ਬਰਨਾਲਾ, ਗੁਰਦਾਸਪੁਰ, 3 ਅਕਤੂਬਰ (ਸਰਬਜੀਤ ਸਿੰਘ)– ਇੱਕ ਰਿਪੋਰਟ ਤੋਂ ਬਾਅਦ ਪਤਾ ਲੱਗਿਆ ਹੈ ਕਿ ਸੱਤਾਧਾਰੀ ਹਾਕਮ ਜਮਾਤਾਂ ਸਰਕਾਰੀ ਖਜ਼ਾਨੇ ਨੂੰ ਸਬਸਿਡੀ ਦੇ ਰੂਪ ‘ਚ ਪੰਜਾਬ ਦੇ ਵੱਡੇ ਸਨਅਤਕਾਰਾਂ ਅਤੇ ਵੱਡੀਆਂ ਜਗੀਰਾਂ ਦੇ ਮਾਲਕਾਂ ਨੂੰ ਕਿਵੇਂ ਲੁਟਾ ਰਹੀਆਂ ਹਨ। ਸੀਪੀਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਭਗਵੰਤ ਮਾਨ ਸਰਕਾਰ ਦੀਆਂ ਗ਼ਰੀਬ ਮਾਰੂ ਅਤੇ ਖਜ਼ਾਨਾ ਲੁਟਾਊ ਨੀਤੀਆਂ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਸਰਕਾਰ ਇੱਕ ਪਾਸੇ ਖਜ਼ਾਨਾ ਖ਼ਾਲੀ ਹੋਣ ਦਾ ਰੋਣਾ ਰੋ ਰਹੀ ਹੈ ਅਤੇ ਦੂਜੇ ਪਾਸੇ ਇਸ ਸਾਲ 22 ਹਜ਼ਾਰ ਕਰੋੜ ਰੁਪਏ ਸਬਸਿਡੀ ਦੇ ਰੂਪ ‘ਚ ਪਾਵਰਕੌਮ ਨੂੰ ਦੇਕੇ ਹੋਰ ਬੋਝ ਪਾ ਰਹੀ ਹੈ। ਆਗੂ ਨੇ ਕਿਹ ਕਿ ਸੂਬੇ ਵਿੱਚ ਧੜਾ – ਧੜ ਮਸ਼ੀਨੀਕਰਨ ਹੋ ਜਾਣ ਕਰਕੇ ਗ਼ਰੀਬ ਲੋਕਾਂ ਨੂੰ ਕਿਧਰੇ ਕੰਮ ਨਹੀਂ ਮਿਲ ਰਿਹਾ , ਉਲਟਾ ਭਗਵੰਤ ਮਾਨ ਸਰਕਾਰ ਨੇ ਮਨਰੇਗਾ ਦਾ ਕੰਮ ਵੀ ਬੰਦ ਕਰ ਦਿੱਤਾ ਹੈ, ਉਹਨਾਂ ਗ਼ਰੀਬ ਪ੍ਰੀਵਾਰਾਂ ਨੂੰ ਦਸ ਹਜ਼ਾਰ ਤੋਂ ਲੈਕੇ ਵੀਹ-ਵੀਹ ਹਜ਼ਾਰ ਰੁਪਏ ਦੇ ਬਿਜਲੀ ਦੇ ਬਿੱਲ ਆ ਰਹੇ ਹਨ। ਪਰ ਜਿਹੜੇ ਅਰਬਾਂ – ਖ਼ਰਬਾਂ ਪਤੀ ਸਨਅਤਕਾਰਾਂ ਅਤੇ ਵੱਡੀਆਂ ਜ਼ਮੀਨਾਂ ਜਾਇਦਾਦਾਂ ਦੇ ਮਾਲਕਾਂ ਨੂੰ ਬਿਜਲੀ ਫਰੀ ਕੀਤੀ ਹੋਈ ਹੈ, ਉਹਨਾਂ ਦਾ ਹਜ਼ਾਰਾਂ ਕਰੋੜ ਰੁਪਏ ਬਿਜਲੀ ਦਾ ਬਿੱਲ ਸਰਕਾਰੀ ਖਜ਼ਾਨੇ ਵਿਚੋਂ ਭਰਿਆ ਜਾ ਰਿਹਾ ਹੈ। ਆਗੂ ਨੇ ਇਹ ਵੀ ਕਿਹਾ ਕਿ ਇਹ ਗ਼ਰੀਬ ਅਤੇ ਬੇਜ਼ਮੀਨੇ ਲੋਕਾਂ ਦੇ ਨਾਲ ਸ਼ਰੇਆਮ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ। ਜਿਨ੍ਹਾਂ ਗ਼ਰੀਬ ਲੋਕਾਂ ਕੋਲ ਕੋਈ ਆਮਦਨ ਦਾ ਵਸੀਲਾ ਨਹੀਂ ਹੈ, ਜਿਹੜੇ ਮੌਕੇ ਸਿਰ ਬਿਜਲੀ ਦਾ ਬਿੱਲ ਨਹੀਂ ਭਰ ਸਕਦੇ, ਬਿਜਲੀ ਮੁਲਾਜ਼ਮ ਹਰ ਰੋਜ਼ ਉਹਨਾਂ ਦੇ ਮੀਟਰ ਪੁੱਟਕੇ ਦੀਵੇ ਗੁੱਲ ਕਰ ਰਹੇ ਹਨ। ਆਗੂ ਨੇ ਕਿਹਾ ਕਿ ਹਾਕਮ ਜਮਾਤਾਂ ਵੱਖ ਵੱਖ ਸਮੇਂ ਵੱਡੇ ਸਰਮਾਏਦਾਰਾਂ ਤੋਂ ਸਿਰਫ਼ ਚੋਣ ਫੰਡ ਲੈਣ ਦੀ ਖ਼ਾਤਰ ਉਹਨਾਂ ਨੂੰ ਭਾਰੀ ਰਿਆਇਤਾਂ ਦੇ ਗੱਫ਼ੇ ਦਿੰਦੀਆਂ ਆ ਰਹੀਆਂ ਹਨ ਅਤੇ ਚੋਣਾ ਸਮੇਂ ਗ਼ਰੀਬ ਲੋਕਾਂ ਨਾਲ ਕੀਤੀਆਂ ਸਭ ਗਰੰਟੀਆਂ ਠੰਡੇ ਬਸਤੇ ਵਿੱਚ ਪਾ ਦਿੱਤੀਆਂ। ਇੱਕ ਪਾਸੇ ਲਗਾਤਾਰ ਸਰਕਾਰੀ ਖ਼ਜ਼ਾਨਾ ਲੁਟਾਇਆ ਜਾ ਰਿਹਾ ਹੈ। ਦੂਜੇ ਪਾਸੇ ਭਗਵੰਤ ਮਾਨ ਸਰਕਾਰ ਵੱਲੋਂ ਹੋਰ ਕਰਜ਼ਾ ਲੈ- ਲੈ ਕੇ ਪੰਜਾਬ ਦੀ ਜਨਤਾ ਸਿਰ ਕਰੀਬ ਚਾਰ ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਾ ਦਿੱਤਾ ਹੈ। ਆਗੂ ਨੇ ਇਹ ਵੀ ਕਿਹਾ ਕਿ ਭਗਵੰਤ ਮਾਨ ਸਰਕਾਰ ਜਿਹੜੀ ਚੋਣਾਂ ਸਮੇਂ ਝੂਠੇ ਦਮਗਜ਼ੇ ਮਾਰਦੀ ਸੀ ਕਿ ਅਸੀਂ ਤਾਂ ਰੇਤੇ ਵਿੱਚੋਂ ਜਾਂ ਭਿਰਸ਼ਟਾਚਾਰ ਖ਼ਤਮ ਕਰਕੇ ਸਰਕਾਰ ਚਲਾਵਾਂਗੇ, ਅੱਜ ਉਸਦਾ ਹਸ਼ਰ ਸਭ ਦੇ ਸਾਹਮਣੇ ਹੈ। ਆਗੂ ਨੇ ਮੰਗ ਕੀਤੀ ਹੈ ਕਿ ਵੱਡੇ ਸਨਅਤਕਾਰਾਂ ਅਤੇ ਵੱਡੀਆਂ ਜਗੀਰਾਂ- ਜਾਇਦਾਦਾਂ ਦੇ ਮਾਲਕਾਂ ਨੂੰ ਸਭ ਤਰ੍ਹਾਂ ਦੀਆਂ ਰਿਆਇਤਾਂ/ ਸਬਸਿਡੀਆਂ ਦੇਣੀਆਂ ਬੰਦ ਕੀਤੀਆਂ ਜਾਣ, ਪੰਜ ਏਕੜ ਤੱਕ ਵਾਲੇ ਕਿਸਾਨਾਂ ਨੂੰ ਹਰ ਸਹੂਲਤ ਦੇਕੇ ਪੈਰਾਂ ਸਿਰ ਕੀਤਾ ਜਾਵੇ। ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ, ਮਨਰੇਗਾ ਮਜ਼ਦੂਰਾਂ ਨੂੰ ਸਾਰਾ ਸਾਲ ਕੰਮ ਅਤੇ ਦਿਹਾੜੀ ਵਧਾਕੇ ਇੱਕ ਹਜ਼ਾਰ ਕੀਤੀ ਜਾਵੇ। ਔਰਤਾਂ ਦੇ ਖਾਤਿਆਂ ਵਿੱਚ ਇੱਕ ਹਜ਼ਾਰ ਰੁਪਏ ਬਕਾਏ ਸਮੇਤ ਪਾਏ ਜਾਣ। ਦੋ ਰੁਪਏ ਕਿਲੋ ਵਾਲੀ ਕਣਕ ਬਕਾਏ ਸਮੇਤ ਜਾਰੀ ਕੀਤੀ ਜਾਵੇ। ਇਹ ਵੀ ਮੰਗ ਕੀਤੀ ਕਿ ਗ਼ਰੀਬ ਪ੍ਰੀਵਾਰਾਂ ਨੂੰ ਸਵੈ ਰੋਜ਼ਗਾਰ ਦੇ ਲਈ ਤਿੰਨ ਲੱਖ ਰੁਪਏ ਬਿਨ੍ਹਾਂ ਵਿਆਜ਼ ਤੋਂ ਕਰਜ਼ਾ ਦਿੱਤਾ ਜਾਵੇ, ਹੜ੍ਹਾਂ ਵਿੱਚ ਜਿਨ੍ਹਾਂ ਲੋਕਾਂ ਦੇ ਘਰ ਅਤੇ ਡੰਗਰ ਪਸ਼ੂਆਂ ਦਾ ਨੁਕਸਾਨ ਹੋ ਗਿਆ ਹੈ, ਉਹਨਾਂ ਨੂੰ ਯੋਗ ਸਹਾਇਤਾ ਦੇਕੇ ਪੈਰਾਂ ਸਿਰ ਕੀਤਾ ਜਾਵੇ।


