ਸੋਨੀ ਨੂੰ ਪਾਰਟੀ ਦੀਆਂ ਗਤੀਵਿਧੀਆ ਖਿਲਾਫ ਚੱਲਣ ਕਰਕੇ ਕੀਤਾ ਬਰਖਾਸਤ-ਯੋਗਰਾਜ ਸ਼ਰਮਾ
ਗੁਰਦਾਸਪੁਰ, 16 ਨਵੰਬਰ (ਸਰਬਜੀਤ ਸਿੰਘ)-ਗੁਰਦਾਸਪੁਰ ਦੇ ਸ਼ਿਵਸੈਨਾ ਆਗੂ ਹਰਵਿੰਦਰ ਸੋਨੀ ਵੱਲੋਂ ਸਿੱਖਾਂ ਖਿਲਾਫ ਕੀਤੀ ਗਈ ਟਿੱਪਣੀ ਦੇ ਵਿਰੋਧ ਵਿੱਚ ਸਿੱਖ ਜੱਥੇਬੰਦੀਆਂ ਵੱਲੋਂ ਐਸ.ਐਸ.ਪੀ ਗੁਰਦਾਸਪੁਰ ਦਫਤਰ ਦਾ ਘਿਰਾਉ ਕਰਦੇ ਹੋਏ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ | ਠੰਡ ਦੇ ਬਾਵਜੂਦ ਸਿੱਖ ਜੱਥੇਬੰਦੀਆਂ ਵੱਲੋਂ ਆਪਣੀ ਮੰਗ ਨੂੰ ਲੈ ਕੇ ਪੂਰੀ ਰਾਤ ਦਫਤਰ ਦੇ ਬਾਹਰ ਗੱਦੇ ਬਿਸਤਰੇ ਵਛਾ ਕੇ ਧਰਨਾ ਦਿੱਤਾ ਗਿਆ, ਜੋ ਕਿ ਅਜੇ ਤੱਕ ਬਰਕਰਾਰ ਹੈ | ਭਾਵੇਂ ਸਿੱਖ ਜੱਥੇਬੰਦੀਆਂ ਨੂੰ ਐਸ.ਐਸ.ਪੀ ਗੁਰਦਾਸਪੁਰ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਜਲਦ ਕਾਰਵਾਈ ਕੀਤੀ ਜਾਵੇਗੀ | ਪਰ ਸਿੱਖ ਜੱਥੇਬੰਦੀਆਂ ਇਸ ਗੱਲ ‘ਤੇ ਬਜਿੱਦ ਹਨ ਕਿ ਜਦੋਂ ਤੱਕ ਇਸਦੇ ਖਿਲਾਫ ਮਾਮਲਾ ਦਰਜ ਨਹੀਂ ਹੁੰਦਾ, ਉਦੋ ਤੱਕ ਉਨ੍ਹਾਂ ਦਾ ਧਰਨਾ ਨਿਰੰਤਰ ਜਾਰੀ ਰਹੇਗਾ | ਜੇਕਰ ਲੋੜ ਪਈ ਤਾਂ ਭਾਈ ਅੰਮਿ੍ਤਪਾਲ ਸਿੰਘ ਤੇ ਹੋਰ ਸਿੱਖ ਜੱਥੇਬੰਦੀਆਂ ਇਸ ਧਰਨੇ ਵਿੱਚ ਸ਼ਮੂਲੀਅਤ ਕਰਨਗੀਆ |

ਉਧਰ ਭਾਵੇਂ ਹਰਵਿੰਦਰ ਸੋਨੀ ਨੇ ਆਪਣੇ ਬਿਆਨ ਨੂੰ ਲੈ ਕੇ ਮੁਆਫੀ ਵੀ ਮੰਗ ਲਈ ਗਈ ਹੈ, ਪਰ ਸਿੱਖ ਜੱਥੇਬੰਦੀਆਂ ਦਾ ਇਹ ਕਹਿਣਾ ਹੈ ਕਿ ਸੋਨੀ ਨੇ ਮੁਆਫੀ ਨਹੀਂ ਮੰਗੀ | ਮੁਆਫੀ ਤਾਂ ਉਸ ਨੂੰ ਕਹਿੰਦੇ ਹਨ ਜਿਸਦੀ ਭੁੱਲ ਹੋ ਗਈ ਹੋ | ਇਹ ਲਫਜ਼ ਉਸਨੇ ਜਾਣ ਬੁੱਝ ਕੇ ਸਿੱਖ ਕੌਮ ਅਤੇ ਸ੍ਰੀ ਦਰਬਾਰ ਸਾਹਿਬ ਉਤੇ ਟਿੱਪਣੀ ਕੀਤੀ ਹੈ, ਨਾ-ਕਾਬਿਲੇ ਬਰਦਾਸ਼ਤ ਹੈ | ਇਸ ਮੌਕੇ ਲਵਪ੍ਰੀਤ ਸਿੰਘ ਤੂਫਾਨ, ਮਨਦੀਪ ਸਿੰਘ ਨਿਹੰਗ ਆਦਿ ਹਾਜਰ ਸਨ |
ਉਧਰ ਸ਼ਿਵਸੈਨਾ ਦੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ ਵੱਲੋਂ ਜਾਰੀ ਕੀਤੇ ਗਏ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਪਾਰਟੀ ਦੀਆਂ ਗਤੀਵਿਧੀਆਂ ਦੇ ਖਿਲਾਫ ਚੱਲਣ ਕਰਕੇ ਹਰਵਿੰਦਰ ਸੋਨੀ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ | ਜਦੋਂ ਉਨ੍ਹਾਂ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਰਵਿੰਦਰ ਸੋਨੀ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਖਾਰਜ ਕਰ ਦਿੱਤਾ ਗਿਆ ਹੈ | ਇਸਦਾ ਸ਼ਿਵਸੈਨਾ ਪਾਰਟੀ ਨਾਲ ਹੁਣ ਕੋਈ ਸਬੰਧ ਨਹੀਂ ਰਿਹਾ |


