ਡਿਪਟੀ ਕਮਿਸ਼ਨਰ ਡਾ. ਹਿਮਸ਼ੂ ਅਗਰਵਾਲ ਨੇ ਸਰਕਾਰੀ ਹਾਈ ਸਕੂਲ ਬੱਬਰੀ ਵਿਖੇ ਅਧਿਆਪਕ-ਮਾਪੇ ਮਿਲਣੀ ਵਿੱਚ ਹਾਜ਼ਰੀ ਭਰੀ
ਗੁਰਦਾਸਪੁਰ, 25 ਦਸੰਬਰ (ਸਰਬਜੀਤ ਸਿੰਘ) – ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਸਕੂਲਾਂ ਵਿਚ ਮੈਗਾ ਮਾਪੇ-ਅਧਿਆਪਕ ਮਿਲਣੀ ਦਾ ਸਿਰਜਿਆ ਗਿਆ ਉਪਰਾਲਾ ਕਾਫੀ ਸਾਰਥਿਕ ਸਿੱਧ ਹੋਇਆ ਹੈ। ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਕਰਵਾਈਆਂ ਗਈਆਂ ਮਾਪੇ-ਅਧਿਆਪਕ ਮਿਲਣੀਆਂ ਨੂੰ ਕਾਫੀ ਹੁੰਗਾਰਾ ਮਿਲਿਆ ਹੈ। ਇਸੇ ਕੜੀ ਤਹਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਸਰਕਾਰੀ ਹਾਈ ਸਕੂਲ ਬੱਬਰੀ ਵਿਖੇ ਮਾਪੇ-ਅਧਿਆਪਕ ਮਿਲਣੀ ਦੌਰਾਨ ਪਹੁੰਚ ਕਰਕੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਗਈ। ਸਰਕਾਰੀ ਹਾਈ ਸਕੂਲ ਬੱਬਰੀ ਵਿਖੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਪਿਆਂ ਤੇ ਅਧਿਆਪਕਾਂ ਵਿਚਕਾਰ ਦੀ ਦੂਰੀ ਨੂੰ ਘੱਟ ਕਰਨ ਦਾ ਸਰਕਾਰ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਸਦਕਾ ਬਚਿਆਂ ਦੇ ਸਕੂਲ ਤੇ ਘਰ ਦੇ ਵਿਵਹਾਰ, ਪੜ੍ਹਾਈ, ਹੁਨਰ ਦਾ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਮਾਪੇ-ਅਧਿਆਪਕ ਮਿਲਣੀ ਨਾਲ ਦੋਨੋ ਧਿਰਾਂ ਦੀ ਗੱਲਬਾਤ ਸਾਂਝੀ ਹੁੰਦੀ ਹੈ। ਅਜਿਹੀਆਂ ਮਿਲਣੀਆਂ ਬੱਚਿਆਂ ਦੇ ਭਵਿੱਖ ਬਾਰੇ ਜਾਣੂੰ ਕਰਵਾਉਂਦੀਆਂ ਹਨ ਕਿ ਬੱਚਾ ਕੀ ਸੋਚਦਾ ਹੈ, ਬੱਚਾ ਘਰ ਜਾਂ ਸਕੂਲ ਵਿਚ ਕਿਵੇਂ ਰਹਿੰਦਾ ਹੈ, ਕੀ ਖਾਂਦਾ-ਪੀਂਦਾ ਹੈ, ਕਿਹੜੀ ਸੰਗਤ ਵਿਚ ਰਹਿੰਦਾ ਹੈ ਅਤੇ ਬੱਚੇ ਵਿਚ ਕਿਸ ਖੇਤਰ ਵੱਲ ਜਾਣ ਦਾ ਹੁਨਰ ਹੈ।
ਡਿਪਟੀ ਕਮਿਸ਼ਨਰ ਨੇ ਹਾਜ਼ਰ ਮਾਪਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਖਣ ਵਿੱਚ ਆਇਆ ਕਿ ਮਾਪੇ ਆਪਣੇ ਕੰਮਾਂ-ਕਾਰਾਂ ਵਿਚ ਰੁਝੇ ਹੋਣ ਕਰਕੇ ਬੱਚੇ ਨੂੰ ਪੂਰਾ ਸਮਾਂ ਨਹੀਂ ਦੇ ਪਾਉਂਦੇ, ਜਿਸ ਕਰਕੇ ਬੱਚੇ ਮੋਬਾਈਲ ਦੀ ਵਰਤੋਂ ਜਿਆਦਾ ਕਰਨ ਲਗ ਪਏ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਮਾਂ ਦੇਣ ਅਤੇ ਅਧਿਆਪਕਾਂ ਦੇ ਨਾਲ ਘਰਾਂ ਵਿੱਚ ਮਾਪੇ ਵੀ ਆਪਣੇ ਬੱਚਿਆਂ ਨੂੰ ਪੜ੍ਹਾਈ ਦਾ ਪੂਰਾ ਮਹੌਲ ਦੇਣ। ਉਨ੍ਹਾਂ ਕਿਹਾ ਕਿ ਅਧਿਆਪਕਾਂ ਅਤੇ ਮਾਪਿਆਂ ਨੂੰ ਬੱਚਿਆਂ ਦੇ ਹੁਨਰ ਦੇ ਹਿਸਾਬ ਨਾਲ ਮਿਹਨਤ ਕਰਵਾਉਣੀ ਚਾਹੀਦੀ ਹੈ ਤਾਂ ਜੋ ਬਚਾ ਆਪਣੇ ਹੁਨਰ ਦੇ ਹਿਸਾਬ ਨਾਲ ਆਪਣੇ ਖੇਤਰ ਨੂੰ ਚੁਣੇ ਤੇ ਸੁਨਿਹਰੇ ਭਵਿੱਖ ਦੀ ਸਿਰਜਣਾ ਕਰ ਸਕੇ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ’ਚ ਸੁਧਾਰ ਕਰਨ ਦੇ ਨਾਲ ਅਧਿਆਪਕਾਂ ਦੀ ਘਾਟ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਬਹੁਤ ਕਾਬਲ ਅਤੇ ਉੱਚ ਤਾਲੀਮ-ਜ਼ਾਫ਼ਤਾ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਪੜ੍ਹਾਈ ਦੇ ਪੱਖ ਤੋਂ ਵੀ ਬਹੁਤ ਵਧੀਆ ਹਨ। ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਸਕੂਲ ਵਿੱਚ ਆ ਕੇ ਆਪਣੇ ਬੱਚਿਆਂ ਦੀ ਪੜ੍ਹਾਈ ਸਬੰਧੀ ਅਧਿਆਪਕਾਂ ਨਾਲ ਗੱਲ-ਬਾਤ ਕਰਦੇ ਰਿਹਾ ਕਰਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਕੂਲ ਦੇ ਅਧਿਆਪਕਾਂ ਨਾਲ ਗੱਲਬਾਤ ਵੀ ਕੀਤੀ।
ਇਸ ਮੌਕੇ ਸਰਕਾਰੀ ਹਾਈ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਗੀਤਕਾ ਗੋਸਵਾਮੀ ਸਮੇਤ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦਾ ਸਕੂਲ ਪਹੁੰਣ ’ਤੇ ਨਿੱਘਾ ਸਵਾਗਤ ਕੀਤਾ।