ਜਨਤਕ ਆਗੂਆਂ ਤੇ ਕਾਰਕੁੰਨਾਂ ਦੇ ਨਾਲ ਸੁਰਜੀਤ ਪਾਤਰ, ਸਵਰਾਜਵੀਰ ਤੇ ਨਵਸ਼ਰਨ ਸਮੇਤ ਬੁੱਧੀਜੀਵੀ ਹਿੱਸੇ ਵੀ ਹੋਣਗੇ ਸ਼ਾਮਲ
ਗੁਰਦਾਸਪੁਰ, 26 ਮਈ (ਸਰਬਜੀਤ ਸਿੰਘ)–ਪਿਛਲੇ ਮਹੀਨੇ ਵਿਛੋੜਾ ਦੇ ਗਏ ਲੋਕਧਾਰਾ ਦੇ ਨਾਮਵਰ ਵਿਦਵਾਨ ਡਾ. ਸੁਰਜੀਤ ਲੀ ਦੀ ਯਾਦ ਵਿਚ ਸਲਾਮ ਕਾਫ਼ਲੇ ਵੱਲੋਂ 11 ਜੂਨ ਦਿਨ ਐਤਵਾਰ ਨੂੰ ਪਟਿਆਲਾ ਵਿਖੇ “ਅਜੋਕੀ ਹਾਲਤ ਅਤੇ ਬੁੱਧੀਜੀਵੀਆਂ ਦੀ ਸਮਾਜਿਕ ਭੂਮਿਕਾ” ਵਿਸ਼ੇ ‘ਤੇ ਵਿਚਾਰ ਚਰਚਾ ਦਾ ਸਮਾਗਮ ਕੀਤਾ ਜਾਵੇਗਾ। ਸਲਾਮ ਕਾਫ਼ਲੇ ਵੱਲੋਂ ਇਹ ਸਮਾਗਮ ਕਰਨ ਦਾ ਐਲਾਨ ਡਾ.ਸੁਰਜੀਤ ਲੀ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਤਾ ਗਿਆ ਸੀ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਤੇਗ ਬਹਾਦਰ ਹਾਲ ਵਿਚ ਹੋਣ ਵਾਲੇ ਇਸ ਸਮਾਗਮ ਦੀ ਵਿਸਥਾਰੀ ਵਿਉਂਤਬੰਦੀ ਲਈ ਸਲਾਮ ਕਾਫ਼ਲਾ ਟੀਮ ਵੱਲੋਂ ਮੀਟਿੰਗ ਕੀਤੀ ਗਈ। ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਦੇ ਕਨਵੀਨਰ ਜਸਪਾਲ ਜੱਸੀ , ਟੀਮ ਮੈਂਬਰ ਪਾਵੇਲ ਕੁੱਸਾ ਤੇ ਅਮੋਲਕ ਸਿੰਘ ਨੇ ਦੱਸਿਆ ਕਿ ਸੁਰਜੀਤ ਲੀ ਜ਼ਿੰਦਗੀ ਭਰ ਲੋਕਧਾਰਾ ਤੇ ਸੱਭਿਆਚਾਰ ਦੇ ਖੇਤਰ ਅੰਦਰਲੇ ਖੋਜ ਕਾਰਜਾਂ ਲਈ ਅਗਾਂਹਵਧੂ ਵਿਗਿਆਨਕ ਨਜ਼ਰੀਏ ਤੋਂ ਸਰਗਰਮ ਰਹੇ। ਇੱਕ ਬੁੱਧੀਜੀਵੀ ਵਜੋਂ ਉਨ੍ਹਾਂ ਨੇ ਸਮਾਜ ਅੰਦਰ ਉਸਾਰੂ ਲੋਕ-ਪੱਖੀ ਭੂਮਿਕਾ ਅਦਾ ਕੀਤੀ। ਉਨ੍ਹਾਂ ਦੀ ਯਾਦ ਦੇ ਹਵਾਲੇ ਨਾਲ ਬੁੱਧੀਜੀਵੀਆਂ ਦੀ ਸਮਾਜਿਕ ਭੂਮਿਕਾ ਦੇ ਮਹੱਤਵ ਬਾਰੇ ਚਰਚਾ ਕੀਤੀ ਜਾਵੇਗੀ ਤੇ ਅਜੋਕੀਆਂ ਹਾਲਤਾਂ ਅੰਦਰ ਲੋਕਾਂ ਦੀ ਧਿਰ ਨੂੰ ਹਾਕਮ ਜਮਾਤਾਂ ਖਿਲਾਫ ਵਿਚਾਰਧਾਰਕ/ਸਭਿਆਚਾਰਕ ਖ਼ੇਤਰ ਅੰਦਰ ਦਰਪੇਸ਼ ਸੰਘਰਸ਼ ਸਰੋਕਾਰਾਂ ਦੀ ਫਿਕਰਦਾਰੀ ਨੂੰ ਮੁਖ਼ਾਤਬ ਹੋਇਆ ਜਾਵੇਗਾ। ਲੋਕਾਂ ਖਿਲਾਫ ਦਿਨੋਂ-ਦਿਨ ਤੇਜ਼ ਹੋ ਰਹੇ ਪਿਛਾਖੜੀ ਸਾਮਰਾਜੀ ਵਿਚਾਰਧਾਰਕ ਤੇ ਸਭਿਆਚਰਕ ਹਮਲੇ ਖਿਲਾਫ ਵਿਚਾਰਾਂ ਦੀ ਲੜਾਈ ਦੇ ਮੋਰਚਿਆਂ ਉੱਪਰ ਨਿਹਚਾ ਨਾਲ ਡਟਣ ਦੀਆਂ ਲੋੜਾਂ ਦੀ ਚਰਚਾ ਕੀਤੀ ਜਾਵੇਗੀ ਅਤੇ ਲੋਕਾਂ ਦੀਆਂ ਲਹਿਰਾਂ ਲਈ ਬੁੱਧੀਜੀਵੀ ਵਰਗ ਦੀ ਬਣਦੀ ਭੂਮਿਕਾ ਪਛਾਨਣ ਦੀ ਲੋੜ ‘ਤੇ ਜ਼ੋਰ ਦਿੱਤਾ ਜਾਵੇਗਾ।
ਸਮਾਗਮ ਵਿੱਚ ਪੰਜਾਬ ਦੇ ਲੋਕ ਸੰਘਰਸ਼ਾਂ ਦੀਆਂ ਉੱਘੀਆਂ ਸ਼ਖਸੀਅਤਾਂ ਤੇ ਕਾਰਕੁੰਨਾਂ ਦੇ ਨਾਲ-ਨਾਲ ਸਾਹਿਤਕ ਸੱਭਿਆਚਾਰਕ ਖੇਤਰ ਦੀਆਂ ਸ਼ਖ਼ਸੀਅਤਾਂ ਵੀ ਹਾਜ਼ਰ ਹੋਣਗੀਆਂ। ਉੱਘੇ ਪੰਜਾਬੀ ਕਵੀ ਸੁਰਜੀਤ ਪਾਤਰ, ਨਾਟਕਕਾਰ ਤੇ ਲੇਖਕ ਸਵਰਾਜਬੀਰ ਤੇ ਜਮਹੂਰੀ ਹੱਕਾਂ ਦੀ ਉੱਘੀ ਕਾਰਕੁੰਨ ਨਵਸ਼ਰਨ ਸਮੇਤ ਸਾਹਿਤਕਾਰ, ਕਲਾਕਾਰ , ਬੁੱਧੀਜੀਵੀ ਤੇ ਜਮਹੂਰੀ ਹਿੱਸੇ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ 11 ਜਨਵਰੀ 2006 ਨੂੰ ਕੁੱਸਾ ਪਿੰਡ ਵਿਖੇ ਉਘੇ ਨਾਟਕਕਾਰ ਗੁਰਸ਼ਰਨ ਸਿੰਘ ਨੂੰ ਹਜ਼ਾਰਾਂ ਲੋਕਾਂ ਵੱਲੋਂ ਇਨਕਲਾਬੀ ਨਿਹਚਾ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ। ਲੋਕ ਹੱਕਾਂ ਦੀ ਲਹਿਰ ਤੇ ਲੋਕ-ਪੱਖੀ ਸਾਹਿਤਕ-ਸਭਿਆਚਾਰਕ ਖੇਤਰ ਦੀ ਸਾਂਝ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨੂੰ ਲੈ ਕੇ ਹੋਇਆ ਇਹ ਯਤਨ ਮਗਰੋਂ ਬਕਾਇਦਾ ਪਲੇਟਫਾਰਮ ਦਾ ਰੂਪ ਅਖਤਿਆਰ ਕਰ ਗਿਆ ਸੀ। ਫਿਰ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲੇ ਵੱਲੋਂ ਮਰਹੂਮ ਨਾਟਕਕਾਰ ਅਜਮੇਰ ਔਲਖ ਨੂੰ ਭਾਈ ਲਾਲੋ ਕਲਾ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ। ਸੰਤੋਖ ਸਿੰਘ ਧੀਰ ਤੇ ਗੁਰਦਿਆਲ ਸਿੰਘ ਵਰਗੇ ਨਾਮਵਰ ਸਾਹਿਤਕਾਰਾਂ ਦੇ ਦਿਹਾੜੇ ਮਨਾਉਣ ਰਾਹੀਂ ਇਸ ਰਵਾਇਤ ਨੂੰ ਅੱਗੇ ਤੋਰਿਆ ਗਿਆ ਸੀ। ਉੱਘੀਆਂ ਜਨਤਕ ਸਖ਼ਸ਼ੀਅਤਾਂ ‘ਤੇ ਅਧਾਰਿਤ ਇਹ ਪਲੇਟਫਾਰਮ ਲੋਕਾਂ ਦੀ ਲਹਿਰ ਤੇ ਲੋਕ ਪੱਖੀ ਸਾਹਿਤ ਕਲਾ ਖੇਤਰ ਦੇ ਰਿਸ਼ਤੇ ਦੀ ਮਜ਼ਬੂਤੀ ਲਈ ਲਗਾਤਾਰ ਯਤਨਸ਼ੀਲ ਹੈ।
ਸਲਾਮ ਕਾਫ਼ਲਾ ਆਗੂਆਂ ਨੇ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਦੀਆਂ ਮੋਹਰੀ ਸਫਾਂ ਅਤੇ ਸਾਹਿਤਕ ਸਭਿਆਚਾਰਕ ਖੇਤਰ ਦੀਆਂ ਜਥੇਬੰਦੀਆਂ ਤੇ ਸ਼ਖਸ਼ੀਅਤਾਂ ਨੂੰ ਸਮਾਗਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।