ਬਰਨਾਲਾ , ਗੁਰਦਾਸਪੁਰ, 28 ਸਤੰਬਰ (ਸਰਬਜੀਤ ਸਿੰਘ)– ਇੱਥੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੰਘੀ ਮਨੂੰਵਾਦੀ ਫਾਸ਼ੀਵਾਦ ਵਿਰੋਧੀ ਸਾਂਝੇ ਫ਼ੋਰਮ ਦੀ ਅਗਵਾਈ ਹੇਠ ਮਨੂੰਵਾਦੀ ਫਾਸ਼ੀਵਾਦ ਦੇ ਖ਼ਿਲਾਫ਼ ਕਨਵੈਨਸ਼ਨ ਸਫ਼ਲਤਾ ਪੂਰਵਕ ਸਮਾਪਤ ਹੋਈ। ਕਾਮਰੇਡ ਨਰਭਿੰਦਰ , ਲਾਭ ਅਕਲੀਆ, ਹਰਭਗਵਾਨ ਭੀਖੀ, ਬਿੱਕਰ ਸਿੰਘ ਔਲਖ, ਹਾਕਮ ਨੂਰ, ਵੀਰਪਾਲ ਕੌਰ ਬਰਨਾਲਾ, ਤਰਨਜੋਤ ਕੌਰ ਪੱਤੀ ਸੇਖਵਾਂ ਦੇ ਅਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਕਨਵੈਨਸ਼ਨ ਦੀ ਸ਼ੁਰੂਆਤ ਕੀਤੀ ਗਈ। ਅਜਮੇਰ ਸਿੰਘ ਅਕਲੀਆ ਦੇ ਇਨਕਲਾਬੀ ਗੀਤਾਂ ਨਾਲ ਸ਼ੁਰੂ ਕੀਤਾ ਗਿਆ। ਮੁੱਖ ਬੁਲਾਰੇ ਵਜੋਂ ਕਾਮਰੇਡ ਨਰਭਿੰਦਰ ਸੂਬਾਈ ਆਗੂ ਜਮਹੂਰੀ ਅਧਿਕਾਰ ਸਭਾ ਅਤੇ ਕਾਮਰੇਡ ਲਾਭ ਸਿੰਘ ਅਕਲੀਆ ਸੂਬਾ ਸਕੱਤਰ ਸੀਪੀਆਈ (ਐਮ ਐਲ) ਰੈੱਡ ਸਟਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿੱਚ ਭਾਜਪਾ/ਆਰ ਐਸ ਐਸ ਦੀ ਅਗਵਾਈ ਹੇਠ ਸੰਘੀ ਮਨੂੰਵਾਦੀ ਫਾਸ਼ੀਵਾਦੀ ਤਾਕਤਾਂ ਵੱਲੋਂ ਘੱਟ ਗਿਣਤੀਆਂ ਅਤੇ ਦਲਿਤਾਂ ਦੇ ਖ਼ਿਲਾਫ਼ ਨਫ਼ਰਤ ਭਰੀ ਰਾਜਨੀਤੀ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਆਰ ਐਸ ਐਸ ਦੀ ਸੌ ਸਾਲਾ ਵਰ੍ਹੇਗੰਢ ਮੌਕੇ ਇਹਨਾਂ ਫਾਸ਼ੀਵਾਦੀ ਤਾਕਤਾਂ ਵੱਲੋਂ ਦੇਸ਼ ਨੂੰ ਵੰਡਣ ਦੀਆਂ ਬਾਰ ਬਾਰ ਕੋਸ਼ਿਸ਼ਾਂ ਹੋ ਰਹੀਆਂ ਹਨ ਅਤੇ ਲਗਾਤਾਰ ਮੁਸਲਿਮਫੋਬੀਆ ਖੜ੍ਹਾ ਕਰਕੇ ਮੁਸਲਮਾਨਾਂ ਦੇ ਖ਼ਿਲਾਫ਼ ਜ਼ਹਿਰੀਲਾ ਫਿਰਕੂ ਮਹੌਲ ਬਣਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਆਰ ਐਸ ਐਸ ਦੇਸ਼ ਦੀ ਵੱਡੀ ਕਾਰਪੋਰੇਟ ਪੁੰਜੀ ਨਾਲ ਮਿਲਕੇ ਹਰ ਖੇਤਰ ਵਿੱਚ ਵੱਡੇ ਪੱਧਰ ‘ਤੇ ਕਿਰਤ ਦੀ ਲੁੱਟ ਤਿੱਖੀ ਕੀਤੀ ਜਾ ਰਹੀ ਹੈ। ਦੇਸ਼ ਦੀ ਸੰਪਤੀ ਅਤੇ ਮਾਲ ਖਜ਼ਾਨਿਆਂ ਨੂੰ ਅੰਬਾਨੀ – ਅਡਾਨੀ ਵਰਗੇ ਮਹਾਂ ਭ੍ਰਿਸ਼ਟ ਅਮੀਰਾਂ ਨੂੰ ਕੌਡੀਆਂ ਦੇ ਭਾਅ ਲੁਟਾਇਆ ਜਾ ਰਿਹਾ ਹੈ। ਸਿੱਖਿਆ ਦਾ ਨਿੱਜੀਕਰਣ ਹੋ ਗਿਆ ਹੈ , ਸੈਨਾ, ਨਿਆਂ ਪਾਲਿਕਾ ਅਤੇ ਸੰਘੀ ਢਾਂਚੇ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਆਰ ਐਸ ਐਸ/ ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਦਾ ਇਕੱਠੇ ਹੋਕੇ ਮੁਹਾਵਰਾ ਨਾ ਕੀਤਾ ਗਿਆ, ਦੇਸ਼ ਵਿੱਚੋਂ ਦਲਿਤਾਂ, ਘੱਟ ਗਿਣਤੀਆਂ, ਵਿਰੋਧੀ ਵਿਗਿਆਨਕ ਵਿਚਾਰਾਂ ਅਤੇ ਔਰਤਾਂ ਨੂੰ ਵੱਡੀਆਂ ਮਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ। ਕਨਵੈਨਸ਼ਨ ਵਿੱਚ ਆਗੂਆਂ ਵੱਲੋਂ “ਆਰ ਐਸ ਐਸ ਫਾਸ਼ੀਵਾਦ ਨੂੰ ਸਮਝਣਾ ਅਤੇ ਉਸਦਾ ਵਿਰੋਧ” ਇੱਕ ਹਿੰਦੀ ਕਿਤਾਬਚਾ ਜਾਰੀ ਕੀਤਾ ਗਿਆ। ਕਨਵੈਨਸ਼ਨ ਨੂੰ ਹੋਰਨਾਂ ਤੋਂ ਇਲਾਵਾ ਹਰਭਗਵਾਨ ਭੀਖੀ ਲਿਬਰੇਸ਼ਨ ਆਗੂ, ਹਾਕਮ ਸਿੰਘ ਨੂਰ ਅੰਬੇਦਕਰਵਾਦੀ ਚੇਤਨਾ ਮੰਚ, ਸਮਾਜ ਸੇਵੀ ਆਗੂ ਜੱਸੀ ਪੇਧਨੀ, ਬਿੱਕਰ ਸਿੰਘ ਔਲਖ ਜਮਹੂਰੀ ਅਧਿਕਾਰ ਸਭਾ, ਨਛੱਤਰ ਸਿੰਘ ਰਾਮਨਗਰ ਮਜ਼ਦੂਰ ਅਧਿਕਾਰ ਅੰਦੋਲਨ, ਭੀਮ ਭੂਪਾਲ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਡਾਕਟਰ ਗੁਰਤੇਜ ਖੀਵਾ ਨੇ ਨਿਭਾਈ।



