23 ਮਾਰਚ ਨੂੰ ਸ਼ਹੀਦ ਬਾਬਾ ਬੂਝਾ ਸਿੰਘ ਯਾਦਗਾਰੀ ਭਵਨ ਮਾਨਸਾ ਵਿੱਚ ਹੋ ਰਹੀ ਵਿਦਿਆਰਥੀ-ਨੌਜਵਾਨ ਕਨਵੈਂਸ਼ਨ ਵਿੱਚ ਸ਼ਾਮਿਲ ਹੋਵੋ
ਬੁਢਲਾਡਾ, ਗੁਰਦਾਸਪੁਰ, 6 ਮਾਰਚ (ਸਰਬਜੀਤ ਸਿੰਘ)— 23 ਮਾਰਚ 2026 ਸ਼ਹੀਦ-ਏ-ਆਜ਼ਮ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਕਰਵਾਈ ਜਾ ਰਹੀ ਵਿਦਿਆਰਥੀ-ਨੌਜਵਾਨ ਕਨਵੈਂਸ਼ਨ ਦੀ ਤਿਆਰੀ ਵਜੋਂ ਸਰਕਾਰੀ ਆਈ ਟੀ ਆਈ ਬੁਢਲਾਡਾ ਅਤੇ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਅਤੇ ਇਨਕਲਾਬੀ ਨੌਜਵਾਨ ਸਭਾ ਪੰਜਾਬ ਵੱਲੋਂ ਮੀਟਿੰਗ ਕਰਵਾਈ ਗਈ।
ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਆਇਸਾ ਦੇ ਸੂਬਾ ਆਗੂ ਸੁਖਜੀਤ ਰਾਮਾਨੰਦੀ ਅਤੇ ਜ਼ਿਲਾ ਆਗੂ ਦੀਪਕ ਗੋਇਲ ਮਾਨਸਾ ਅਤੇ ਇਨਕਲਾਬੀ ਨੌਜਵਾਨ ਸਭਾ ਦੇ ਹੈਪੀ ਮਾਨ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਕਾਰਪੋਰੇਟ ਘਰਾਣਿਆਂ ਵੱਲੋਂ ਲਿਆਂਦੀਆਂ ਜਾ ਰਹੀਆਂ ਜਨ-ਵਿਰੋਧੀ ਨੀਤੀਆਂ ਦੇ ਕਰਕੇ ਰੁਜ਼ਗਾਰ ਦਾ ਸੰਕਟ ਪੈਦਾ ਹੋਣ ਕਾਰਨ ਪੰਜਾਬ ਅਤੇ ਦੇਸ਼ ਦੀ ਜਵਾਨੀ ਨਸ਼ਾਖੋਰੀ ਅਤੇ ਗੈਂਗਸਟਰਵਾਦ ਦੇ ਰਸਤੇ ਵੱਲ ਜਾ ਰਹੀ ਹੈ ਅਤੇ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਨੂੰ ਪ੍ਰਵਾਸ ਕਰ ਰਹੀ ਹੈ। ਆਗੂਆਂ ਕਿਹਾ ਕਿ ਨਵੀਂ ਸਿੱਖਿਆ ਨੀਤੀ 2020 ਜਿੱਥੇ ਸਿੱਖਿਆ ਦੇ ਨਿੱਜੀਕਰਨ,ਵਪਾਰੀ ਕਰਨ ਅਤੇ ਉਦਾਰੀਕਰਨ ਨੂੰ ਉਤਸ਼ਾਹਿਤ ਕਰ ਰਹੀ ਹੈ ਉੱਥੇ ਨਾਲ ਹੀ ਕੇਂਦਰ ਦੀ ਸਰਕਾਰ ਨੂੰ ਵੀ ਦੇਸ਼ ਦੇ ਵਿਦਿਆਰਥੀ ਵਰਗ ਨੂੰ ਸਿੱਖਿਆ ਦੇਣ ਦੀ ਜਿੰਮੇਵਾਰੀ ਤੋਂ ਮੁਕਤ ਕਰਦਿਆਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਵਿੱਚੋਂ ਬਾਹਰ ਕਰ ਰਹੀ ਹੈ। ਆਗੂਆਂ ਨੇਂ 18 ਸਾਲ ਤੋਂ ਉੱਪਰ ਦੇ ਹਰੇਕ ਨਾਗਰਿਕ ਲਈ ਰੁਜ਼ਗਾਰ ਦੀ ਗਰੰਟੀ ਲਈ ਰੁਜ਼ਗਾਰ ਅਧਿਕਾਰ ਗਰੰਟੀ ਐਕਟ ਬਣਾਏ ਜਾਣ,ਕੰਮ ਦੇ ਘੰਟੇ 8 ਤੋਂ ਘਟਾ ਕੇ 6 ਕੀਤੇ ਜਾਣ,ਜਨਤਕ ਅਦਾਰਿਆਂ ਵਿੱਚ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ,ਮੁਫਤਖੋਰੀ ਅਤੇ ਨਸ਼ਾਖੋਰੀ ਨੂੰ ਬੰਦ ਕੀਤੇ ਜਾਣ,ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕਰਕੇ ਸੂਬਿਆਂ ਨੂੰ ਸਿੱਖਿਆ ਨੀਤੀ ਬਣਾਏ ਜਾਣ ਦਾ ਅਧਿਕਾਰ ਦਿੱਤਾ ਜਾਵੇ,ਸਾਰਿਆਂ ਲਈ ਮੁਫਤ ਤੇ ਇੱਕ ਸਮਾਨ ਸਿੱਖਿਆ ਲਾਜ਼ਮੀ ਹੋਣ ਦੇ ਸਵਾਲ ਨੂੰ ਉਭਾਰੇ ਜਾਣ ਦੇ ਮਕਸਦ ਨਾਲ 23 ਮਾਰਚ 2026 ਨੂੰ ਸ਼ਹੀਦ ਬਾਬਾ ਬੂਝਾ ਸਿੰਘ ਯਾਦਗਾਰੀ ਭਵਨ ਮਾਨਸਾ ਵਿਖੇ ਕੀਤੀ ਜਾ ਰਹੀ ਕਨਵੈਂਸ਼ਨ ਵਿੱਚ ਸ਼ਾਮਿਲ ਹੋਣ ਲਈ ਵਿਦਿਆਰਥੀ-ਨੌਜਵਾਨਾਂ ਅਤੇ ਸਿੱਖਿਆ ਦੇ ਖੇਤਰ ਨਾਲ ਜੁੜੇ ਹੋਏ ਹਰ ਸੁਹਿਰਦ ਇਨਸਾਨ ਨੂੰ ਅਪੀਲ ਵੀ ਕੀਤੀ। ਇਸ ਮੌਕੇ ਹਰਦੀਪ ਸਿੰਘ,ਨਵਜੋਤ ਸਿੰਘ,ਗੁਰਸੇਵਕ ਸਿੰਘ,ਸਹਿਜਦੀਪ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਵਿਦਿਆਰਥੀ ਹਾਜ਼ਰ ਸਨ।



