ਗੁਰਦਾਸਪੁਰ, 26 ਮਈ (ਸਰਬਜੀਤ ਸਿੰਘ)-ਅੱਜ ਇੱਥੇ ਬਲਾਕ ਫਤਿਹਗੜ੍ਹ ਚੂੜੀਆਂ ਦੇ ਪਿੰਡ ਲੋਧੀਨੰਗਲ, ਮੰਜਿਆਵਾਲੀ,ਮਲਿਕ ਵਾਲ, ਦਾਬਾਵਾਲੀ, ਖੋਖਰ,ਪਿਡੀ, ਤੇਜਾ ਕਲਾਂ ਅਤੇ ਜਾਗਲਾ ਪਿੰਡਾਂ ਦੇ ਮਜ਼ਦੂਰਾਂ ਨੇ ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ ਵਿੱਚ ਮਨਰੇਗਾ ਦਾ ਰੋਜ਼ਗਾਰ ਲੈਣ ਲਈ ਹਫਤੇ ਵਿਚ ਦੂਸਰੀ ਵਾਰ ਧਰਨਾ ਦਿੱਤਾ।
ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਦਲਬੀਰ ਭੋਲਾ,ਬਚਨ ਸਿੰਘ ਤੇਜਾ ਕਲਾਂ, ਰਮਨਪ੍ਰੀਤ ਸਿੰਘ ਪਿਡੀਆਂ ਅਤੇ ਜਗੀਰ ਸਿੰਘ ਤੇਜਾ ਕਲਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮਨਰੇਗਾ ਰੋਜ਼ਗਾਰ ਦਾ ਰਾਜਸੀ ਕਰਣ ਕੀਤਾ ਜਾ ਰਿਹਾ ਹੈ। ਬਲਾਕ ਅਧਿਕਾਰੀ ਆਪ ਸਰਕਾਰ ਦੇ ਆਗੂਆਂ ਦੇ ਕਹਿਣ ਅਨੁਸਾਰ ਮਨਰੇਗਾ ਜਾਬ ਕਾਰਡ ਬਨਾਉਣ ਅਤੇ ਕੰਮ ਦੇਣ ਨੂੰ ਤਰਜੀਹ ਦਿੰਦੇ ਹਨ ਜੋ ਰਾਜਸੀ ਦਖਲ ਕਿਸੇ ਵੀ ਤਰ੍ਹਾਂ ਬਰਦਾਸ਼ਿਤ ਨਹੀਂ ਕੀਤਾ ਜਾ ਸਕਦਾ, ਆਗੂਆਂ ਕਿਹਾ ਕਿ ਪ੍ਰਸ਼ਾਸਨ ਵਲੋ ਮਨਰੇਗਾ ਦਾ ਕੰਮ ਦੇਣ ਲਈ ਕਿਸੇ ਤਰ੍ਹਾਂ ਦੀ ਵੀ ਤਜਵੀਜ਼ ਤਿਆਰ ਨਹੀ ਕੀਤੀ ਜਾਂਦੀ ਜਦੋਂ ਕਿ ਸੜਕਾਂ, ਨਹਿਰਾਂ ਸੂਇਆਂ, ਰੇਲਵੇ ਲਾਈਨਾਂ ਅਤੇ ਡਰੇਨਾਂ ਆਦਿ ਦੀ ਸਫਾਈ ਦਾ ਮਹੀਨਿਆਂ ਤੱਕ ਕੰਮ ਕਰਵਾਇਆ ਜਾ ਸਕਦਾ ਹੈ,ਪਰ ਬਲਾਕ ਅਧਿਕਾਰੀਆਂ ਦੇ ਕੰਮ ਨੁਮਾ ਭ੍ਰਿਸ਼ਟਾਚਾਰ ਕਾਰਨ ਮਜ਼ਦੂਰ ਮਨਰੇਗਾ ਰੋਜ਼ਗਾਰ ਲਈ ਭਟਕਦੇ ਫਿਰਦੇ ਹਨ। ਆਗੂਆਂ ਮਾਨ ਸਰਕਾਰ ਦੀ ਸਖ਼ਤ ਨੁਕਤਾਚੀਨੀ ਕਰਦਿਆਂ ਕਿਹਾ ਕਿ ਸਰਕਾਰ ਲੱਖਾਂ ਬੇਰੁਜ਼ਗਾਰ ਮਜ਼ਦੂਰ ਪਰਿਵਾਰਾਂ ਨੂੰ ਕੇਂਦਰ ਦੇ ਪੈਸੇ ਨਾਲ ਚੱਲਣ ਵਾਲਾ ਮਨਰੇਗਾ ਰੋਜ਼ਗਾਰ ਮੁਹਈਆ ਕਰਵਾਉਣ ਵਿਚ ਵੀ ਫੇਲ ਹੋਈ ਹੈ। ਆਗੂਆਂ ਬਲਾਕ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ ਅੰਦਰ ਮਜ਼ਦੂਰਾਂ ਨੂੰ ਰੋਜ਼ਗਾਰ ਨਾਂ ਦਿਤਾ ਗਿਆ ਤਾਂ ਰਾਤ ਦਿਨ ਦਾ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਧਰਨੇ ਵਿੱਚ ਕੁਲਦੀਪ ਸਿੰਘ ਜਾਗਲਾ, ਦਵਿੰਦਰ ਸਿੰਘ ਜਾਗਲਾ, ਜਗੀਰ ਸਿੰਘ ਮੰਜਿਆਂ ਵਾਲੀ ਆਦਿ ਆਗੂ ਸ਼ਾਮਲ ਸਨ।