ਗੁਰਦਾਸਪੁਰ ਸ਼ਹਿਰ ਦੀਆਂ 29 ਵਾਰਡਾਂ ਸਮੇਤ ਸ਼ਹਿਰ ਅੰਦਰ 404.65 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾਣਗੇ- ਰਮਨ ਬਹਿਲ

ਗੁਰਦਾਸਪੁਰ

ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਵਲੋਂ ਸ਼ਹਿਰ ਅੰਦਰ ਨਿਰੰਤਰ ਵਿਕਾਸ ਕਾਰਜ ਜਾਰੀ- ਚੇਅਰਮੈਨ ਰਾਜੀਵ ਸ਼ਰਮਾ

ਗੁਰਦਾਸਪੁਰ ਮੇਰੀ ਕਰਮਭੂਮੀ ਹੈ, ਹਲਕੇ ਦੇ ਵਿਕਾਸ ਲਈ 24 ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜਰ ਹਾਂ- ਰਮਨ ਬਹਿਲ

ਗੁਰਦਾਸਪੁਰ 8 ਮਈ  (ਸਰਬਜੀਤ ਸਿੰਘ)–  ਗੁਰਦਾਸਪੁਰ ਸ਼ਹਿਰ ਦੀਆਂ 29 ਵਾਰਡਾਂ ਸਮੇਤ ਸ਼ਹਿਰ ਅੰਦਰ 404.65 ਲੱਖ ਰੁਪਏ ਦੀ ਲਾਗਤ ਨਾਲ ਵੱਖ ਵੱਖ ਵਿਕਾਸ ਕਾਰਜ ਕਰਵਾਏ ਜਾਣਗੇ, ਜਿਸ ਸਬੰਧੀ ਟੈਂਡਰ ਲੱਗ ਗਏ ਹਨ ਅਤੇ ਜਲਦ ਵਿਕਾਸ ਕੰਮ ਸ਼ੁਰੂ ਹੋ ਜਾਣਗੇ। ਇਹ ਪ੍ਰਗਟਾਵਾ ਗੁਰਦਾਸਪੁਰ ਦੇ ਹਲਕਾ ਇੰਚਾਰਜ ਰਮਨ ਬਹਿਲ ਅਤੇ ਰਾਜੀਵ ਸ਼ਰਮਾ, ਚੇਅਰਮੈਨ ਇੰਮਪਰੂਵਮੈਂਟ ਟਰੱਸਟ ਗੁਰਦਾਸਪੁਰ ਵਲੋਂ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ। ਇਸ ਮੌਕੇ ਹਿਤੇਸ਼ ਮਹਾਜਨ ਅਤੇ ਰਘਬੀਰ ਸਿੰਘ ਖਾਲਸਾ ਵੀ ਮੌਜੂਦ ਸਨ।

ਆਪਣੇ ਗ੍ਰਹਿ ਵਿਖੇ ਪੱਤਰਕਾਰ ਸਾਥੀਆਂ ਨਾਲ ਗੱਲ ਕਰਦਿਆਂ ਰਮਨ ਬਹਿਲ ਨੇ ਦੱਸਿਆ ਕਿ ਪਿਛਲੇ ਚਾਰ ਸਾਲਾਂ ਤੋਂ ਉਨਾਂ ਵਲੋਂ ਗੁਰਦਾਸਪੁਰ ਸ਼ਹਿਰ ਸਮੇਤ ਸਮੁੱਚੇ ਹਲਕੇ ਅੰਦਰ ਸਰਬਪੱਖੀ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਦਿਨ ਰਾਤ ਹਲਕਾ ਵਾਸੀਆਂ ਦੀ ਸੇਵਾ ਵਿੱਚ ਹਾਜਰ ਹਨ।

ਉਨਾਂ ਅੱਗੇ ਦੱਸਿਆ ਕਿ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਵਲੋਂ ਨਗਰ ਕੌਸਲ ਗੁਰਦਾਸਪੁਰ ਦੀ ਹਦੂਦ ਅੰਦਰ ਵਿਕਾਸ ਕਾਰਜ ਕਰਵਾਉਣ ਲਈ ਸਮੁੱਚੀ ਪ੍ਰਕਿਰਿਆ ਮੁਕੰਮਲ ਕਰ ਲਈ ਹੈ। ਜਿਸ ਤਹਿਤ ਗੁਰਦਾਸਪੁਰ ਦੀਆਂ 29 ਵਾਰਡਾਂ ਸਮੇਤ ਸਮੁੱਚੇ ਸ਼ਹਿਰ ਅੰਦਰ 404.65 ਲੱਖ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾਣਗੇ। ਉਨਾਂ ਦੱਸਿਆ ਕਿ 12 ਅਪ੍ਰੈਲ ਨੂੰ ਨਗਰ ਕੌਸਲ ਗੁਰਦਾਸਪੁਰ ਦਾ ਕਾਰਜ ਕਾਲ ਸਮਾਪਤ ਹੋ ਗਿਆ ਸੀ।

ਰਮਨ ਬਹਿਲ ਨੇ ਅੱਗੇ ਦੱਸਿਆ ਕਿ ਸ਼ਹਿਰ ਦੀਆਂ ਵਾਰਡਾਂ ਵਿੱਚ ਗਲੀਆਂ, ਨਾਲੀਆਂ ਸਮੇਤ ਵੱਖ-ਵੱਖ ਕੰਮ ਕਰਵਾਏ ਜਾਣਗੇ। ਇਸ ਤੋ ਇਲਾਵਾ ਫਿਸ਼ ਪਾਰਕ ਵਿਖੇ ਸਟਰੀਟ ਲਾਈਟਾਂ,ਫੁਹਾਰੇ ਅਤੇ ਬਾਥਰੂਮ ਬਣਾ ਕੇ ਖੂਬਸੂਰਤ ਦਿੱਖ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼ਹਿਰ ਵਿਚਲੀਆ ਬਹੁਤ ਸਾਰੀਆਂ ਕਾਲੋਨੀਆਂ ਵਿਚ ਗਲੀਆਂ ਕੱਚੀਆਂ ਹਨ, ਓਨਾਂ ਦੇ ਵਿਕਾਸ ਕੰਮ ਕਰਨ ਦੇ ਨਾਲ-ਨਾਲ ਬਾਬੋਵਾਲ, ਕ੍ਰਿਸ਼ਚੀਅਨ ਮੁਹੱਲਾ ਅਤੇ ਕਲਾਨੌਰ ਰੋਡ ਤੇ ਮੁਹੱਲਿਆਂ ਵਿੱਚ ਵਿਕਾਸ ਕਾਰਜ ਕਰਵਾਏ ਜਾਣਗੇ। ਉਨਾਂ ਦੱਸਿਆ ਕਿ 15 ਮਈ ਤੱਕ ਵਿਕਾਸ ਕਾਰਜ ਸ਼ੁਰੂ ਕਰਵਾ ਦਿੱਤੇ ਜਾਣਗੇ।

ਰਮਨ ਬਹਿਲ ਨੇ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਦੀ ਅਗਵਾਈ ਹੇਠ ਗੁਰਦਾਸਪੁਰ  ਹਲਕੇ ਅੰਦਰ ਨਿਰੰਤਰ ਵਿਕਾਸ ਕਾਰਜ ਜਾਰੀ ਹਨ ਅਤੇ ਗੁਰਦਾਸਪੁਰ ਸ਼ਹਿਰ ਨੂੰ ਵਿਕਾਸ ਪੱਖੋਂ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ।

ਉਨਾਂ ਗੁਰਦਾਸਪੁਰ ਵਾਸੀਆਂ ਨੂੰ ਯਕੀਨ ਦਿਵਾਇਆ ਕਿ ਉਹ ਹਲਕੇ ਦਾ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਹਨ। ਗੁਰਦਾਸਪੁਰ ਸ਼ਹਿਰ ਦੀਆਂ ਸੜਕਾਂ ਚੌੜੀਆਂ ਕੀਤੀਆਂ ਜਾ ਰਹੀਆਂ ਹਨ। ਪੁਰਾਣੀ ਸ਼ਬਜੀ ਮੰਡੀ ਤੋਂ ਭਗਵਾਨ ਪਰਸ਼ੂਰਾਮ ਚੌਕ ਤੱਕ ਸੜਕ ਦੇ ਕਿਨਾਰਿਆਂ ਤੋਂ ਬਿਜਲੀ ਦੇ ਖੰਬੇ ਹਟਾ ਕੇ ਸੜਕ ਚੌੜੀ ਕੀਤੀ ਜਾ ਰਹੀ ਹੈ। ਉਨਾਂ ਦੁਹਰਾਇਆ ਕਿ ਗੁਰਦਾਸਪੁਰ ਮੇਰੀ ਕਰਮਭੂਮੀ ਹੈ ਅਤੇ ਉਹ 24 ਘੰਟੇ ਗੁਰਦਾਸਪੁਰ ਵਾਸੀਆਂ ਦੀ ਸੇਵਾ ਵਿੱਚ ਹਾਜ਼ਰ ਹਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆ ਚੇਅਰਮੈਨ ਰਾਜੀਵ ਸ਼ਰਮਾ ਨੇ ਕਿਹਾ ਕਿ ਇੰਮਪਰੂਵਮੈਂਟ ਟਰੱਸਟ ਗੁਰਦਾਸਪੁਰ ਵਲੋਂ ਸ਼ਹਿਰ ਅੰਦਰ ਵੱਖ-ਵੱਖ ਵਿਕਾਸ ਕਰਵਾਏ ਜਾ ਰਹੇ ਹਨ ਅਤੇ ਅਗਾਂਹ ਵੀ ਵਿਕਾਸ ਕਾਰਜ ਨਿਰੰਤਰ ਜਾਰੀ ਰਹਿਣਗੇ। ਉਨਾਂ ਦੱਸਿਆ ਕਿ ਨਗਰ ਕੌਸਲ ਗੁਰਦਾਸਪੁਰ ਦੀ ਹਦੂਦ ਅੰਦਰ ਟਰੱਸਟ ਵਲੋਂ ਵਿਕਾਸ ਕਾਰਜ ਕਰਵਾਏ ਜਾਣਗੇ, ਜਿਸ ਲਈ ਸਮੁੱਚੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ।

ਉਨਾਂ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਜ਼ਿਕਰ ਕਰਦਿਆਂ ਦੱਸਿਆ ਕਿ ਇੰਪਰੂਵਮੈਂਟ ਟਰੱਸਟ ਦੀ ਨਵੀਂ ਇਮਾਰਤ ਦੀ ਉਸਾਰੀ ਕਰਵਾਈ ਜਾ ਰਹੀ ਹੈ। ਗੁਰਦਾਸਪੁਰ ਸ਼ਹਿਰ ਦੇ ਵੱਖ-ਵੱਖ 42 ਸਥਾਨਾਂ ਤੇ ਅਤਿ ਆਧੁਨਿਕ ਕਿਸਮ ਦੇ ਸੀ.ਸੀ.ਟੀ.ਵੀ ਕੈਮਰੇ ਲਗਵਾਏ ਜਾਣਗੇ ਅਤੇ ਟਰੈਫਿਕ ਦੀ ਸਮੱਸਿਆ ਦੇ ਹੱਲ ਲਈ ਸ਼ਹਿਰ ਦੇ ਪ੍ਰਮੁੱਖ 5 ਚੌਕਾਂ ਵਿੱਚ ਟਰੈਫਿਕ ਲਾਈਟਾਂ ਲਗਾਈਆਂ ਜਾਣਗੀਆ। ਗੁਰਦਾਸਪੁਰ ਸ਼ਹਿਰ ਦੇ ਐਂਟਰੀ ਪੁਆਇੰਟ ਬੱਬਰੀ ਬਾਈਪਾਸ ਅਤੇ ਪਠਾਨਕੋਟ ਬਾਈਪਾਸ ‘ਤੇ ਹੈਰੀਟੇਜ ਗੇਟ ਬਣਾਏ ਜਾਣਗੇ ਅਤੇ 15 ਲੱਖ ਰੁਪਏ ਦੀ ਲਾਗਤ ਨਾਲ ਭਗਵਾਨ ਪਰਸ਼ੂਰਾਮ ਚੌਕ ਦਾ ਨਵੀਨੀਕਰਨ ਕੀਤਾ ਜਾਵੇਗਾ।

ਉਨਾਂ ਅੱਗੇ ਦੱਸਿਆ ਕਿ 7 ਨੰਬਰ ਸਕੀਮ ਵਿਚ ਸ਼ਾਨਦਾਰ ਪਾਰਕ ਦੀ ਉਸਾਰੀ ਕੀਤੀ ਗਈ ਹੈ, ਜਿਸ ਦਾ ਜਲਦ ਉਦਘਾਟਨ ਕੀਤਾ ਜਾਵੇਗਾ, ਇਸ ਤੋਂ ਬਾਬਾ ਬੰਦਾ ਸਿੰਘ ਬਹਾਦਰ ਪਾਰਕ ਦੀ ਉਸਾਰੀ ਕਰਵਾਈ ਗਈ ਹੈ। ਗੀਤਾ ਭਵਨ ਮੰਦਿਰ ਦੇ ਬੈਕਸਾਇਡ ਗਰਾਊਂਡ ਵਿੱਚ ਲੰਗਰ ਹਾਲ ਦੀ ਉਸਾਰੀ ਕਰਵਾਈ ਗਈ ਹੈ। ਰਾਮ ਲੀਲਾ ਗਰਾਊਂਡ ਵਿਖੇ ਸਟੇਜ, ਕਮਰੇ ਅਤੇ ਬਾਊਂਡਰੀ ਵਾਲ ਬਣਾਉਣ ਲਈ 25 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕੰਮ ਕਰਵਾਏ ਗਏ ਹਨ।

ਚੇਅਰਮੈਨ ਰਾਜੀਵ ਸ਼ਰਮਾ ਨੇ ਅੱਗੇ ਦੱਸਿਆ ਕਿ 1 ਕਰੋੜ 50 ਲੱਖ ਰੁਪਏ ਦੀ ਲਾਗਤ  ਨਾਲ ਕਮਿਊਨਿਟੀ ਹਾਲ ਦੀ ਉਸਾਰੀ ਕਰਵਾਈ ਜਾਵੇਗੀ। ਬੱਸ ਅੱਡੇ ਦੇ ਨੇੜੇ ਟਰੱਸਟ ਵਲੋਂ ਪੈਟਰੋਲ ਪੰਪ ਦੀ ਉਸਾਰੀ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਟਰੱਸਟ ਵਲੋਂ ਟਰੈਕਟਰ ਅਤੇ ਟਰਾਲੀ ਖਰੀਦੀ ਗਈ ਹੈ।

ਉਨਾਂ ਕਿਹਾ ਕਿ ਇੰਪਰੂਵਮੈਂਟ ਟਰੱਸਟ ਵਲੋਂ ਗੁਰਦਾਸਪੁਰ ਸ਼ਹਿਰ ਅੰਦਰ ਲੋਕ ਭਲਾਈ ਲਈ ਵਿਕਾਸ ਕਾਰਜ ਨਿਰੰਤਰ ਜਾਰੀ ਰਹਿਣਗੇ।

Leave a Reply

Your email address will not be published. Required fields are marked *