ਗੁਰਦਾਸਪੁਰ, 25 ਦਸੰਬਰ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਵਾਸੀਆਂ, ਖਾਸ ਕਰਕੇ ਈਸਾਈ ਭਾਈਚਾਰੇ ਨੂੰ ਕ੍ਰਿਸਮਿਸ ਦੇ ਸ਼ੁਭ ਦਿਹਾੜੇ ਦੀ ਵਧਾਈ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਆਪਣੇ ਵਧਾਈ ਸੰਦੇਸ਼ ਵਿੱਚ ਕਿਹਾ ਹੈ ਕਿ “ਕ੍ਰਿਸਮਿਸ ਜੋ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੇ ਤੌਰ ’ਤੇ ਮਨਾਇਆ ਜਾਂਦਾ ਹੈ, ਇਸ ਦਿਹਾੜੇ ਨੂੰ ਦੁਨੀਆ ਭਰ ਵਿੱਚ ਸਿਰਫ ਈਸਾਈ ਭਾਈਚਾਰੇ ਦੇ ਲੋਕਾਂ ਵੱਲੋਂ ਹੀ ਨਹੀਂ, ਸਗੋਂ ਹਰ ਵਰਗ ਦੇ ਲੋਕਾਂ ਵੱਲੋਂ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।” ਉਨ੍ਹਾਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ਸਾਨੂੰ ਸ਼ਾਂਤੀ, ਪਿਆਰ, ਏਕਤਾ, ਦਇਆ ਅਤੇ ਮਿਲਵਰਤਣ ਦਾ ਸੰਦੇਸ਼ ਦਿੰਦੀਆਂ ਹਨ ਜਿਨ੍ਹਾਂ ਦੀ ਮੌਜੂਦਾ ਸੰਦਰਭ ਵਿੱਚ ਵੀ ਉਨ੍ਹਾਂ ਹੀ ਸਾਰਥਕਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੌਕੇ ਸਾਨੂੰ ਫਿਰਕੂ ਸਦਭਾਵਨਾ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਪੀਡੀਆਂ ਕਰਨ ਦੇ ਨਾਲ-ਨਾਲ ਲੋਕਾਂ ਨੂੰ ਇਕ ਆਦਰਸ਼ ਸਮਾਜ ਦੇ ਸਿਰਜਣਾ ਲਈ ਮਨੁੱਖਤਾ ਦੀ ਸੇਵਾ ਵਿੱਚ ਸਮਰਪਿਤ ਹੋਣ ਲਈ ਵੀ ਪ੍ਰੇਰਿਤ ਕਰਦੇ ਹਨ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਇਸ ਤਿਉਹਾਰ ਨੂੰ ਰਲ ਮਿਲ ਕੇ ਰਵਾਇਤੀ ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਜਾਵੇ ਤਾਂ ਜੋ ਸਮਾਜ ਵਿੱਚ ਸਾਂਝੀਵਾਲਤਾ ਰਾਹੀਂ ‘ਅਨੇਕਤਾ ਵਿੱਚ ਏਕਤਾ’ ਦੇ ਸਿਧਾਂਤ ਨੂੰ ਉਜਾਗਰ ਕੀਤਾ ਸਕੇ।


