ਸਾਬਕਾ ਆਈ.ਏ.ਐੱਸ. ਅਧਿਕਾਰੀ ਸ੍ਰੀ ਐੱਸ.ਕੇ. ਸੰਧੂ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ‘ਗੁੱਡ ਗਵਰਨੈਂਸ’ ਦੇ ਗੁਰ ਦੱਸੇ
ਜ਼ਿਲ੍ਹਾ ਪ੍ਰਸ਼ਾਸਨ ਜਨਤਾ ਨੂੰ ਗੁਡ ਗਵਰਨੈਂਸ ਦੇਣ ਲਈ ਵਚਨਬੱਧ – ਡਿਪਟੀ ਕਮਿਸ਼ਨਰ
ਗੁਰਦਾਸਪੁਰ, 24 ਦਸੰਬਰ (ਸਰਬਜੀਤ ਸਿੰਘ) – ਸੂਬੇ ਵਿੱਚ 25 ਦਸੰਬਰ ਤੱਕ ਮਨਾਏ ਜਾ ਰਹੇ ‘ਸੁਸਾਸ਼ਨ ਸਪਤਾਹ’ (ਗੁਡ ਗਵਰਨੈਂਸ ਵੀਕ) ਤਹਿਤ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਅੱਜ ਸਥਾਨਕ ਪੰਡਤ ਮੋਹਨ ਲਾਲ ਐੱਸ.ਡੀ. ਕਾਲਜ ਫਾਰ ਵਿਮੈਨ ਵਿਖੇ ਜ਼ਿਲ੍ਹਾ ਪੱਧਰੀ ਪ੍ਰਸਾਰ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਜ਼ਿਲ੍ਹਾ ਅਧਿਕਾਰੀਆਂ ਨੂੰ ਗੁਡ ਗਵਰਨੈਂਸ ਦੇ ਗੁਰ ਦੱਸਣ ਲਈ ਸਾਬਕਾ ਆਈ.ਏ.ਐੱਸ. ਅਧਿਕਾਰੀ ਸ੍ਰੀ ਐੱਸ.ਕੇ. ਸੰਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ੍ਰੀ ਐੱਸ.ਕੇ. ਸੰਧੂ ਸੰਨ 1998 ਤੋਂ 2000 ਤੱਕ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਰਹੇ ਹਨ ਅਤੇ ਇਸ ਤੋਂ ਬਾਅਦ ਉਨ੍ਹਾਂ ਪੰਜਾਬ ਸਰਕਾਰ ਵਿੱਚ ਕਈ ਉੱਚ ਅਹੁਦਿਆਂ ਉੱਪਰ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ।
ਇਸ ਵਰਕਸ਼ਾਪ ਦੌਰਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਨਿਧੀ ਕੁਮੁਦ, ਐੱਸ.ਡੀ.ਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ, ਸਹਾਇਕ ਕਮਿਸ਼ਨਰ ਡਾ. ਵਰੁਣ ਕੁਮਾਰ, ਤਹਿਸੀਲਦਾਰ ਜਗਤਾਰ ਸਿੰਘ, ਸਿਵਲ ਸਰਜਨ ਡਾ. ਕੁਲਵਿੰਦਰ ਕੌਰ, ਮੁੱਖ ਖੇਤੀਬਾੜੀ ਅਫ਼ਸਰ ਡਾ. ਕ੍ਰਿਪਾਲ ਸਿੰਘ ਢਿਲੋਂ, ਤਹਿਸੀਲਦਾਰ ਲਖਵਿੰਦਰ ਸਿੰਘ, ਐਕਸੀਅਨ ਬਲਦੇਵ ਸਿੰਘ, ਐਕਸੀਅਨ ਜਤਿੰਦਰ ਮੋਹਨ, ਡੀ.ਈ.ਓ. ਅਮਰਜੀਤ ਸਿੰਘ ਭਾਟੀਆ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਸੁਮਨਦੀਪ ਕੌਰ, ਪ੍ਰਿੰਸੀਪਲ ਸ੍ਰੀਮਤੀ ਨੀਰੂ ਸ਼ਰਮਾ, ਜ਼ਿਲ੍ਹਾ ਈ-ਏਵਾ ਕੁਆਰਡੀਨੇਟਰ ਅਮਰਿੰਦਰ ਸਿੰਘ, ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਸ੍ਰੀ ਰਾਜੀਵ ਸਿੰਘ ਤੋਂ ਇਲਾਵਾ ਹੋਰ ਜ਼ਿਲ੍ਹਾ ਅਧਿਕਾਰੀ ਵੀ ਹਾਜ਼ਰ ਸਨ।
ਗੁਡ ਗਵਰਨੈਂਸ ਬਾਰੇ ਗੱਲ ਕਰਦਿਆਂ ਮੁੱਖ ਮਹਿਮਾਨ ਸ੍ਰੀ ਐੱਸ.ਕੇ. ਸੰਧੂ ਨੇ ਕਿਹਾ ਕਿ ਬਤੌਰ ਸਰਕਾਰੀ ਅਧਿਕਾਰੀ ਸਾਡਾ ਇਹ ਇਖਲਾਕੀ ਫਰਜ ਬਣਦਾ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਲੋਕਾਂ ਨੂੰ ਬੇਹਤਰ ਪ੍ਰਸ਼ਾਸਨ ਮੁਹੱਈਆ ਕਰਾਈਏ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਹਰ ਲੋੜਵੰਦ ਤੱਕ ਬਿਨ੍ਹਾਂ ਕਿਸੇ ਭੇਦ-ਭਾਵ ਦੇ ਪਹੁੰਚਣਾ ਚਾਹੀਦਾ ਹੈ। ਸ੍ਰੀ ਸੰਧੂ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਸੇਵਾਵਾਂ ਲੈਣ ਆਉਣ ਵਾਲੇ ਹਰ ਵਿਅਕਤੀ ਨੂੰ ਮਾਣ-ਸਤਿਕਾਰ ਦੇਣਾ ਚਾਹੀਦਾ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਲੋਕਾਂ ਦਾ ਪੈਸਾ ਅਤੇ ਸਮਾ ਬਰਬਾਦ ਨਾ ਹੋਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਬੜੇ ਵਿਸਥਾਰ ਨਾਲ ਗੁੱਡ ਗਵਰਨੈਂਸ ਦੇਣ ਦਾ ਪਾਠ ਪੜ੍ਹਾਇਆ ਅਤੇ ਆਪਣੇ ਤਜ਼ਰਬੇ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ ਗੁਰਦਾਸਪੁਰ ਵਿਖੇ ਬਤੌਰ ਡਿਪਟੀ ਕਮਿਸ਼ਨਰ ਵਜੋਂ ਨਿਭਾਈ ਸੇਵਾਵਾਂ ਦੌਰਾਨ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸ੍ਰੀ ਐੱਸ.ਕੇ. ਸੰਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਗੁਡ ਗਵਰਨੈਂਸ ਸਬੰਧੀ ਜੋ ਕੀਮਤੀ ਸੁਝਾਅ ਦਿੱਤੇ ਗਏ ਹਨ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਲਾਗੂ ਕਰਕੇ ਲੋਕਾਂ ਨੂੰ ਹੋਰ ਵਧੀਆ ਸੇਵਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸ੍ਰੀ ਸੰਧੂ ਦੀ ਸਲਾਹ ਉੱਪਰ ਅਮਲ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿੱਖਿਆ ਵਿਭਾਗ, ਸਿਹਤ ਵਿਭਾਗ, ਰੈੱਡ ਕਰਾਸ ਸਮੇਤ ਹੋਰ ਵਿਭਾਗਾਂ ਦਾ ਸਹਿਯੋਗ ਲੈ ਕੇ ਨਵੇਂ ਸਾਲ ਤੋਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਫਸਟ ਏਡ ਦੀ ਟਰੇਨਿੰਗ ਦੇਣ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 40 ਸੇਵਾ ਕੇਂਦਰ ਕੰਮ ਕਰ ਰਹੇ ਹਨ ਜਿਨ੍ਹਾਂ ਰਾਹੀਂ 427 ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਗੁਡ ਗਵਰਨੈਂਸ ਦੇਣ ਲਈ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਅਤੇ ਜ਼ਿਲ੍ਹਾ ਵਾਸੀ ਇਨ੍ਹਾਂ ਕੈਂਪਾਂ ਦਾ ਭਰਪੂਰ ਫਾਇਦਾ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜਨਤਾ ਨੂੰ ਗੁਡ ਗਵਰਨੈਂਸ ਦੇਣ ਲਈ ਵਚਨਬੱਧ ਹੈ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਡ ਗਵਰਨੈਂਸ ਦੇ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਸਬੰਧੀ ਵਿਸਥਾਰ ਵਿੱਚ ਦੱਸਿਆ ਗਿਆ। ਇਸ ਦੌਰਾਨ 2047 ਵਿੱਚ ਜ਼ਿਲ੍ਹੇ ਬਾਰੇ ਲੋਕ ਕੀ ਵਿਚਾਰ ਰੱਖਦੇ ਹਨ ਉਸ ਬਾਰੇ ਵੀ ਚਰਚਾ ਕੀਤੀ ਗਈ। ਵਰਕਸ਼ਾਪ ਦੇ ਅਖੀਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਬਕਾ ਆਈ.ਏ.ਐੱਸ. ਅਧਿਕਾਰੀ ਸ੍ਰੀ ਐੱਸ.ਕੇ. ਸੰਧੂ ਦਾ ਸਨਮਾਨ ਕੀਤਾ ਗਿਆ।