ਗੁਰਦਾਸਪੁਰ, 19 ਦਸੰਬਰ (ਸਰਬਜੀਤ ਸਿੰਘ)- ਅੱਜ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਹੁਲਾਰਾ ਤੇ ਮਜ਼ਬੂਤੀ ਮਿਲੀ ਜਦੋਂ ਹਲਕੇ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਇਸ ਹਲਕੇ ਦੇ ਪਿੰਡ ਤਿੱਬੜ ਦੀ ਮੌਜੂਦਾ ਸਰਪੰਚ ਤੇ ਕਈ ਮੈਂਬਰਾਂ ਨੇ ਰਵਾਇਤੀ ਪਾਰਟੀਆਂ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਤਹਿਤ ਪਿੰਡ ਤਿੱਬੜ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਪਹੁੰਚੇ ਪੰਜਾਬ ਹੈਲਥ ਸਿਸਟਮ ਕਾਰਪੋਰਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਸਰਪੰਚ ਤੇ ਪੰਚਾਇਤ ਮੈਂਬਰਾਂ ਨੂੰ ਰਸਮੀ ਤੌਰ ‘ਤੇ ਪਾਰਟੀ ਵਿਚ ਸ਼ਾਮਿਲ ਹੋਣ ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਪਿੰਡ ਦੀ ਸਰਪੰਚ ਕਿਰਨ, ਮਨਮੋਹਨ ਰਾਏ, ਪੰਚ ਪ੍ਰਵੀਨ ਕੁਮਾਰ, ਜਵਾਹਰੀ ਲਾਲ, ਨਰਿੰਦਰ ਕੁਮਾਰ, ਜਨਕ ਰਾਜ ਆਦਿ ਨੇ ਪਰਿਵਾਰਾਂ ਤੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਮਨਮੋਹਨ ਰਾਏ ਨੇ ਕਿਹਾ ਕਿ ਪੰਚ ਪ੍ਰੇਮ ਲਤਾ ਵੀ ਉਨਾਂ ਦੇ ਨਾਲ ਹਨ, ਪਰ ਤਬੀਅਤ ਖਰਾਬ ਹੋਣ ਕਰਕੇ ਉਹ ਸਮਾਗਮ ਵਿਚ ਸ਼ਾਮਿਲ ਨਹੀਂ ਹੋ ਸਕੇ।
ਪਿੰਡ ਵਾਸੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਕਹਿਣੀ ਤੇ ਕਰਨੀ ਵਿਚ ਕੋਈ ਫਰਕ ਨਹੀਂ ਹੈ ਅਤੇ ਇਸ ਪਾਰਟੀ ਦੀ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਨਾਂ ਨੂੰ ਪੂਰਾ ਕਰਕੇ ਦਿਖਾਇਆ ਹੈ। ਉਨਾਂ ਕਿਹਾ ਕਿ ਹਲਕਾ ਗੁਰਦਾਸਪੁਰ ਵਿਚ ਵੱਡੇ ਕਾਰਜ ਆਰੰਭੇ ਗਏ ਹਨ ਜਿਸ ਤਹਿਤ ਗੁਰਦਾਸਪੁਰ ਸ਼ਹਿਰ ਅੰਦਰ ਪੁਰਾਣੇ ਸਿਵਲ ਹਸਪਤਾਲ ਨੂੰ ਚਾਲੂ ਕਰਵਾਉਣ, ਨਵੇਂ ਸਿਵਲ ਹਸਪਤਾਲ ਵਿਚ ਲੋੜੀਂਦੀਆਂ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਅਤੇ 5 ਨਵੇਂ ਆਮ ਆਦਮੀ ਕਲੀਨਿਕ ਬਣਾਉਣ ਵਰਗੇ ਅਨੇਕਾਂ ਕਾਰਜ ਕੀਤੇ ਹਨ। ਉਨਾਂ ਕਿਹਾ ਕਿ ਲੋਕਾਂ ਦੀਆਂ ਹੋਰ ਲੋੜਾਂ ਤੇ ਮੰਗਾਂ ਨੂੰ ਵੀ ਹਰ ਹਾਲਤ ਵਿਚ ਪੂਰਾ ਕੀਤਾ ਜਾਵੇਗਾ। ਤਿੱਬੜ ਦੇ ਲੋਕਾਂ ਨੂੰ ਸਰਵਪੱਖੀ ਵਿਕਾਸ ਦਾ ਭਰੋਸਾ ਦਿੰਦਿਆਂ ਬਹਿਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਤਿੱਬੜ ਦਾ ਕੋਈ ਵਿਕਾਸ ਨਹੀਂ ਕਰਵਾਇਆ ਅਤੇ ਸਰਕਾਰੀ ਖਜਾਨੇ ਦੇ ਲੱਖਾਂ ਰੁਪਇਆਂ ਦੀ ਲੁੱਟ ਖਸੁੱਟ ਹੋਈ ਹੈ। ਪਰ ਹੁਣ ਆਮ ਆਦਮੀ ਪਾਰਟੀ ਵਿਚ ਲੋਕਾਂ ਦੇ ਪੈਸੇ ਦੀ ਸਹੀ ਵਰਤੋਂ ਕਰੇਗੀ ਅਤੇ ਉਨਾਂ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਤਿੱਬੜ ਨੂੰ ਪਿੰਡ ਦੀ ਬਜਾਏ ਸ਼ਹਿਰ ਵਰਗੀਆਂ ਸਹੂਲਤਾਂ ਦਿੱਤੀਆਂ ਜਾਣ। ਬਹਿਲ ਨੇ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਜਨੀਤੀ ਤੋਂ ਉਪਰ ਉਠ ਕੇ ਹਲਕੇ ਦੇ ਵਿਕਾਸ ਲਈ ਸਹਿਯੋਗ ਦੇਣ। ਪਾਰਟੀ ਵਿਚ ਸ਼ਾਮਿਲ ਹੋਈ ਸਰਪੰਚ ਕਿਰਨ ਤੇ ਪੰਚਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਲਈ ਉਨਾਂ ‘ਤੇ ਕਿਸੇ ਨੇ ਕੋਈ ਦਬਾਅ ਨਹੀਂ ਪਾਇਆ, ਸਗੋਂ ਉਨਾਂ ਨੇ ਖੁਦ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਰਮਨ ਬਹਿਲ ਦੀ ਅਗਵਾਈ ਕਬੂਲੀ ਹੈ ਅਤੇ ਹੁਣ ਉਹ ਰਮਨ ਬਹਿਲ ਦੀ ਰਹਿਨੁਮਾਈ ਹੇਠ ਪਿੰਡ ਦਾ ਸਰਵਪੱਖੀ ਵਿਕਾਸ ਕਰਨਗੇ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਭਾਰਤ ਭੂਸ਼ਣ, ਗੁਰਨਾਮ ਸਿੰਘ ਮੁਸਤਫਾਬਾਦ ਸਮੇਤ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ ਅਤੇ ਰਮਨ ਬਹਿਲ ਵੱਲੋਂ ਹਲਕੇ ਦੇ ਵਿਕਾਸ ਲਈ ਕਰਵਾਏ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਹਰਦੇਵ ਸਿੰਘ ਬੱਬੇਹਾਲੀ, ਉਂਕਾਰ ਸਿੰਘ ਹਯਾਤਨਗਰ, ਗੁਰਦੀਪ ਸਿੰਘ ਮੁਸਤਫਾਬਾਦ, ਸੰਨੀ ਬਾਹੀਆਂ ਸਮੇਤ ਹੋਰ ਪਿੰਡ ਵਾਸੀ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੱਡੀ ਗਿਣਤੀ ਵਿਚ ਮੌਜੂਦ ਸਨ।



