ਲਿਬਰੇਸ਼ਨ ਦੀ ਬੁਢਲਾਡਾ ਤਹਿਸੀਲ ਦੀ 13 ਮੈਂਬਰੀ ਕਮੇਟੀ ਦੀ ਚੋਣ ਕੀਤੀ
ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਦੇ ਵਿਚਾਰਾਂ ਨੂੰ ਪਿੰਡਾਂ ਦੀਆਂ ਸੱਥਾਂ ਤੱਕ ਤਹਿਸੀਲ ਕਮੇਟੀ ਲੈ ਕੇ ਜਾਵੇਗੀ÷ਤਹਿਸੀਲ ਸਕੱਤਰ ਲਖਵਿੰਦਰ ਚੱਕ ਅਲੀਸ਼ੇਰ
ਬੁਢਲਾਡਾ, ਗੁਰਦਾਸਪੁਰ, 14 ਮਾਰਚ (ਸਰਬਜੀਤ ਸਿੰਘ)—ਅੱਜ ਸੀ ਪੀ ਆਈ ਐੱਮ ਐੱਲ (ਲਿਬਰੇਸ਼ਨ) ਦੀ ਬੁਢਲਾਡਾ ਤਹਿਸੀਲ ਦਾ ਇਜਲਾਸ ਸਫਲਤਾ ਪੂਰਵਕ ਸੰਪੰਨ ਹੋਣ ਉਪਰੰਤ ਤਹਿਸੀਲ ਦੀ 13 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਤਹਿਸੀਲ ਦੇ ਸਕੱਤਰ ਲਖਵਿੰਦਰ ਸਿੰਘ ਚੱਕ ਅਲੀਸ਼ੇਰ,ਸਹਾਇਕ ਸਕੱਤਰ ਦਰਸ਼ਨ ਸਿੰਘ ਹਾਕਮਵਾਲਾ ਅਤੇ ਖਜ਼ਾਨਚੀ ਜੀਤ ਸਿੰਘ ਬੋਹਾ ਨੂੰ ਚੁਣਿਆ ਗਿਆ।
ਇਸ ਮੌਕੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ,ਜ਼ਿਲਾ ਸਕੱਤਰ ਗੁਰਮੀਤ ਨੰਦਗੜ੍ਹ ਅਤੇ ਬੁਢਲਾਡਾ ਤਹਿਸੀਲ ਦੇ ਸਕੱਤਰ ਲਖਵਿੰਦਰ ਸਿੰਘ ਚੱਕ ਅਲੀਸ਼ੇਰ ਨੇਂ ਕਿਹਾ ਕਿ ਲਿਬਰੇਸ਼ਨ ਦੀ ਬੁਢਲਾਡਾ ਤਹਿਸੀਲ ਦਾ ਇਜਲਾਸ ਉਸ ਸਮੇਂ ਹੋ ਰਿਹਾ ਹੈ ਜਦੋਂ ਪੂਰੇ ਸੰਸਾਰ ਦੀ ਸਰਮਾਏਦਾਰੀ ਕਿਰਤੀ ਲੋਕਾਂ ਦੀ ਅੰਨੀ ਲੁੱਟ ਕਰਨ ਦਾ ਰਸਤਾ ਅਖਤਿਆਰ ਕਰ ਚੁੱਕੀ ਹੈ ਅਤੇ ਸੰਸਾਰ ਵਿੱਚ ਫਿਰਕਾਪ੍ਰਸਤੀ ਦਾ ਮਾਹੌਲ ਪੈਦਾ ਕਰਦਿਆਂ ਸਮਾਜ ਨੂੰ ਬਰਬਾਦ ਕਰਨ ਲਈ ਪੱਬਾਂ ਭਾਰ ਹੋ ਰਹੀ ਹੈ। ਸਾਡੇ ਦੇਸ਼ ਦੀ ਮੋਦੀ ਸਰਕਾਰ ਵੀ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ ਨਵੇਂ ਕਿਰਤ ਕਾਨੂੰਨ ਲਾਗੂ ਕਰਦਿਆਂ,ਖੇਤੀ ਵਿਰੋਧੀ ਕਾਨੂੰਨ ਲਾਗੂ ਕਰਦਿਆਂ,ਸਿੱਖਿਆ ਅਤੇ ਰੁਜ਼ਗਾਰ ਦੇ ਖੇਤਰ ਨੂੰ ਤਬਾਹਕੁੰਨ ਨੀਤੀਆਂ ਲਾਗੂ ਕਰਦਿਆਂ ਅਮਰੀਕੀ ਸਾਮਰਾਜਵਾਦ ਦਾ ਪੱਖ ਪੂਰਦਿਆਂ ਸਰਮਾਏਦਾਰੀ ਦੇ ਹੱਥਾਂ ਦੀ ਕਠਪੁਤਲੀ ਬਣ ਰਹੀ ਹੈ ਅਤੇ ਦੇਸ਼ ਦੇ ਹਰ ਵਰਗ ਦੇ ਭਵਿੱਖ ਨੂੰ ਤਬਾਹ ਕਰ ਰਹੀ ਹੈ,ਅਜਿਹੇ ਦੌਰ ਵਿੱਚ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਹਰ ਵਰਗ ਲਾਮਬੰਦ ਕਰਨਾ ਸਮੇਂ ਦੀ ਮੁੱਖ ਲੋੜ ਹੈ। ਤਹਿਸੀਲ ਕਮੇਟੀ ਦਾ ਪੈਨਲ ਜ਼ਿਲਾ ਸਕੱਤਰ ਗੁਰਮੀਤ ਨੰਦਗੜ੍ਹ ਨੇਂ ਪੇਸ਼ ਕੀਤਾ ਅਤੇ ਇਨਕਲਾਬੀ ਨੌਜਵਾਨ ਸਭਾ ਦੇ ਸੂਬਾ ਆਗੂ ਹੈਪੀ ਮਾਨ ਨੇਂ ਵਿਦਿਆਰਥੀ-ਨੌਜਵਾਨਾਂ ਨੂੰ 23 ਮਾਰਚ ਨੂੰ ਸ਼ਹੀਦ ਬਾਬਾ ਬੂਝਾ ਸਿੰਘ ਯਾਦਗਾਰੀ ਭਵਨ ਮਾਨਸਾ ਵਿਖੇ ਕੀਤੀ ਜਾ ਰਹੀ ਕਨਵੈਨਸ਼ਨ ਵਿੱਚ ਪਹੁੰਚਣ ਦੀ ਅਪੀਲ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਜ਼ਿਲਾ ਕਮੇਟੀ ਮੈਂਬਰ ਕਾਮਰੇਡ ਬਲਵਿੰਦਰ ਘਰਾਗਣਾਂ ਨੇਂ ਬਾਖ਼ੂਬੀ ਨਿਭਾਈ। ਇਸ ਮੌਕੇ ਲਿਬਰੇਸ਼ਨ ਵੱਲੋਂ ਮੁਖਤਿਆਰ ਕੁਲਹਿਰੀ, ਭੋਲਾ ਸਿੰਘ ਗੁੁੜੱਦੀ,ਭੋਲਾ ਸਿੰਘ ਬਹਾਦਰਪੁਰ,ਤਰਸੇਮ ਸਿੰਘ ਬਹਾਦਰਪੁਰ,ਦਰਸ਼ਨ ਹਾਕਮ ਵਾਲਾ,ਦਰਸ਼ਨ ਮਘਾਣੀਆਂ,ਮਿਸਰਾ ਸਿੰਘ ਬੁਢਲਾਡਾ,ਜੁੰਮਾ ਸਿੰਘ ਬੁਢਲਾਡਾ,ਭੋਲਾ ਸਿੰਘ ਅੜਕਵਾਸ,ਦਰਸ਼ਨ ਦਾਨੇਵਾਲਾ,ਗੁਰਸੇਵਕ ਮਾਨ,ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਰਾਮਫਲ ਸਿੰਘ ਚੱਕ ਅਲੀਸ਼ੇਰ, ਜ਼ਿਲਾ ਆਗੂ ਗੁਰਤੇਜ ਸਿੰਘ ਬਾਰੇ ਅਤੇ ਆਇਸਾ ਦੇ ਸੂਬਾ ਆਗੂ ਸੁਖਜੀਤ ਸਿੰਘ ਰਾਮਾਨੰਦੀ ਨੇਂ ਵੀ ਸੰਬੋਧਨ ਕੀਤਾ।


