ਲਿਬਰੇਸ਼ਨ ਵੱਲੋਂ ਮਾਨਸਾ ਦੀ ਬਲਾਕ ਸੰਮਤੀ ਚੇਅਰਮੈਨ ਦੀ ਚੋਣ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੀਤੀ ਧੱਕੇਸ਼ਾਹੀ ਦੀ ਪੁਰਜੋਰ ਨਿੰਦਾ

ਮਾਲਵਾ

ਮਾਨਸਾ, ਗੁਰਦਾਸਪੁਰ, 15 ਮਾਰਚ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਦਾ ਕਹਿਣਾ ਹੈ ਕਿ ਬੀਜੇਪੀ ਤਾਂ ਲੋਕਤੰਤਰ ਨੂੰ ਪੈਰਾਂ ਹੇਠ ਦਰੜਣ ਲਈ ਪਹਿਲਾਂ ਹੀ ਬਦਨਾਮ ਹੈ, ਹੁਣ ਬਦਲਾਅ ਦੇ ਨਾਹਰੇ ਤਹਿਤ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਵੀ ਉਸ ਦੀਆਂ ਪੈੜਾਂ ਵਿੱਚ ਪੈਰ ਰੱਖ ਰਹੀ ਹੈ।

ਲਿਬਰੇਸ਼ਨ ਦੇ ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਂਬਰ ਆਗੂ ਕਾਮਰੇਡ ਨਛੱਤਰ ਸਿੰਘ ਖੀਵਾ ਅਤੇ ਜ਼ਿਲਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਨੰਦਗੜ੍ਹ ਵਲੋਂ ਜਾਰੀ ਬਿਆਨ ਵਿੱਚ ਦਸਿਆ ਗਿਆ ਹੈ ਕਿ ਅੱਜ ਮਾਨਸਾ ਵਿਖੇ ਬਲਾਕ ਸੰਮਤੀ ਦੇ ਚੇਅਰਮੈਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਮਾਨਸਾ ਜਿਲਾ ਪਰੀਸ਼ਦ ਦਫ਼ਤਰ ਵਿਖੇ ਰੱਖੀ ਗਈ ਸੀ, ਜਿੱਥੇ ਸਾਰੇ ਬਲਾਕ ਵਿੱਚੋਂ ਚੁਣੇ ਹੋਏ ਸਾਰੇ ਮੈਂਬਰ ਸਮੇਂ ਸਿਰ ਪਹੁੰਚ ਗਏ ਸਨ। ਪਰ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਚੁਣੇ ਹੋਏ ਮੈਂਬਰਾਂ ਨੇ ਹਲਕਾ ਵਿਧਾਇਕ ਤੇ ਪੁਲਿਸ ਦੀ ਹਾਜ਼ਰੀ ਵਿੱਚ ਵਿਰੋਧੀ ਪਾਰਟੀਆਂ ਦੇ ਸਾਰੇ ਚੁਣੇ ਹੋਏ ਮੈਂਬਰਾਂ – ਜਿਨਾਂ ਵਿੱਚ ਬਲਾਕ ਵਿੱਚੋਂ ਚੁਣੀਆਂ ਹੋਈਆਂ ਬੀਬੀਆਂ ਵੀ ਸਨ, ਨੂੰ ਸਾਜ਼ਿਸ਼ ਤਹਿਤ ਇੱਕ ਕਮਰੇ ਵਿੱਚ ਬੰਦ ਕਰਕੇ ਬਾਹਰੋਂ ਜਿੰਦਾ ਲਾ ਦਿੱਤਾ ਅਤੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਹੀ ਚੋਣ ਕਰ ਦਿੱਤੀ ਗਈ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੂੰ ਚੇਅਰਮੈਨ ਅਤੇ ਹੋਰ ਅਹੁਦੇ ਵੰਡ ਦਿੱਤੇ ਗਏ। ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਇਸ ਤਰ੍ਹਾਂ ਦੀ ਧੱਕੇਸ਼ਾਹੀ ਤੇ ਲੋਕਤੰਤਰ ਦੇ ਦਿਨ ਦਿਹਾੜੇ ਕੀਤੇ ਕਤਲ ਦੀ ਸਖ਼ਤ ਨਿੰਦਾ ਕੀਤੀ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਵਲੋਂ ਇਸ ਤਰ੍ਹਾਂ ਦੀਆਂ ਧੱਕੇਸ਼ਾਹੀਆਂ ਕਰਨਾ ਇੱਕ ਰਿਵਾਇਤ ਹੀ ਬਣ ਗਈ ਹੈ। ਅਜੇ ਚੰਦ ਦਿਨ ਪਹਿਲਾਂ ਵਿਧਾਨ ਸਭਾ ਵਿੱਚ ਵੀ ਇਸੇ ਤਰ੍ਹਾਂ ਦੀ ਧੱਕੇਸ਼ਾਹੀ ਕੀਤੀ ਗਈ। ਐਨਾ ਹੀ ਨਹੀਂ ਮੁੱਖ ਮੰਤਰੀ ਮਾਨ ਵਲੋਂ ਇਕ ਕਾਲਜ ਵਿੱਚ ਵਿਦਿਆਰਥੀਆਂ ਸਾਹਮਣੇ ਬੋਲਦਿਆਂ ਚਟਕਾਰੇ ਲੈ ਕੇ ਅਪਣੇ ਇਸ਼ਕ ਦਾ ਕਿੱਸਾ ਸੁਣਾਉਂਦਿਆਂ ਲੜਕੀਆਂ ਬਾਰੇ ਬੇਹੂਦਾ ਟਿੱਪਣੀਆਂ ਕੀਤੀਆਂ ਗਈਆਂ ਸਨ। ਸੀਪੀਆਈ ਐਮ ਐਲ ਲਿਬਰੇਸ਼ਨ ਇਸ ਧੱਕੇਸ਼ਾਹੀ ਤੇ ਮੁੱਖ ਮੰਤਰੀ ਦੇ ਉਸ ਬੇਹੂਦਾ ਭਾਸ਼ਨ ਦਾ ਜ਼ੋਰਦਾਰ ਵਿਰੋਧ ਕਰਦੀ ਹੈ।

Leave a Reply

Your email address will not be published. Required fields are marked *