ਬਰਨਾਲਾ, ਗੁਰਦਾਸਪੁਰ, 1 ਅਪ੍ਰੈਲ (ਸਰਬਜੀਤ ਸਿੰਘ)— ਤਰਕਸ਼ੀਲ ਭਵਨ ਬਰਨਾਲਾ ਵਿਖੇ ਸੀਪੀਆਈ (ਐੱਮ ਐੱਲ) ਰੈੱਡ ਸਟਾਰ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਰ ਐੱਸ ਐੱਸ ਫਾਸ਼ੀਵਾਦ ਵਿਰੋਧੀ ਸੈਮੀਨਾਰ ਸਫ਼ਲਤਾ ਪੂਰਵਕ ਆਯੋਜਿਤ ਕੀਤਾ ਗਿਆ। ਸੈਮੀਨਾਰ ਦੀ ਸ਼ੁਰੂਆਤ ਅਜਮੇਰ ਅਕਲੀਆ ਅਤੇ ਬੱਗੜ ਸਿੰਘ ਰੂੜੇਕੇ ਕਲਾਂ ਦੇ ਇਨਕਲਾਬੀ ਗੀਤਾਂ ਨਾਲ ਹੋਈ। ਸੈਮੀਨਾਰ ਵਿੱਚ ‘ਸਾਮਰਾਜਵਾਦ – ਕਾਰਪੋਰੇਟ ਅਤੇ ਸੰਘੀ ਮਨੂੰਵਾਦ ਫਾਸ਼ੀਵਾਦ ਦਾ ਵਧ ਰਿਹਾ ਖ਼ਤਰਾ ਅਤੇ ਖੱਬੇ ਪੱਖੀਆਂ ਦੀ ਭੂਮਿਕਾ’ ਵਿਸ਼ੇ ਉੱਪਰ ਗੰਭੀਰ ਚਰਚਾ ਕੀਤੀ ਗਈ। ਲਾਭ ਸਿੰਘ ਅਕਲੀਆ ਸੂਬਾ ਸਕੱਤਰ ਸੀਪੀਆਈ (ਐੱਮ ਐੱਲ) ਰੈੱਡ ਸਟਾਰ ਨੇ ਸੈਮੀਨਾਰ ਵਿੱਚ ਪਹੁੰਚੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਵਿਸੇ ਦੀ ਭੂਮਿਕਾ ਬਾਰੇ ਚਾਨਣਾ ਪਾਇਆ।

ਮੁੱਖ ਬੁਲਾਰੇ ਵਜੋਂ ਪਹੁੰਚੇ ਕਾਮਰੇਡ ਮੰਗਤ ਰਾਮ ਪਾਸਲਾ ਜਨਰਲ ਸਕੱਤਰ ਇਨਕਲਾਬੀ ਮਾਰਕਸਵਾਦੀ ਪਾਰਟੀ ਆਫ਼ ਇੰਡੀਆ, ਕਾਮਰੇਡ ਤੁਹਿਨ ਦੇਵ ਪੋਲਿਟ ਬਿਓਰੋ ਮੈਂਬਰ ਸੀਪੀਆਈ (ਐੱਮ ਐੱਲ) ਰੈੱਡ ਸਟਾਰ ਅਤੇ ਕਾਮਰੇਡ ਮੁਖਤਿਆਰ ਸਿੰਘ ਪੂਹਲਾ ਸੀਨੀਅਰ ਆਗੂ ਇਨਕਲਾਬੀ ਕੇਂਦਰ ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਅੰਦਰ ਆਰ ਐੱਸ ਐੱਸ ਮਨੂੰਵਾਦੀ ਫਾਸ਼ੀਵਾਦ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਸੰਘ ਪ੍ਰੀਵਾਰ ਵੱਲੋਂ ਲਗਾਤਾਰ ਫਿਰਕੂ ਜ਼ਹਿਰ ਘੋਲੀ ਜਾ ਰਹੀ ਹੈ, ਘੱਟ ਗਿਣਤੀਆਂ, ਦਲਿਤਾਂ, ਔਰਤਾਂ, ਕਮਿਊਨਿਸਟਾਂ ਅਤੇ ਹਰ ਤਰ੍ਹਾਂ ਦੇ ਵਿਰੋਧੀ ਵਿਚਾਰਾਂ ਦੇ ਪ੍ਰਤੀ ਨਫ਼ਰਤ ਪੈਦਾ ਕੀਤੀ ਜਾ ਰਹੀ ਹੈ। ਦੇਸ਼ ਅੰਦਰ ਹਰ ਰੋਜ਼ ਮੁਸਲਮਾਨਾਂ, ਈਸਾਈਆਂ ਅਤੇ ਔਰਤਾਂ ਉੱਤੇ ਸਮੂਹਿਕ ਹਮਲੇ ਅਤੇ ਬਲਾਤਕਾਰ ਹੋ ਰਹੇ ਹਨ ਅਤੇ ਮੌਵਲੀਚਿੰਗ ਜ਼ਰੀਏ ਕਤਲ ਕੀਤੇ ਜਾ ਰਹੇ ਹਨ। ਆਰ ਐੱਸ ਐੱਸ ਪਿਛਾਖੜੀ ਫਾਸ਼ੀਵਾਦੀ ਲਹਿਰ ਦੇਸ਼ ਦੇ ਹਰ ਖੇਤਰ ਵਿੱਚ ਕਾਬਜ਼ ਹੋ ਚੁੱਕੀ ਹੈ। ਵਿਧਾਨ ਪਾਲਿਕਾ ਤੋਂ ਲੈਕੇ ਕਾਰਿਜਪਾਲਕਾ ਅਤੇ ਨਿਆਂਪਾਲਿਕਾ ਤੱਕ ਭਗਵੇਂ ਫਾਸ਼ੀਵਾਦ ਦਾ ਕੰਟਰੋਲ ਪੂਰੀ ਤਰ੍ਹਾਂ ਸਥਾਪਤ ਹੋ ਗਿਆ ਹੈ। ਕਾਰਪੋਰੇਟ ਪੂੰਜੀਪਤੀਆਂ ਦੇ ਇਸ਼ਾਰਿਆਂ ਤੇ ਕਾਨੂੰਨਾਂ ਵਿੱਚ ਸੋਧਾਂ ਕੀਤੀਆਂ ਜਾ ਰਹੀਆਂ ਹਨ। ਕਿਸਾਨ ਵਿਰੋਧੀ ਖੇਤੀ ਨੀਤੀ ਅਤੇ ਮਜ਼ਦੂਰ ਵਿਰੋਧੀ ‘ਚਾਰ ਲੇਬਰ ਕੋਡ’ ਲਾਗੂ ਕਰ ਦਿੱਤੇ ਗਏ ਹਨ। ਬੁਲਾਰਿਆਂ ਨੇ ਕਿਹਾ ਕਿ ਫਾਸ਼ੀਵਾਦੀ ਹਮਲੇ ਦਾ ਕੋਈ ਇੱਕ ਪਾਰਟੀ ਮੁਕਾਬਲਾ ਨਹੀਂ ਕਰ ਸਕਦੀ, ਇਸੇ ਕਰਕੇ ਸਾਰੀਆਂ ਖੱਬੇ ਪੱਖੀ, ਜਮਹੂਰੀ, ਪ੍ਰਗਤੀਸ਼ੀਲ ਤਾਕਤਾਂ ਸਮੇਤ ਸਾਰੀਆਂ ਉਹ ਤਾਕਤਾਂ ਨੂੰ ਵੀ ਇੱਕ ਜੁੱਟ ਕਰਨਾ ਹੋਵੇਗਾ , ਜਿਨ੍ਹਾਂ ਉੱਤੇ ਫਾਸ਼ੀਵਾਦੀ ਹਮਲਾ ਹੋ ਰਿਹਾ ਹੈ। ਸੈਮੀਨਾਰ ਨੂੰ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਜਥੇਬੰਦਕ ਸਕੱਤਰ ਕਾਮਰੇਡ ਨਰਭਿੰਦਰ, ਰਾਜੀਵ ਕੁਮਾਰ ਬਰਨਾਲਾ ਸੂਬਾ ਮੀਤ ਪ੍ਰਧਾਨ ਡੀਟੀਐਫ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਮੋਦੀ ਸਰਕਾਰ ਦੇ ਇਸ਼ਾਰਿਆਂ ਤੇ ਕੰਮ ਕਰ ਰਹੀ ਹੈ। ਚੋਣਾ ਸਮੇਂ ਜੋ ਝੂਠੇ ਵਾਅਦੇ ਕੀਤੇ ਸਨ,ਸਭ ਠੰਢੇ ਬਸਤੇ ਵਿੱਚ ਪਾ ਦਿੱਤੇ ਹਨ। ਸੰਘਰਸ਼ਸ਼ੀਲ ਲੋਕਾਂ ਉੱਤੇ ਹਰ ਰੋਜ਼ ਪੁਲਿਸ ਵੱਲੋਂ ਲਾਠੀਚਾਰਜ਼, ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲੇ ਦਾਗੇ ਜਾਣ ਰਹੇ ਹਨ। ਬੁਲਾਰਿਆਂ ਨੇ ਮਜ਼ਬੂਤ ਫਾਸ਼ੀਵਾਦ ਵਿਰੋਧੀ ਲਹਿਰ ਉਸਾਰਨ ਦਾ ਸੱਦਾ ਦਿੱਤਾ। ਅੰਤ ਵਿੱਚ ਪ੍ਰਧਾਨਗੀ ਮੰਡਲ ਵੱਲੋਂ ਫਾਸ਼ੀਵਾਦ ਵਿਰੋਧੀ ਪੰਜਾਬੀ ਕਿਤਾਬਚੇ ਦਾ ਉਦਘਾਟਨ ਕੀਤਾ ਗਿਆ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਡਾ. ਗੁਰਤੇਜ ਖੀਵੇ ਨੇ ਨਿਭਾਈ।



