ਗੁਰਦਾਸਪੁਰ, 23 ਸਤੰਬਰ (ਸਰਬਜੀਤ ਸਿੰਘ ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ ਵੱਲੋਂ ਪੰਜ ਦਿਨਾਂ ਮਧੂ ਮੱਖੀ ਪਾਲਣ ਸੰਬੰਧੀ ਸਿਖਲਾਈ ਕੋਰਸ ਲਗਾਇਆ ਗਿਆ ਜਿਸ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ 25 ਸਿੱਖਿਆਰਥੀਆਂ ਨੇ ਸਿਖਲਾਈ ਹਾਸਿਲ ਕੀਤੀ।
ਇਸ ਮੌਕੇ ਡਾ. ਸਰਬਜੀਤ ਸਿੰਘ ਔਲਖ, ਸਹਿਯੋਗੀ ਨਿਰਦੇਸ਼ਕ (ਸਿਖਲਾਈ) ਨੇ ਕਿਹਾ ਕਿ ਕਿਸਾਨਾਂ ਨੂੰ ਕਿਸਾਨੀ ਦੇ ਨਾਲ-ਨਾਲ ਸਹਾਇਕ ਧੰਦਾ ਕਰਨਾ ਵੀ ਬਹੁਤ ਜ਼ਰੂਰੀ ਹੋ ਗਿਆ ਹੈ ਸੋ ਇਸ ਕਰਕੇ ਕਿਸਾਨ ਵੀਰ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸਮੇਂ-ਸਮੇਂ ਤੇ ਲਗਾਏ ਜਾ ਰਹੇ ਵੱਖ-ਵੱਖ ਕਿੱਤਿਆਂ (ਬੱਕਰੀ ਪਾਲਣ, ਸੂਰ ਪਾਲਣ, ਡੇਅਰੀ ਪਾਲਣ, ਖੁੰਬਾਂ ਦੀ ਕਾਸ਼ਤ ਆਦਿ) ਸੰਬੰਧੀ ਸਿਖਲਾਈ ਕੋਰਸਾਂ ਰਾਹੀਂ ਟਰੇਨਿੰਗ ਹਾਸਿਲ ਕਰ ਸਕਦੇ ਹਨ।
ਡਾ. ਰਾਜਵਿੰਦਰ ਕੌਰ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਸਿੱਖਿਆਰਥੀਆਂ ਨੂੰ ਮਧੂ ਮੱਖੀ ਦੀ ਸਰੀਰਕ ਬਣਤਰ, ਵੱਖ-ਵੱਖ ਜਾਤਾਂ, ਮੌਸਮੀ ਸਾਂਭ ਸੰਭਾਲ, ਦੁਸ਼ਮਣ ਕੀੜੇ ਤੇ ਬਿਮਾਰੀਆਂ ਦੀ ਰੋਕਥਾਮ ਅਤੇ ਸ਼ਹਿਦ ਕੱਢਣ ਆਦਿ ਬਾਰੇ ਲਿਖਤੀ ਅਤੇ ਪ੍ਰਯੋਗੀ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਨਰਿੰਦਰਦੀਪ ਸਿੰਘ, ਪਸਾਰ ਮਾਹਿਰ ਨੇ ਸਿੱਖਿਆਰਥੀਆਂ ਨੂੰ ਮਧੂ ਮੱਖੀ ਪਾਲਣ ਦੀ ਆਰਥਿਕ ਵਿਵਸਥਾ ਬਾਰੇ ਜਾਣਕਾਰੀ ਦਿੱਤੀ।ਇਸ ਪ੍ਰੋਗਰਾਮ ਅਧੀਨ ਸਿੱਖਿਆਰਥੀਆਂ ਨੂੰ ਜ਼ਿਲ੍ਹੇ ਦੇ ਉੱਘੇ ਅਤੇ ਸਫਲ ਮਧੂ ਮੱਖੀ ਪਾਲਕਾਂ ਦੇ ਫਾਰਮ ਦਾ ਦੌਰਾ ਵੀ ਕਰਾਇਆ ਗਿਆ। ਸਿਖਲਾਈ ਕੋਰਸ ਦੌਰਾਨ ਸ. ਨਵਤੇਜ ਸਿੰਘ, ਸੀ. ਐੱਫ਼.ਓ. (ਮਾਰਕਫੈੱਡ) ਨੇ ਮਾਰਕਫੈੱਡ ਵੱਲੋਂ ਮਧੂ ਮੱਖੀ ਪਾਲਕਾਂ ਤੋਂ ਸ਼ਹਿਦ ਦੀ ਖ਼ਰੀਦ ਬਾਰੇ ਵਿਸਥਾਰ ‘ਚ ਜਾਣਕਾਰੀ ਦਿੱਤੀ।
ਇਸ ਮੌਕੇ ਗੁਰਦਾਸਪੁਰ ਜ਼ਿਲ੍ਹੇ ਦੇ ਅਗਾਂਹਵਧੂ ਮਧੂ ਮੱਖੀ ਪਾਲਕ ਸ. ਗੁਰਦਿਆਲ ਸਿੰਘ ਅਤੇ ਸ੍ਰੀ ਵਿਜੈ ਕੁਮਾਰ ਨੇ ਸਿੱਖਿਆਰਥੀਆਂ ਨੂੰ ਮਧੂ ਮੱਖੀ ਪਾਲਣ ਲਈ ਉਤਸ਼ਾਹਿਤ ਕੀਤਾ ਅਤੇ ਇਸ ਸੰਬੰਧ ਵਿੱਚ ਕੁਝ ਤਕਨੀਕੀ ਨੁਕਤੇ ਵੀ ਸਾਂਝੇ ਕੀਤੇ।ਇਸ ਮੌਕੇ ਜਾਵੇਦ, ਮੈਨੇਜਰ (ਪੰਜਾਬ ਨੈਸ਼ਨਲ ਬੈਂਕ) ਨੇ ਸਿੱਖਿਆਰਥੀਆਂ ਨੂੰ ਮਧੂ ਮੱਖੀ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਬੈਂਕ ਵੱਲੋਂ ਦਿੱਤੇ ਜਾ ਰਹੇ ਲੋਨ ਬਾਰੇ ਜਾਣਕਾਰੀ ਦਿੱਤੀ।


