ਚਾਉਕੇ -ਰਾਮਪੁਰਾ, ਗੁਰਦਾਸਪੁਰ 28 ਦਸੰਬਰ ( ਸਰਬਜੀਤ ਸਿੰਘ)– ਅੱਜ ਇੱਥੋਂ ਨੇੜਲੇ ਪਿੰਡ ਖੋਖਰ ਅਤੇ ਸੂਚ ਵਿਖੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੀ ਅਗਵਾਈ ਹੇਠ ਮਨਰੇਗਾ ਮਜ਼ਦੂਰਾਂ ਦੀ ਭਰਵੀਂਆਂ ਮੀਟਿੰਗਾਂ ਕੀਤੀਆਂ ਗਈਆਂ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਗਨਰੇਗਾ ਕਾਨੂੰਨ ਖ਼ਤਮ ਕਰਕੇ ‘ਵਿਕਸਿਤ ਭਾਰਤ ਜੀ ਰਾਮ ਜੀ’ ਦੇ ਨਾਮ ਹੇਠ ਨਵਾਂ ਕਾਨੂੰਨ ਬਨਾਉਣ ਦੇ ਖ਼ਿਲਾਫ਼ ਮਜ਼ਦੂਰਾਂ ਨੇ ਜੰਮਕੇ ਨਾਹਰੇਬਾਜੀ ਕੀਤੀ ਅਤੇ ਪਿੰਡ ਦੇ ਬੱਸ ਸਟੈਂਡ ਤੇ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਸੂਬਾਈ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਨੇ ਕਿਹਾ ਕਿ ਜਦੋਂ ਦੀ ਕੇਂਦਰ ਵਿੱਚ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ, ਮਗਨਰੇਗਾ ਦਾ ਕਾਨੂੰਨ ਖ਼ਤਮ ਕਰਨ ਲਈ ਬਾਰ ਬਾਰ ਕੋਸ਼ਿਸ਼ਾਂ ਕਰਦੀ ਆ ਰਹੀ ਹੈ। ਪਿਛਲੇ ਪੰਜ ਸਾਲ ਤੋਂ ਲਗਾਤਾਰ ਮਨਰੇਗਾ ਦਾ ਬਜ਼ਟ ਘਟਾਇਆ ਜਾ ਰਿਹਾ ਹੈ। ਹੁਣ ਤੱਕ ਪੰਜਾਬ ਵਿੱਚ ਕਰੀਬ ਨੌਂ ਲੱਖ ਕਾਰਡ ਕੱਟੇ ਗਏ ਹਨ। ਕੇਂਦਰ ਸਰਕਾਰ ਨੇ ‘ਵਿਕਸਤ ਭਾਰਤ ਜੀ ਰਾਮ ਜੀ -2025’ ਨਵਾਂ ਕਾਨੂੰਨ ਬਣਾਕੇ , ਬਜ਼ਟ ਵਿੱਚੋਂ 60: 40 ਦਾ ਹਿਸਾਬ ਨਾਲ ਸੂਬਾ ਸਰਕਾਰਾਂ ਉੱਤੇ ਵੱਡਾ ਬੋਝ ਲੱਦ ਦਿੱਤਾ ਹੈ। ਪੰਜਾਬ ਸਰਕਾਰ ਪਹਿਲਾਂ ਹੀ ਚਾਰ ਲੱਖ ਕਰੋੜ ਰੁਪਏ ਦੀ ਕਰਜਈ ਹੋ ਚੁੱਕੀ ਹੈ, ਉਹ ਚਾਲੀ ਫ਼ੀਸਦੀ ਹਿੱਸਾ ਕਿੱਥੋਂ ਪਾਵੇਗੀ। ਜਦੋਂ ਕਿ ਜੀ ਐਸ ਟੀ ਲਾਗੂ ਹੋਣ ਤੋਂ ਬਾਅਦ ਸੂਬਾ ਸਰਕਾਰ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ। ਆਗੂਆਂ ਨੇ ਕਿਹਾ ਕਿ ਮਨਰੇਗਾ ਦਾ ਕਾਨੂੰਨ ਬਚਾਉਣ ਵੱਡੇ ਪੱਧਰ ‘ਤੇ ਸੰਘਰਸ਼ ਕਰਨ ਦੀ ਲੋੜ ਹੈ। ਆਗੂਆਂ ਨੇ ਮੰਗ ਕੀਤੀ ਕਿ ਮਜ਼ਦੂਰਾਂ ਨੂੰ 200 ਦਿਨ ਕੰਮ,700 ਰੁਪਏ ਅਤੇ ਪ੍ਰੀਵਾਰ ਦੇ ਦੋ ਮੈਂਬਰਾਂ ਨੂੰ ਰੁਜ਼ਗਾਰ ਦੀ ਗਰੰਟੀ ਕੀਤੀ ਜਾਵੇ। ਕੇਂਦਰ ਸਰਕਾਰ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ 2 ਜਨਵਰੀ ਨੂੰ ਰਾਮਪੁਰਾ ਬਲਾਕ ਵਿਖੇ ਮਜ਼ਦੂਰਾਂ ਦਾ ਵੱਡਾ ਇਕੱਠ ਕੀਤਾ ਜਾਵੇਗਾ।


