ਗੁਰਦਾਸਪਰ,2 ਨਵੰਬਰ (ਸਰਬਜੀਤ ਸਿੰਘ) – ਸੀਨੀਅਰ ਪੁਲਸ ਕਪਤਾਨ ਗੁਰਦਾਸਪੁਰ ਦੀਪਕ ਹਿਲੋਰੀ ਆਈ.ਪੀ.ਐਸ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਲਾ ਗੁਰਦਾਸਪੁਰ ਵਿੱਚ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਜ਼ਿਲਾ ਪੁਲਿਸ ਗੁਰਦਾਸਪੁਰ ਵੱਲੋਂ ਵੱਖ-ਵੱਖ ਥਾਣਿਆਂ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਅਨਸਰਾਂ ਖਿਲਾਫ ਕਾਰਵਾਈ ਆਰੰਭੀ ਗਈ ਹੈ। ਜਿਸ ਵਿੱਚ ਪੁਲਸ ਨੂੰ ਵੱਡੀ ਕਾਮਯਾਬੀ ਮਿਲੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਗੁਰਦਾਸਪੁਰ ਦੀਪਕ ਹਿਲੋਰੀ ਨੇ ਦੱਸਿਆ ਕਿ ਥਾਣਾ ਸਦਰ ਅਤੇ ਸੀ.ਆਈ.ਏ. ਸਟਾਫ਼ ਵੱਲੋਂ ਸਾਝੇ ਤੌਰ ’ਤੇ ਕਾਰਵਾਈ ਕਰਦਿਆਂ ਇਕ ਨਸ਼ਾ ਤਸਕਰ ਨਿਸ਼ਾਨ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਹੇਮਰਾਜਪੁਰ ਨੂੰ 1.5 ਕਿੱਲੋ ਅਫੀਮ, 3 ਕਿੱਲੋ ਭੁੱਕੀ ਅਤੇ 14,800 ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਹੈ। ਇਸ ਤੋਂ ਇਲਾਵਾ ਥਾਣਾ ਸਦਰ ਵੱਲੋਂ ਗੁਰਮੁੱਖ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਗੁਣੀਆ ਅਤੇ ਰਿੰਕੂ ਪੁੱਤਰ ਅਜੀਤ ਰਾਮ ਵਾਸੀ ਜੋੜਾ ਛੱਤਰਾਂ ਨੂੰ 11 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਮੁਕੱਦਮ ਦਰਜ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਥਾਣਾ ਕਾਹਨੂੰਵਾਨ ਵੱਲੋਂ ਅਮਨਦੀਪ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਔਲਖ ਕਲਾਂ ਸ਼੍ਰੀ ਹਰਗੋਬਿੰਦਪੁਰ ਨੂੰ 5 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਮੁਕੱਦਮਾ ਰਜਿਸਟਰ ਕੀਤਾ ਗਿਆ ਹੈ। ਇਸੇ ਤਰਾਂ ਥਾਣਾ ਬਹਿਰਾਮਪੁਰ ਵੱਲੋਂ ਰਿੰਕੂ ਪੁੱਤਰ ਅਜੀਤ ਕੁਮਾਰ ਵਾਸੀ ਭਰਥ ਨੂੰ 82 ਹਜਾਰ 500 ਮਿ.ਲੀ. ਨਜਾਇਜ ਸ਼ਰਾਬ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨਾਂ ਕਿਹਾ ਕਿ ਗੁਰਦਾਸਪੁਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਰਵਾਈ ਜਾਰੀ ਰਹੇਗੀ।
ਇੱਥੇ ਵਰਣਯੋਗ ਇਹ ਹੈ ਕਿ ਸੀ.ਆਈ.ਏ ਸਟਾਫ ਦੇ ਇੰਚਾਰਜ਼ ਕਪਿਲ ਕੌਸ਼ਲ, ਗੁਰਿੰਦਰਪਾਲ ਸਿੰਘ ਹੈਡ ਕਾਂਸਟੇਬਲ ਗੁਰਦਾਸਪੁਰ ਅਤੇ ਕਲਾਨੌਰ ਵਿਖੇ ਡੀ.ਐਸ.ਪੀ ਰਹਿ ਚੁੱਕੇ ਗੁਰਿੰਦਰ ਪਾਲ ਸਿੰਘ ਨਾਗਰਾ ਵੱਲੋਂ ਪਹਿਲਾਂ ਵੀ 1 ਜੁਲਾਈ ਨੂੰ ਵੱਡੀ ਖੇਪ ਨਸ਼ਾ ਤਸਕਰੀ ਦੀ ਫੜੀ ਸੀ। ਜਿਨਾਂ ਨੂੰ ਪੰਜਾਬ ਪੁਲਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿਉਨਾਂ ਨੂੰ ਥੋੜੇ ਸਮੇਂ ਤੱਕ ਵਿਸ਼ੇਸ਼ ਤਰੱਕੀਆ ਦੇ ਕੇ ਨਵਾਜਿਆ ਜਾਵੇਗਾ, ਪਰ ਅਜੇ ਤੱਕ ਕਿਸੇ ਨੂੰ ਵੀ ਕੋਈ ਤਰੱਕੀ ਨਹੀਂ ਮਿਲੀ। ਪਰ ਇਹ ਨਵੀਂ ਟੀਮ ਵੱਲੋਂ ਗੁਰਦਾਸਪੁਰ ਵਿੱਚ ਵੱਡੀ ਪੱਧਰ ’ਤੇ ਖੇਪ ਬਰਾਮਦ ਕੀਤੀ ਗਈ ਹੈ। ਜਿਸ ਨਾਲ ਪੁਲਸ ਦੇ ਮਨੋਬਲ ਵਿੱਚ ਵਾਧਾ ਹੋਇਆ ਹੈ। ਆਸ ਕੀਤੀ ਜਾਂਦੀ ਹੈ ਕਿ ਪੁਲਸ ਕਰਮਚਾਰੀਆਂ ਨੂੰ ਵਿਸ਼ੇਸ਼ ਤਰੱਕੀਆ ਦੇ ਕੇ ਨਵਾਜਿਆ ਜਾਵੇਗਾ।



