ਤਪਾ ਮੰਡੀ, ਗੁਰਦਾਸਪੁਰ, 29 ਅਪ੍ਰੈਲ (ਸਰਬਜੀਤ ਸਿੰਘ)– ਟ੍ਰੇਡ ਯੂਨੀਅਨ ਸੈਂਟਰ ਆਫ਼ ਇੰਡੀਆ (ਟੂਸੀ) ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਵੱਲੋਂ ਸਾਂਝੇ ਤੌਰ ‘ਤੇ ਇੱਕ ਮਈ ਨੂੰ ਕੌਮਾਂਤਰੀ ਮਜ਼ਦੂਰ ਦਿਹਾੜਾ ਤਪਾ ਮੰਡੀ ਵਿਖੇ ਮਜ਼ਦੂਰਾਂ ਦਾ ਵੱਡਾ ਇਕੱਠ ਕਰਕੇ ਕੇਂਦਰ ਦੀ ਫਾਸ਼ੀਵਾਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ, ਜਿਸ ਵਿੱਚ ਦਰਜਨਾਂ ਪਿੰਡਾਂ ਤੋਂ ਮਨਰੇਗਾ ਮਜ਼ਦੂਰ ਸ਼ਾਮਲ ਹੋਣਗੇ। ਟ੍ਰੇਡ ਯੂਨੀਅਨ ਸੈਂਟਰ ਆਫ਼ ਇੰਡੀਆ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਕੌਮਾਂਤਰੀ ਮਜ਼ਦੂਰ ਦਿਵਸ਼ ਮੌਕੇ ਇਲਾਕੇ ਦੇ ਦਰਜਨਾਂ ਪਿੰਡਾਂ ਦਰਾਜ਼ , ਦਰਾਕਾ, ਢਿੱਲਵਾਂ, ਮੌੜ, ਜਗਜੀਤਪੁਰਾ, ਪੱਖੋਕਲਾਂ, ਭੈਣੀ ਛੰਨਾ ਆਦਿ ਪਿੰਡਾਂ ਵਿੱਚ ਤਿਆਰੀ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਮੲਈ ਦਿਵਸ਼ ਨੂੰ ਕੇਂਦਰ ਦੀ ਮੋਦੀ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਦੇ ਖ਼ਿਲਾਫ਼ ਦਿਹਾੜੇ ਵਜੋਂ ਮਨਾਇਆ ਜਾਵੇਗਾ। ਆਗੂਆਂ ਨੇ ਇਹ ਵੀ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਜ਼ਦੂਰ ਜਮਾਤ ਦੀ ਤਿੱਖੀ ਲੁੱਟ ਖਸੁੱਟ ਕਰਨ ਲਈ ਅਤੇ ਅੰਬਾਨੀ – ਆਡਾਨੀ ਵਰਗੇ ਮਹਾਂ ਭ੍ਰਿਸ਼ਟ ਅਮੀਰਾਂ ਨੂੰ ਹੋਰ ਮਾਲੋਮਾਲ ਕਰਨ ਲਈ 44 ਕਿਰਤ ਕਾਨੂੰਨ ਖ਼ਤਮ ਕਰਕੇ ਉਹਨਾਂ ਨੂੰ ਚਾਰ ਲੇਬਰ ਕੋਡ ਵਿੱਚ ਬਦਲ ਦਿੱਤਾ ਗਿਆ ਹੈ ਅਤੇ ਜਿਨ੍ਹਾਂ ਨੂੰ ਇੱਕ ਅਪ੍ਰੈਲ 2026 ਤੋਂ ਸਾਰੇ ਦੇਸ਼ ਵਿੱਚ ਲਾਗੂ ਕਰ ਦਿੱਤਾ ਗਿਆ ਹੈ। ਉੱਤਰੀ ਭਾਰਤ ਦੇ ਅਨੇਕਾਂ ਸੂਬਿਆਂ ਦੇ ਹਜ਼ਾਰਾਂ ਸਨਅਤੀ ਮਜ਼ਦੂਰ ਹੜਤਾਲ ਕਰਕੇ ਸੜਕਾਂ ਤੇ ਆ ਗਏ ਹਨ ਅਤੇ ਇਹਨਾਂ ਕਾਲ਼ੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ 140 ਸਾਲ ਪਹਿਲਾਂ ਦੁਨੀਆਂ ਦੇ ਮਜ਼ਦੂਰਾਂ ਨੇ ਕੁਰਬਾਨੀਆਂ ਦੇਕੇ ਅੱਠ ਘੰਟੇ ਦੀ ਦਿਹਾੜੀ ਦਾ ਕਾਨੂੰਨ ਬਣਾਇਆ ਸੀ, ਜਿਸਨੂੰ ਮੋਦੀ ਸਰਕਾਰ ਨੇ ਖ਼ਤਮ ਕਰਕੇ 12 ਘੰਟੇ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ‘ਚਾਰ ਲੇਬਰ ਕੋਡ’ ਲਾਗੂ ਕਰਨ ਅਤੇ ਮਨਰੇਗਾ ਦਾ ਕਾਨੂੰਨ ਖ਼ਤਮ ਕਰਨ ਦੇ ਖ਼ਿਲਾਫ਼ ਮਜ਼ਦੂਰਾਂ ਨੂੰ ਦੇਸ਼ ਪੱਧਰ ਤੇ ਅੰਦੋਲਨ ਤਿੱਖਾ ਕਰਨ ਦੀ ਲੋੜ ਹੈ ਅਤੇ ਹੜਤਾਲੀ ਮਜ਼ਦੂਰਾਂ ਦੇ ਨਾਲ ਇੱਕਜੁਟਤਾ ਕਾਇਮ ਕਰਨੀ ਚਾਹੀਦੀ ਹੈ।



