ਗੁਰਦਾਸਪੁਰ, 19 ਮਾਰਚ (ਸਰਬਜੀਤ ਸਿੰਘ)– ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਵਡਾਲਾ ਬਾਂਗਰ ਦੀ ਅਗਵਾਈ ਹੇਠ ਇਕਾਈ ਦੂਲਾ ਨੰਗਲ ਅਤੇ ਇਕਾਈ ਭੋਜਰਾਜ ਵੱਲੋਂ ਪਿੰਡ ਦੂਲਾ ਨੰਗਲ ਅਤੇ ਪਿੰਡ ਭੋਜਰਾਜ ਵਿੱਚੋਂ ਚਿੱਪ ਵਾਲੇ ਸਮਾਰਟ ਮੀਟਰ ਉਤਾਰ ਕੇ ਸਬ ਡਿਵੀਜ਼ਨ ਦਫਤਰ ਨੌਸ਼ਹਿਰਾ ਮੱਝਾ ਸਿੰਘ ਵਿਖੇ ਐਸ ਡੀ ਓ ਨੂੰ ਜਮਾਂ ਕਰਵਾ ਦਿੱਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਨੇ ਕਿਹਾ ਕਿ ਪਹਿਲਾਂ ਵਾਲੇ ਸਧਾਰਨ ਮੀਟਰਾਂ ਨਾਲੋਂ ਚਿੱਪ ਵਾਲੇ ਸਮਾਰਟ ਮੀਟਰ ਜਿਆਦਾ ਖ਼ਪਤ ਨੋਟ ਕਰਦੇ ਹਨ। ਜਿਸ ਕਾਰਨ ਲੋਕਾਂ ਨੂੰ ਬਹੁਤ ਜਿਆਦਾ ਬਿਜਲੀ ਦੇ ਬਿਲ ਆ ਰਹੇ ਹਨ ਤੇ ਲੋਕ ਆਰਥਿਕ ਮੰਦਹਾਲੀ ਕਾਰਨ ਮੋਟੀ ਰਕਮ ਵਾਲੇ ਬਿੱਲ ਨਹੀਂ ਭਰ ਸਕਦੇ।
ਜਦੋਂ ਤੋਂ ਸਰਕਾਰ ਨੇ ਸਰਕਾਰੀ ਦਫਤਰਾਂ ਦੇ ਮੀਟਰਾਂ ਨੂੰ ਪਹਿਲਾਂ ਰੀਚਾਰਜ ਕਰਨ ਦੇ ਹੁਕਮ ਦਿੱਤੇ ਹਨ ਉਦੋਂ ਤੋਂ ਲੋਕ ਬਹੁਤ ਘਬਰਾਏ ਹੋਏ ਹਨ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਹੁਣ ਅਗਲੀ ਵਾਰੀ ਘਰੇਲੂ ਖਪਤਕਾਰਾਂ ਦੀ ਹੈ। ਕਿਸਾਨ ਜਥੇਬੰਦੀ ਇਹਨਾਂ ਮੀਟਰਾਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਪਹਿਲਾਂ ਹੀ ਜਾਗਰੂਕ ਕਰਦੀ ਰਹੀ ਹੈ। ਹੁਣ ਲੋਕ ਖੁਦ ਕਿਸਾਨ ਜਥੇਬੰਦੀ ਨਾਲ ਸੰਪਰਕ ਕਰਕੇ ਸਮਾਰਟ ਮੀਟਰ ਉਤਾਰ ਰਹੇ ਹਨ ।
ਕਿਸਾਨ ਆਗੂ ਨੇ ਕਿਹਾ ਕਿਹਾ ਕਿ ਮਹਿਕਮਾ ਪਾਵਰਕਾਮ ਜਿੰਨੀ ਦੇਰ ਸਧਾਰਨ ਮੀਟਰ ਨਹੀਂ ਲਗਾਉਂਦਾ ਉਹਨਾਂ ਚਿਰ ਲੋਕ ਬਿਜਲੀ ਦੇ ਬਿਲ ਨਹੀਂ ਭਰਨਗੇ। ਉਹਨਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸੂਬਾ ਸਰਕਾਰ ਵਲੋਂ ਚਿੱਪ ਵਾਲੇ ਮੀਟਰ ਲਗਾਉਣ ਦਾ ਫੈਸਲਾ ਵਾਪਸ ਲੈਣ ਤੱਕ ਸਮਾਰਟ ਮੀਟਰ ਉਤਾਰਨ ਦਾ ਕੰਮ ਜਾਰੀ ਰਹੇਗਾ। ਇਸ ਮੌਕੇ ਕੁਲਦੀਪ ਸਿੰਘ ਸੋਨੂ, ਅਮਰਬੀਰ ਸਿੰਘ ਸ਼ਾਹ, ਪ੍ਰੀਤ ਕਲੇਰ ਕਲਾ, ਸ਼ਿੰਗਾਰਾ ਸਿੰਘ ਕਾਹਲੋ, ਸੱਚ ਪ੍ਰੀਤ ਸਿੰਘ ਸਤਨਾਮ ਸਿੰਘ ਅਤੇ ਸੁਖਪ੍ਰੀਤ ਸਿੰਘ ਸ਼ਾਮਿਲ ਰਹੇ।


