੈ ਅਤੇ ਡਿਪਟੀ ਡੀਈਓ ਡੀਜੀ ਸਿੰਘ ਨੇ ਸਿੰਗਾਪੁਰ ਦੀ ਪ੍ਰਿੰਸੀਪਲ ਅਕੈਡਮੀ ਤੋਂ ਪ੍ਰਾਪਤ ਸਿਖਲਾਈ ਨਾਲ ਆਪਣੇ ਹੁਨਰ ਨੂੰ ਹੋਰ ਨਿਖਾਰਿਆ ਹੈ। ਉਨ੍ਹਾਂ ਕਿਹਾ ਕਿ ਡਿਪਟੀ ਡੀਈਓ ਡੀਜੀ ਸਿੰਘ ਨੇ ਇਹ ਟ੍ਰੇਨਿੰਗ ਪ੍ਰਾਪਤ ਕਰਕੇ ਜ਼ਿਲ੍ਹੇ ਪਠਾਨਕੋਟ ਦਾ ਨਾਮ ਰੋਸ਼ਨ ਕੀਤਾ ਹੈ।
ਡਿਪਟੀ ਡੀਈਓ ਡੀਜੀ ਸਿੰਘ ਨੇ ਇਸ ਮੌਕੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਅੰਤਰਰਾਸ਼ਟਰੀ ਸਿਖਲਾਈ ਨਾਲ ਉਨ੍ਹਾਂ ਦੀ ਲੀਡਰਸ਼ਿਪ ਦੇ ਗੁਣਾਂ ਵਿੱਚ ਹੋਰ ਨਿਖਾਰ ਆਇਆ ਹੈ।ਉਹ ਵਿਭਾਗ ਵੱਲੋਂ ਉਨ੍ਹਾਂ ਤੇ ਪ੍ਰਗਟਾਏ ਵਿਸ਼ਵਾਸ ਤੇ ਪੂਰੀ ਤਰ੍ਹਾਂ ਖਰਾ ਉਤਰਦੇ ਹੋਏ ਇਸ ਟਰੇਨਿੰਗ ਦਾ ਅੱਗੇ ਪ੍ਰਸਾਰ ਕਰਾਂਗਾ । ਇਸ ਮੌਕੇ ਤੇ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵਨੀਤ ਮਹਾਜਨ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਜ਼ਿਲ੍ਹਾ ਪਠਾਨਕੋਟ ਦੇ ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲਾਂ, ਅਧਿਆਪਕਾਂ, ਅਤੇ ਸਮੂਹ ਦਫ਼ਤਰੀ ਸਟਾਫ਼ ਵੱਲੋਂ ਸਮਰੋਹ ਆਯੋਜਿਤ ਕਰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।


