ਗੁਰਦਾਸਪੁਰ, 4 ਨਵੰਬਰ (ਸਰਬਜੀਤ ਸਿੰਘ) – ਸੀਨੀਅਰ ਸੁਪਰਡੰਟ ਆਫ ਪੁਲਸ ਗੁਰਦਾਸਪੁਰ ਦੀਪਕ ਹਿਲੋਰੀ ਦੇ ਦਿਸਾ-ਨਿਰਦੇਸਾਂ ‘ਤੇ ਨਸਿਆਂ ਵਿਰੁੱਧ ਚਲਾਈ ਜਾ ਰਹੀ ਜੰਗ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਨਾਰਕੋਟਿਕ ਸੈਲ ਦੇ ਇੰਚਾਰਜ਼ ਡਿਪਟੀ ਸੁਪਰਡੰਟ ਪੁਲਸ ਸੁਖਪਾਲ ਸਿੰਘ ਨੇ ਨਾਵਾ ਸੇਵਾ ਪੋਰਟ ਮੁੰਬਈ ਤੋਂ 72.5 ਕਿਲੋ ਹੈਰੋਇਨ ਦੀ ਬਰਾਮਦਗੀ ਦੇ ਮਾਮਲੇ ਵਿੱਚ ਲੋੜੀਂਦੇ ਤਿੰਨ ਵੱਡੇ ਨਸਾ ਤਸਕਰਾਂ ਨੂੰ ਗੁਰਦਾਸਪੁਰ ਤੋਂ ਗਿ੍ਰਫ਼ਤਾਰ ਕੀਤਾ ਹੈ। ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮਿ੍ਰਤਸਰ ਦੇ ਪਿੰਡ ਪੰਡੋਰੀ ਦੇ ਵਾਸੀ ਗੁਰਵਿੰਦਰ ਸਿੰਘ ਉਰਫ ਮਹਿਕ (27), ਤਰਨਤਾਰਨ ਦੇ ਪਿੰਡ ਭਿੱਖੀਵਿੰਡ ਦੇ ਵਾਸੀ ਗੁਰਸੇਵਕ ਸਿੰਘ ਉਰਫ ਸੇਵਕ (25) ਅਤੇ ਅੰਮਿ੍ਰਤਸਰ ਦੇ ਪਿੰਡ ਮਾਹਵਾ ਦੇ ਵਾਸੀ ਮਨਜੀਤ ਸਿੰਘ ਉਰਫ ਸੋਨੀ (34) ਵਜੋਂ ਹੋਈ ਹੈ। ਗਿ੍ਰਫਤਾਰ ਕੀਤੇ ਗਏ ਤਿੰਨੋਂ ਵਿਅਕਤੀ ਪੰਜਾਬ ਵਿੱਚ ਸਰਹੱਦ ਪਾਰੋਂ ਅਤੇ ਅੰਤਰ-ਰਾਜੀ ਨਸਾ ਤਸਕਰੀ ਵਿੱਚ ਸਰਗਰਮੀ ਨਾਲ ਸਾਮਲ ਸਨ।
ਉਪ ਪੁਲਸ ਕਪਤਾਨ ਸੁਖਪਾਲ ਸਿੰਘ ਨੇ ਜੋਸ਼ ਨਿਊਜ਼ ਨੂੰ ਦੱਸਿਆ ਕਿ ਭਰੋਸੇਯੋਗ ਤੋਂ ਮਿਲੀ ਜਾਣਕਾਰੀ ਮਿਲੀ ਸੀ ਕਿ ਗੁਰਦਾਸਪੁਰ ਦੇ ਧਾਰੀਵਾਲ ਖੇਤਰ ਵਿੱਚ ਅੰਮਿ੍ਰਤਸਰ-ਜੰਮੂ ਹਾਈਵੇਅ ‘ਤੇ ਇੱਕ ਐਸਯੂਵੀ ਮਹਿੰਦਰਾ ਥਾਰ (ਪੀਬੀ 46 ਏਐਚ 0003) ’ਤੇ ਸਵਾਰ ਹੋ ਕੇ 3 ਮੁਲਜਮ ਆ ਰਹੇ ਹਨ। ਜਾਣਕਾਰੀ ਮਿਲਣ ਤੋਂ ਬਾਅਦ ਨਾਕਾਬੰਦੀ ਕਰਕੇ ਚੈਕਿੰਗ ਅਭਿਆਨ ਤੇਜ ਕਰ ਦਿੱਤਾ ਗਿਆ। ਇਸੇ ਦੌਰਾਨ ਉਕਤ ਮਹਿੰਦਰਾ ਥਾਰ ਆਉਦੀ ਦਿਖਾਈ ਦਿੱਤੀ। ਜਿਸ ਨੂੰ ਰੋਕਿਆ ਗਿਆ। ਟੀਮ ਵੱਲੋਂ ਗੱਡੀ ਦੀ ਤਲਾਸੀ ਦੌਰਾਨ ਇੱਕ ਰਿਵਾਲਵਰ ਸਮੇਤ 9 ਐਮਐਮ ਦੇ 6 ਜਿੰਦਾ ਕਾਰਤੂਸ ਅਤੇ .32 ਬੋਰ ਦੇ 6 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਉਨਾ ਦੱਸਿਆ ਕਿ ਇਸ ਤੋਂ ਪਹਿਲਾਂ ਮੁੰਬਈ ਏਟੀਐਸ ਨੇ ਖੇਪ ਮੰਗਵਾਉਣ ਵਾਲੇ ਮੁਲਜਮ ਹਰਸਿਮਰਨ ਸੇਠੀ ਅਤੇ ਉਸ ਦੇ ਸਹਾਇਕ ਮਹਿੰਦਰ ਸਿੰਘ ਰਾਠੌਰ, ਜੋ ਕਲੀਅਰਿੰਗ ਏਜੰਟ ਵਜੋਂ ਕੰਮ ਕਰ ਰਿਹਾ ਸੀ, ਨੂੰ ਦਿੱਲੀ ਤੋਂ ਗਿ੍ਰਫਤਾਰ ਕੀਤਾ ਸੀ।
ਉਨਾਂ ਦੱਸਿਆ ਕਿ ਜਾਂਚ ਦੌਰਾਨ, ਮੁੰਬਈ ਏਟੀਐਸ ਨੇ ਇਨਾਂ ਤਿੰਨੋਂ ਗਿ੍ਰਫਤਾਰ ਵਿਅਕਤੀਆਂ ਗੁਰਵਿੰਦਰ ਸਿੰਘ, ਗੁਰਸੇਵਕ ਸਿੰਘ ਅਤੇ ਮਨਜੀਤ ਸਿੰਘ ਨੂੰ ਨਾਮਜਦ ਕੀਤਾ, ਜੋ ਕਿ ਕੰਟੇਨਰ ਦੇ ਪ੍ਰਾਪਤਕਰਤਾ ਸਨ ਅਤੇ ਉਹ ਇਸ ਸਬੰਧ ਵਿੱਚ ਦਿੱਲੀ ਵੀ ਗਏ ਸਨ।
ਉਨਾਂ ਦੱਸਿਆ ਕਿ ਮੁਲਜਮ ਗੁਰਵਿੰਦਰ ਸਿੰਘ ਅਤੇ ਮਨਜੀਤ ਸਿੰਘ ਇਰਾਦਾ ਕਤਲ ਦੀ ਕੋਸ਼ਿਸ਼ ਦੇ ਕੇਸ ਵਿੱਚ ਅੰਮਿ੍ਰਤਸਰ ਦਿਹਾਤੀ ਪੁਲੀਸ ਨੂੰ ਵੀ ਲੋੜੀਂਦੇ ਹਨ, ਜਿਸ ਵਿੱਚ ਉਨਾਂ ਨੇ ਅਕਤੂਬਰ 2020 ਵਿੱਚ ਜ਼ਿਲਾ ਅੰਮਿ੍ਰਤਸਰ ਦਿਹਾਤੀ ਦੀ ਪੁਲੀਸ ਪਾਰਟੀ ’ਤੇ ਗੋਲੀਬਾਰੀ ਕੀਤੀ ਸੀ। ਉਨਾਂ ਦੱਸਿਆ ਕਿ ਭਾਰਤੀ ਦੰਡਾਵਲੀ ਨਿਯਮ (ਆਈਪੀਸੀ) ਦੀਆਂ ਧਾਰਾਵਾਂ 307, 353, 186 ਅਤੇ 34 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਅੰਮਿ੍ਰਤਸਰ ਦੇ ਥਾਣਾ ਲੋਪੋਕੇ ਵਿਖੇ ਇਸ ਸਬੰਧੀ ਪਹਿਲਾਂ ਹੀ ਕੇਸ ਦਰਜ ਹੈ। ਉਨਾਂ ਕਿਹਾ ਕਿ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਨਸਾ ਤਸਕਰੀ ਦੇ ਇਸ ਨੈੱਟਵਰਕ ਦਾ ਪਰਦਾਫਾਸ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ। ਦੱਸਣਯੋਗ ਹੈ ਕਿ ਧਾਰਾ 25/27/54/59 ਤਹਿਤ ਐਫ.ਆਈ.ਆਰ. ਨੰ. 149 ਮਿਤੀ 2/11/2022 ਨੂੰ ਥਾਣਾ ਧਾਰੀਵਾਲ ਗੁਰਦਾਸਪੁਰ ਵਿਖੇ ਤਾਜ਼ਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮੌਕੇ ਸੀ.ਆਈ.ਏ ਸਟਾਫ ਦੇ ਇੰਚਾਰਜ਼ ਕਪਿਲ ਕੌਸ਼ਲ ਵੀ ਆਪਣੀ ਟੀਮ ਸਮੇਤ ਮੌਜੂਦ ਸਨ।



