ਗੁਰਦਾਸਪੁਰ, 14 ਅਕਤੂਬਰ (ਸਰਬਜੀਤ ਸਿੰਘ)– ਫੌਡਰੀ ਅਤੇ ਵਰਕਸ਼ਾਪ ਵਰਕਰ ਯੂਨੀਅਨ ਸਬੰਧਤ ਏਕਟੂ ਨੇ ਬਟਾਲਾ ਦੀਆਂ ਫੌਡਰੀਆ ਵਿੱਚ ਰੈਲੀਆਂ ਕਰਕੇ ਭਗਵੰਤ ਮਾਨ ਸਰਕਾਰ ਵਲੋਂ ਮਜ਼ਦੂਰਾਂ ਦਾ ਦਿਹਾੜੀ ਦਿਨ 12 ਘੰਟੇ ਕਰਨ ਲਈ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।
ਰੈਲੀਆਂ ਵਿੱਚ ਬੋਲਦਿਆਂ ਏਕਟੂ ਆਗੂ ਕਰਮਜੀਤ ਸਿੰਘ ਸੰਧੂ, ਦਲਬੀਰ ਭੋਲਾ, ਏਕਟੂ ਦੇ ਜਰਨਲ ਸਕੱਤਰ ਗੁਲਜ਼ਾਰ ਸਿੰਘ ਭੁੰਬਲੀ ਅਤੇ ਮੀਤ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਕਿਰਤ ਕਨੂੰਨਾਂ ਨੂੰ ਚਾਰ ਕੋਡਾਂ ਵਿਚ ਬਦਲਣ ਅਤੇ ਦਿਨ ਦਿਹਾੜੀ 12 ਘੰਟੇ ਕਰਨ ਤੋਂ ਬਾਅਦ ਪੰਜਾਬ ਪਹਿਲਾ ਪ੍ਰਾਂਤ ਹੈ ਜਿਥੋਂ ਦੀ ਮਾਨ ਸਰਕਾਰ ਨੇ ਸਨਅਤਕਾਰਾ ਨੂੰ ਖੁਸ਼ ਕਰਨ ਲਈ 12 ਘੰਟੇ ਦੀ ਦਿਹਾੜੀ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਨਾਲ ਮਾਨ ਸਰਕਾਰ ਦਾ ਮਜ਼ਦੂਰ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਆਗੂਆਂ ਕਿਹਾ ਕਿ ਮਾਨ ਸਰਕਾਰ ਬਣੇ ਨੂੰ ਪੌਣੇ ਦੋ ਸਾਲ ਹੋ ਗਏ ਹਨ ਪਰ ਸਰਕਾਰ ਨੇ ਇਕ ਵੀ ਫੈਸਲਾ ਮਜ਼ਦੂਰਾਂ ਦੇ ਹਿਤ ਵਿਚ ਨਹੀਂ ਕੀਤਾ ਜਦੋਂ ਕਿ ਬੀਤੇ 11ਸਾਲ ਤੋਂ ਘੱਟੋ ਘੱਟ ਉਜ਼ਰਤਾਂ ਵਿਚ ਵਾਧੇ ਦਾ ਰਿਵਿਊ ਨਹੀਂ ਕੀਤਾ ਜਾ ਰਿਹਾ,ਕਿਰਤ ਦਫ਼ਤਰਾਂ ਵਿਚ ਵੱਡੇ ਪੱਧਰ ਤੇ ਪੋਸਟਾਂ ਖਾਲੀ ਪਈਆ ਹਨ ਜਿਨ੍ਹਾਂ ਨੂੰ ਪੁਰ ਕਰਨ ਲਈ ਸਰਕਾਰ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਫੈਕਟਰੀ ਮਾਲਕ ਕਿਰਤ ਕਨੂੰਨਾਂ ਦੀਆਂ ਧਜੀਆਂ ਉਡਾ ਰਹੇ ਹਨ,95ਫੀਸਦ ਵਰਕਰਾਂ ਦੀ ਫੈਕਟਰੀ ਮਾਲਕ ਹਾਜ਼ਰੀ ਨਹੀਂ ਲਗਾ ਰਹੇ, ਜਿਸ ਕਾਰਨ ਵਰਕਰਾਂ ਨੂੰ ਬੋਨਸ, ਛੁਟੀਆਂ ਅਤੇ ਗਰੈਜਟੀ ਆਦਿ ਦਾ ਲਾਭ ਨਹੀਂ ਮਿਲਦਾ। ਰੈਲੀ ਵਿਚ ਐਲਾਨ ਕੀਤਾ ਗਿਆ ਕਿ 12 ਘੰਟੇ ਦੀ ਦਿਹਾੜੀ ਅਤੇ ਹੋਰ ਮੰਗਾਂ ਨੂੰ ਲੈ ਕੇ ਪੰਜਾਬ ਦੀਆਂ ਟਰੇਡ ਯੂਨੀਅਨਾਂ ਵੱਲੋਂ ਤਿੰਨ ਨਵੰਬਰ ਨੂੰ ਕੀਤੀ ਜਾ ਰਹੀ ਹੜਤਾਲ ਵਿੱਚ ਏਕਟੂ ਸਰਗਰਮੀ ਨਾਲ ਹਿੱਸਾ ਲਵੇਗੀ।