ਹੜਾਂ ਦਾ ਪ੍ਰਕੋਪ, ਪ੍ਰਭਾਵਿਤ ਲੋਕਾਂ ਨੂੰ  ਲੋਕ ਹੀ ਬਚਾਅ ਰਹੇ ਹਨ, ਹੜਾਂ ਦੇ ਕਾਰਨਾਂ ਦੀ ਅਦਾਲਤੀ ਜਾਂਚ ਕਰਵਾਈ ਜਾਵੇ- ਅਰਸ਼ੀ

ਮਾਲਵਾ

ਬੁਢਲਾਡਾ, ਗੁਰਦਾਸਪੁਰ, 3 ਸਤੰਬਰ (ਸਰਬਜੀਤ ਸਿੰਘ)–  ਹੜ੍ਹ ਰੋਕੂ ਪ੍ਰਬੰਧਾਂ ਤੇ ਅਮਲ ਵਿੱਚ ਜ਼ੀਰੋ ਕੰਮ ਹੋਇਆ, ਫਿਰ ਇਸ ਲਈ ਰਾਖਵੀਂ ਰਾਸ਼ੀ ਕਿੱਥੇ ਗਈ? ਤੇ ਹੜਾਂ ਦੇ ਕਾਰਨਾਂ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਈ ਜਾਵੇ, ਪੰਜਾਬ ਦੇ ਸਿੰਚਾਈ ਮੰਤਰੀ ਤੇ ਪ੍ਰਮੁੱਖ ਸਕੱਤਰ ਨੂੰ ਜਾਂਚ ਦੇ ਘੇਰੇ ਵਿੱਚ ਲਿਆਂਦਾ ਜਾਵੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀਪੀਆਈ ਦੇ ਕੌਮੀ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਜ਼ਿਲ੍ਹਾ ਮਾਨਸਾ ਦੇ ਬੁਢਲਾਡਾ ਹਲਕੇ ਦੇ ਚਾਂਦਪੁਰਾ ਬੰਨ੍ਹ ਸਮੇਤ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਮਿਲਣ ਉਪਰੰਤ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕੀਤਾ ਹੈ।

ਕਮਿਊਨਿਸਟ ਆਗੂ ਨੇ ਕਿਹਾ ਕਿ ਮਹਾਨ ਪੰਜਾਬੀ ਆਪਣੀ ਵਿਰਾਸਤ ਤੇ ਰਵਾਇਤਾਂ ਤੇ ਪਹਿਰਾ ਦਿੰਦੇ ਹੋਏ ਆਪਣੇ ਹੜ੍ਹ ਪ੍ਰਭਾਵਿਤ ਭਰਾਵਾਂ ਦੀ ਅੱਗੇ ਹੋਕੇ ਬਾਂਹ ਫੜ ਰਹੇ ਹਨ ਜਦੋਂ ਕਿ ਸਰਕਾਰ ਕਿਤੇ ਨਜ਼ਰ ਨਹੀਂ ਆ ਰਹੀ ਹੈ। ਕਾਮਰੇਡ ਅਰਸ਼ੀ ਨੇ ਮੰਗ ਕੀਤੀ ਕਿ ਬੁਰੀ ਤਰ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਪ੍ਰਤੀ ਪਰਿਵਾਰ ਨੂੰ ਤੁਰੰਤ ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ। ਪੂਰੀ ਤਰ੍ਹਾਂ ਤਬਾਹ ਹੋਈ ਫਸਲ ਦਾ ਪ੍ਰਤੀ ਏਕੜ ਪੰਜਾਹ ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ।ਹਰ ਇੱਕ ਮਜ਼ਦੂਰ ਪਰਿਵਾਰ ਨੂੰ ਤੀਹ ਹਜ਼ਾਰ ਰੁਪਏ ਮਾਲੀ ਮੱਦਦ ਦਿੱਤੀ ਜਾਵੇ।

ਕਮਿਊਨਿਸਟ ਆਗੂ ਨੇ ਅੱਗੇ ਕਿਹਾ ਕਿ ਨਵੇਂ ਪਾਣੀ ਦੀ ਆਮਦ ਨੂੰ ਧਿਆਨ ਵਿੱਚ ਰੱਖਦੇ ਹੋਏ 31 ਮਈ ਤੋਂ ਪਹਿਲਾਂ ਡੈਮ ਕਿਉਂ ਖ਼ਾਲੀ ਨਹੀਂ ਕੀਤੇ ਗਏ, ਮੁੱਖ ਮੰਤਰੀ ਜੀ ਜਾਂਚ ਕਰਵਾਕੇ ਜ਼ੁਮੇਵਾਰ ਅਧਿਕਾਰੀਆਂ ਖਿਲਾਫ ਢੁਕਵੀਂ ਕਾਰਵਾਈ ਨੂੰ ਯਕੀਨੀ ਬਣਾਉਣ। ਕਮਿਊਨਿਸਟ ਆਗੂ ਨੇ ਪੰਜਾਬ ਪ੍ਰਤੀ ਕੇਂਦਰੀ ਸਰਕਾਰ ਦੇ ਮਤਰੇਈ ਮਾਂ ਵਾਲੇ ਵਤੀਰੇ ਦੀ ਸਖ਼ਤ ਨਿਖੇਧੀ ਕਰਦੇ ਹੋਏ ਮੰਗ ਕੀਤੀ ਕੀਤੀ  ਪੰਜਾਬ ਨੂੰ ਖੁਲ੍ਹੇ ਦਿਲ ਨਾਲ ਵਿਸ਼ੇਸ਼ ਪੈਕੇਜ ਦਿੱਤਾ ਜਾਵੇ।

ਬਿਆਨ ਦੇ ਅਖੀਰ ਵਿੱਚ ਕਮਿਊਨਿਸਟ ਆਗੂ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਹੜਾਂ ਉਪਰੰਤ ਪਾਣੀ ਨਾਲ ਜੁੜੀਆਂ ਅਨੇਕਾਂ ਬਿਮਾਰੀਆਂ ਲੋਕਾਂ ਨੂੰ ਘੇਰਨਗੀਆਂ ਜਿਸਦੇ ਬਚਾਅ ਲਈ  ਲੋੜੀਂਦੀਆਂ ਦਵਾਈਆਂ ਸਮੇਤ ਸਿਹਤ ਵਿਭਾਗ ਨੂੰ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ।

Leave a Reply

Your email address will not be published. Required fields are marked *