ਬਰਨਾਲਾ, ਗੁਰਦਾਸਪੁਰ, 5 ਮਈ (ਸਰਬਜੀਤ ਸਿੰਘ)—- ਇਹ ਗੱਲ ਬਿਲਕੁਲ ਸੱਚ ਹੈ ਕਿ ਪੱਛਮੀ ਬੰਗਾਲ ਵਿੱਚ ਤਿੰਨ ਦਹਾਕਿਆਂ ਤੋਂ ਵੱਧ ਰਾਜਸੱਤ੍ਹਾ ਵਿੱਚ ਰਹਿਣ ਤੋਂ ਬਾਅਦ ਅਤੇ ਪਿਛਲੇ ਦਸ ਸਾਲਾਂ ਤੋਂ ਲਗਾਤਾਰ ਕੇਰਲਾ ਅੰਦਰ ਸੱਤ੍ਹਾ ਵਿੱਚ ਰਿਹਾ ਖੱਬੇ ਪੱਖੀ ਕਿਲ੍ਹਾ ਬੁਰੀ ਤਰ੍ਹਾਂ ਢਹਿਢੇਰੀ ਹੋ ਗਿਆ। ਇਹ ਉਹਨਾਂ ਦੀ ਵਿਚਾਰਧਾਰਕ ਰਾਜਨੀਤਕ ਕਮਜ਼ੋਰੀ ਦਾ ਸਪੱਸਟ ਸਿੱਟਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀਪੀਆਈ (ਐੱਮ ਐੱਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਮੌਜੂਦਾ ਵਿਧਾਨ ਸਭਾ ਦੇ ਚੋਣ ਨਤੀਜਿਆਂ ਦੇ ਸੰਦਰਭ ਵਿੱਚ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ, ਕਿ ਜੇਕਰ ਖੱਬੇ-ਪੱਖੀ ਸੱਚਮੁੱਚ ਹੀ ਖੱਬੇ-ਪੱਖੀ ਹੁੰਦੇ, ਤਾਂ ਇਸਨੇ ‘ਤੀਜੀ ਕਮਿਊਨਿਸਟ ਇੰਟਰਨੈਸ਼ਨਲ’ ਵਿੱਚ ਕਾਮਰੇਡ ਜਾਰਜ਼ੀ ਦਿਮਿੱਤਰੋਵ ਦੀ ਫਾਸ਼ੀਵਾਦ-ਵਿਰੋਧੀ ਲਾਈਨ ਨੂੰ ਜ਼ਰੂਰ ਅਪਣਾਇਆ ਹੁੰਦਾ ਅਤੇ ਬੰਗਾਲ ਸਮੇਤ ਪੂਰੇ ਭਾਰਤ ਵਿੱਚ ਆਰ ਐੱਸ ਐੱਸ ਦੀਆਂ ਮਨੂੰਵਾਦੀ/ਬ੍ਰਾਹਮਣਵਾਦੀ ਫਾਸ਼ੀਵਾਦੀ ਤਾਕਤਾਂ ਦੇ ਬੁਲਡੋਜ਼ਰ ਹੇਠ ਲਿਤਾੜੇ ਜਾ ਰਹੇ ਦੱਬੇ-ਕੁਚਲੇ ਲੋਕਾਂ, ਦਲਿਤਾਂ, ਆਦਿਵਾਸੀਆਂ, ਔਰਤਾਂ, ਘੱਟ-ਗਿਣਤੀਆਂ, ਮੁਲਾਜ਼ਮਾਂ ਅਤੇ ਤਮਾਮ ਮਿਹਨਤਕਸ਼ ਲੋਕਾਂ ਦਾ ਇੱਕ ਫਾਸ਼ੀਵਾਦ-ਵਿਰੋਧੀ ਮੋਰਚਾ ਹੋਂਦ ਵਿੱਚ ਆ ਜਾਣਾ ਸੀ, ਅਤੇ ਸੜਕ ਦੀ ਲੜਾਈ ਤਿੱਖੀ ਹੋ ਜਾਣੀ ਸੀ। ਪਰ ਅਖੌਤੀ ਖੱਬੇ-ਪੱਖੀਆਂ ਵੱਲੋਂ ਆਰ ਐੱਸ ਐੱਸ ਅਤੇ ਇਸਦਾ ਰਾਜਨੀਤਿਕ ਵਿੰਗ ਭਾਜਪਾ ਦੇ ਨਾਲੋਂ ਜੋ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪੁਰਾਣਾ ਫਾਸ਼ੀਵਾਦੀ ਸੰਗਠਨ ਹੈ, ਦੇ ਖ਼ਿਲਾਫ਼ ਲੜਨ ਦੀ ਬਜਾਏ, ਬੰਗਾਲ ਵਿੱਚ ਟੀ ਐੱਮ ਸੀ ਨੂੰ ਉਖਾੜਨ ਲਈ ਵਧੇਰੇ ਚਿੰਤਾਤੁਰ ਹਨ। ਇਹੀ ਕਾਰਨ ਹੈ ਕਿ 2019 ਦੀਆਂ ਸੰਸਦੀ ਚੋਣਾਂ ਤੋਂ ਬਾਅਦ ਖੱਬੇ-ਪੱਖੀ ਮੋਰਚੇ ਦਾ ਜ਼ਿਆਦਾਤਰ ਵੋਟ ਬੈਂਕ ਭਾਜਪਾ ਵੱਲ ਚਲਾ ਗਿਆ ਹੈ। ਮਮਤਾ ਬੈਨਰਜੀ ਯਕੀਨਨ ਤੌਰ ‘ਤੇ ਪੂੰਜੀਵਾਦੀ ਅਤੇ ਕਾਰਪੋਰੇਟ-ਪੱਖੀ ਹੈ ਅਤੇ ਨਵ ਉਦਾਰਵਾਦੀ ਨੀਤੀਆਂ ਲਾਗੂ ਕਰਦੀ ਆ ਰਹੀ ਹੈ। ਉਸਦੀ ਪਾਰਟੀ ਗੁੰਡਾਗਰਦੀ ‘ਤੇ ਅਧਾਰਤ, ਭ੍ਰਿਸ਼ਟ ਅਤੇ ਲੋਕ-ਵਿਰੋਧੀ ਹੈ ਪਰ ਉਹ ਭਾਜਪਾ ਦੀ ਤਰ੍ਹਾਂ ਫਾਸ਼ੀਵਾਦੀ ਨਹੀਂ ਹੈ। ਇਸੇ ਤਰ੍ਹਾਂ ਕਾਂਗਰਸ, ਡੀ ਐਮ ਕੇ, ਸਮਾਜਵਾਦੀ ਪਾਰਟੀ ਅਤੇ ‘ਆਪ’ ਵਰਗੀਆਂ ਪਾਰਟੀਆਂ ਪੂੰਜੀਵਾਦੀ ਅਤੇ ਕਾਰਪੋਰੇਟ ਪ੍ਰਸਤ ਹਨ ਪਰ ਉਹ ਫਾਸ਼ੀਵਾਦੀ ਅਤੇ ਅਤਿ ਸੱਜੇ-ਪੱਖੀ ਪਾਰਟੀਆਂ ਨਹੀਂ ਹਨ। ਇਸੇ ਕਰਕੇ ਖੱਬੇ-ਪੱਖੀਆਂ ਨੂੰ ਫਾਸ਼ੀਵਾਦੀ ਅਤੇ ਗੈਰ-ਫਾਸ਼ੀਵਾਦੀ ਤਾਕਤਾਂ ਵਿੱਚ ਫ਼ਰਕ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਅਤੇ ਉਸ ਦੇ ਅਧਾਰ ‘ਤੇ ਹੀ ਮੁੱਖ ਦੁਸ਼ਮਣ ਤਹਿ ਕਰਨਾ ਚਾਹੀਦਾ ਹੈ। ਨਹੀਂ ਤਾਂ, ਆਪਣੇ ਆਪ ਨੂੰ ਖੱਬੇ-ਪੱਖੀ ਕਹਿਣਾ ਬੰਦ ਕਰ ਦੇਣਾ ਚਾਹੀਦਾ ਹੈ। ਹਾਲਾਂ ਕਿ, ‘ਪਿਨਾਰਾਈ ਵਿਜ਼ਯਨ’ ਦੀ ਖੱਬੇ-ਪੱਖੀ ਸਰਕਾਰ ਹੁਣ ਤੱਕ ਕੇਰਲਾ ਵਿੱਚ ਮੋਦੀ ਨਿਰਦੇਸ਼ਿਤ ਨਵ-ਉਦਾਰਵਾਦੀ ਨੀਤੀਆਂ ਹੀ ਲਾਗੂ ਕਰਦੀ ਆ ਰਹੀ ਸੀ। ਜੇਕਰ ਸੀਪੀਆਈ (ਐੱਮ) ਦੀ ਅਗਵਾਈ ਵਾਲਾ ਖੱਬਾ ਮੋਰਚਾ ਸੱਚੀਓਂ ਫਾਸ਼ੀਵਾਦੀ ਆਰ ਐੱਸ ਐੱਸ-ਬੀਜੇਪੀ ਨੂੰ ਬੰਗਾਲ ਜਿੱਤਣ ਤੋਂ ਰੋਕਣਾ ਚਾਹੁੰਦਾ, ਤਾਂ ਸਭ ਤੋਂ ਵਧਕੇ ਮਹੱਤਵਪੂਰਨ ਗੱਲ ਇਹ ਸੀ ਕਿ ਉਸਨੂੰ ਫਾਸ਼ੀਵਾਦੀ ਆਰ ਐੱਸ ਐੱਸ-ਬੀਜੇਪੀ ਨੂੰ ਹਰਾਉਣ ਲਈ ਭਾਜਪਾ ਵਿਰੋਧੀ ਵੋਟਾਂ ਦੀ ਵੰਡ ਹੋਣ ਤੋਂ ਰੋਕਣਾ ਚਾਹੀਦਾ ਸੀ। ਜੇਕਰ ਤੁਸੀਂ ਸੰਸਦੀ ਸੰਘਰਸ਼ ਦੇ ਰਸਤੇ ਆਰ ਐੱਸ ਐੱਸ-ਬੀਜੇਪੀ ਨੂੰ ਹਰਾਉਣਾ ਚਹੁੰਦੇ ਸੀ, ਤਾਂ ਇਹ ਤੀਜੀ ਕੌਮਾਂਤਰੀ ਵੱਲੋਂ ਨਿਰਧਾਰਤ ਕੀਤੇ ਦਿਸ਼ਾ ਨਿਰਦੇਸ਼ ਹੀ ਇੱਕੋ ਇੱਕ ਸਹੀ ਅਤੇ ਮਾਰਕਸਵਾਦੀ ਤਰੀਕਾ ਸੀ। ਤੁਸੀਂ ਪੂੰਜੀਵਾਦੀ ਟੀ ਐੱਮ ਸੀ ਤੋਂ ਇੱਕ ਫਾਸ਼ੀਵਾਦ ਵਿਰੋਧੀ ਮੋਰਚਾ ਬਣਾਉਣ ਦੀ ਉਮੀਦ ਰਖਦੇ ਹੋ ਪਰ ਤੁਸੀਂ ਸੀ ਪੀ ਆਈ(ਐੱਮ) ਦੀ ਅਗਵਾਈ ਵਾਲੇ ਖੱਬੇ ਮੋਰਚੇ ਤੋਂ ਇਹ ਉਮੀਦ ਕਿਉਂ ਨਹੀਂ ਕਰਦੇ ? ਜਿਵੇਂ ਫਾਸ਼ੀਵਾਦੀ ਆਰ ਐੱਸ ਐੱਸ, ਭਾਜਪਾ ਪੂਰੇ ਦੇਸ਼ ਵਿੱਚ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਹੀ ਹੈ , ਇਸਨੂੰ ਹਰਾਉਣਾ ਅੱਜ ਸੱਚੀਆਂ ਖੱਬੇ ਪੱਖੀ ਤਾਕਤਾਂ ਦੀ ਅਣਸਰਦੀ ਲੋੜ ਹੈ ਅਤੇ ਫ਼ਾਸ਼ੀਵਾਦ ਵਿਰੋਧੀ ਤਾਕਤਾਂ ਨੂੰ ਇਕੱਠਾ ਕਰਨਾ ਖੱਬੇ ਪੱਖੀਆਂ ਦੀ ਪ੍ਰਮੁੱਖ ਜ਼ਿਮੇਵਾਰੀ ਬਣ ਜਾਂਦੀ ਹੈ। ਨਹੀਂ ਤਾਂ ਫਾਸ਼ੀਵਾਦ ਦੀ ਅੱਗ ਜਲਦੀ ਪੰਜਾਬ ਵਿੱਚ ਵੀ ਫ਼ੈਲ ਜਾਵੇਗੀ।


