ਮੋਦੀ ਵਲੋਂ ਦੇਸ਼ ਦੀ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਨੂੰ ਦਰਕਿਨਾਰ ਕਰਨਾ ਦੇਸ਼ ਦੇ ਸਮੁੱਚੇ ਐਸਸੀ-ਐਸਟੀ ਭਾਈਚਾਰੇ ਅਤੇ ਔਰਤ ਜਾਤੀ ਦਾ ਅਪਮਾਨ

ਗੁਰਦਾਸਪੁਰ

ਸੁਖਬੀਰ ਬਾਦਲ ਨੂੰ ਅਸੂਲੀ ਸਟੈਂਡ ਲੈਣ ਦੀ ਬਜਾਏ, ਬੀਜੇਪੀ ਦੀ ਚਾਪਲੂਸੀ ਕਰਨ ਦੀ ਕੀਮਤ ਅਦਾ ਕਰਨੀ ਹੀ ਪਵੇਗੀ

ਇਕਵੀਂ ਸਦੀ ਵਿਚ ਵੀ ਮਨੂੰਵਾਦੀ ਜੋਤਸ਼ੀਆਂ ਦੀਆਂ ਹਿਦਾਇਤਾਂ ‘ਤੇ ਚੱਲਦਿਆਂ ਰਾਸ਼ਟਰਪਤੀ ਨੂੰ ਸਮਾਗਮ ਚੋਂ ਦੂਰ ਰੱਖ ਰਹੀ ਹੈ ਬੀਜੇਪੀ

ਮਾਨਸਾ, ਗੁਰਦਾਸਪੁਰ, 26 ਮਈ (ਸਰਬਜੀਤ ਸਿੰਘ)– ਸੁਖਬੀਰ ਬਾਦਲ ਵਲੋਂ ਬਹੁਗਿਣਤੀ ਅਪੋਜ਼ੀਸ਼ਨ ਪਾਰਟੀ ਦੇ ਸਾਂਝੇ ਫੈਸਲੇ ਦੇ ਉਲਟ 28 ਮਈ ਨੂੰ ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਗਮ ਵਿਚ ਸ਼ਾਮਲ ਹੋਣ ਦੇ ਫੈਸਲੇ ਦੀ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਸਖ਼ਤ ਆਲੋਚਨਾ ਕੀਤੀ ਹੈ।
ਲਿਬਰੇਸ਼ਨ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਇਥੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਦੇਸ਼ ਦੇ ਆਦਿਵਾਸੀ ਭਾਈਚਾਰੇ ਵਿਚੋਂ ਪਹਿਲੀ ਵਾਰ ਦੇਸ਼ ਦੇ ਸਰਬ ਉਚ ਅਹੁਦੇ ਉਤੇ ਪਹੁੰਚਣ ਵਾਲੀ ਰਾਸ਼ਟਰਪਤੀ ਦਰੋਪਤੀ ਮੁਰਮੂ ਨੂੰ ਦਰਕਿਨਾਰ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੁਦ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨਾ ਸਮੁਚੇ ਦਲਿਤ ਸ਼ੋਸ਼ਿਤ ਐਸਸੀ-ਐਸਟੀ ਤੇ ਆਦਿਵਾਸੀ ਸਮਾਜ ਦਾ ਘੋਰ ਅਪਮਾਨ ਹੈ, ਕਿਉਂਕਿ ਸੰਵਿਧਾਨਕ ਤੌਰ ‘ਤੇ ਰਾਸ਼ਟਰਪਤੀ ਮੁਰਮੂ ਹੀ ਦੇਸ਼ ਅਤੇ ਸੰਸਦ ਦੀ ਮੁੱਖੀ ਹੈ। ਇਸ ਲਈ ਇਹ ਉਦਘਾਟਨ ਕਰਨ ਦਾ ਪਹਿਲਾ ਹੱਕ ਵੀ ਰਾਸ਼ਟਰਪਤੀ ਦਾ ਹੀ ਬਣਦਾ ਹੈ, ਪਰ ਸਿਰੇ ਦੀ ਹਊਮੇ ਅਤੇ ਸਵੈ ਪ੍ਰਚਾਰ ਦਾ ਸ਼ਿਕਾਰ ਪ੍ਰਧਾਨ ਮੰਤਰੀ ਮੋਦੀ ਜਿਵੇਂ ਕਈ ਮੌਕਿਆਂ ਪਿਛਲੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਬਿੰਦ ਨੂੰ ਜਨਤਕ ਤੌਰ ‘ਤੇ ਨਜ਼ਰ ਅੰਦਾਜ਼ ਕਰਦੇ ਰਹੇ ਹਨ, ਉਸੇ ਤਰ੍ਹਾਂ ਹੁਣ ਇਸ ਬੇਹੱਦ ਅਹਿਮ ਮੌਕੇ ‘ਤੇ ਮੋਦੀ ਜੀ ਨੇ ਅਪਣੇ ਸਵੈ ਵਿਖਾਵੇ ਵਿਚ ਰੁਕਾਵਟ ਬਣਨ ਦੇ ਡਰੋਂ ਅਤੇ ਜੋਤਸ਼ੀਆਂ ਦੇ ਕਹੇ ਮੌਜੂਦਾ ਰਾਸ਼ਟਰਪਤੀ ਦਰੋਪਤੀ ਮੁਰਮੂ ਨੂੰ ਇਸ ਸਮਾਗਮ ਲਈ ਸੱਦਾ ਪੱਤਰ ਦੇਣਾ ਵੀ ਮੁਨਾਸਿਬ ਨਹੀਂ ਸਮਝਿਆ। ਐਨਾ ਹੀ ਨਹੀਂ 28 ਮਈ ਨੂੰ ਸਾਵਰਕਰ ਦੇ ਜਨਮ ਦਿਨ ਮੌਕੇ ਇਹ ਸਮਾਗਮ ਕਰਵਾ ਕੇ ਬੀਜੇਪੀ, ਜੇਲ ‘ਚੋਂ ਅਪਣੀ ਰਿਹਾਈ ਲਈ ਬਰਤਾਨਵੀ ਸਾਮਰਾਜੀਆਂ ਤੋਂ ਵਾਰ ਵਾਰ ਮਾਫੀਆਂ ਮੰਗਣ ਵਾਲੇ ਹਿੰਦੂ ਰਾਸ਼ਟਰ ਦੀ ਥਿਊਰੀ ਦੇ ਉਸ ਮੋਢੀ ਨੂੰ ਦੇਸ਼ ਦੀ ਜਨਤਾ ਵਿਚ ਧੱਕੇ ਨਾਲ ਹਰਮਨ ਪਿਆਰਾ ਕਰਨ ਦੀ ਗੁੱਝੀ ਕੋਸ਼ਿਸ਼ ਵੀ ਕਰ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਮਨੂੰਵਾਦੀ ਸਰਕਾਰ ਵਲੋਂ ਇਸ ਸਮਾਗਮ ਦਾ ਮਹੂਰਤ ਜੋਤਸ਼ੀਆਂ ਤੋਂ ਕੱਢਵਿਆ ਗਿਆ। ਇਸ ਸਬੰਧੀ ਇਹ ਸ਼ਰਮਨਾਕ ਤੱਥ ਵੀ ਸਾਹਮਣੇ ਆਇਆ ਹੈ ਕਿ ਮਹੂਰਤ ਕੱਢਣ ਵਾਲਿਆਂ ਦਾ ਕਹਿਣਾ ਹੈ ਕਿ ਇਹ ਉਦਘਾਟਨ ਕਿਸੇ ਕਥਿਤ ਛੋਟੀ ਜਾਤ ਦੇ ਵਿਅਕਤੀ ਹੱਥੋਂ ਹੋਣਾ ਅਸ਼ੁਭ ਹੋਵੇਗਾ। ਇਸ ਲਈ ਬੀਜੇਪੀ ਸਰਕਾਰ ਨੇ ਖੁਦ ਅਪਣੇ ਵਲੋਂ ਜਿਤਾਈ ਗਈ ਦੇਸ਼ ਦੀ ਐਸਟੀ ਵਰਗ ਨਾਲ ਸਬੰਧਤ ਪਹਿਲੀ ਮਹਿਲਾ ਰਾਸ਼ਟਰਪਤੀ ਨੂੰ ਸਮਾਗਮ ਵਿਚ ਨਿਮੰਤਰਤ ਕਰਨ ਤੋਂ ਹੀ ਟਾਲਾ ਵੱਟ ਲਿਆ।
ਲਿਬਰੇਸ਼ਨ ਆਗੂ ਦਾ ਕਹਿਣਾ ਹੈ ਕਿ ਸੰਘ-ਬੀਜੇਪੀ ਅਤੇ ਮੋਦੀ ਜੀ ਦੇ ਅਜਿਹੇ ਸਿਰੇ ਦੇ ਅੰਧ ਵਿਸ਼ਵਾਸੀ, ਤਰਕਹੀਣ, ਗੈਰ ਵਿਧਾਨਕ, ਕੂਟਨੀਤਕ ਤੌਰ ‘ਤੇ ਬੇਹੱਦ ਹੋਛੇ ਅਤੇ ਮਨਮਾਨੇ ਫੈਸਲੇ ਖਿਲਾਫ ਰੋਸ ਵਜੋਂ ਦੇਸ਼ ਦੀਆਂ 19 ਵਿਰੋਧੀ ਪਾਰਟੀਆਂ ਨੇ ਸਾਂਝੇ ਤੌਰ ‘ਤੇ ਇਸ ਸਮਾਗਮ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਪਰ ਇਸ ਦੇ ਉਲਟ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਵਿੱਖ ਵਿਚ ਬੀਜੇਪੀ ਨਾਲ ਮੁੜ ਗਲਵਕੜੀ ਪਾਉਣ ਦਾ ਰਾਹ ਖੋਹਲਣ ਲਈ ਸਿਰੇ ਦੀ ਚਾਪਲੂਸੀ ਕਰਦਿਆਂ ਬੜੀ ਬੇਸ਼ਰਮੀ ਨਾਲ ਇਸ ਸਮਾਗਮ ਵਿਚ ਸ਼ਾਮਲ ਹੋਣ ਦਾ ਬਿਆਨ ਦਿੱਤਾ ਹੈ। ਸੁਖਬੀਰ ਬਾਦਲ ਦਾ ਇਹ ਬਿਆਨ ਵੀ ਦੇਸ਼ ਤੇ ਪੰਜਾਬ ਦੇ ਸਮੁਚੇ ਦਲਿਤ ਸ਼ੋਸ਼ਿਤ ਐਸਸੀ-ਐਸਟੀ ਭਾਈਚਾਰੇ ਦਾ ਖੁੱਲੇਆਮ ਅਪਮਾਨ ਕਰਨ ਦੇ ਤੁੱਲ ਹੈ ਅਤੇ ਉਨਾਂ ਨੂੰ ਇਸ ਦੀ ਸਿਆਸੀ ਕੀਮਤ ਛੇਤੀ ਅਦਾ ਕਰਨੀ ਪਵੇਗੀ ।

Leave a Reply

Your email address will not be published. Required fields are marked *